ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਜਨਰਲ ਆਬਜ਼ਰਵਰ ਰਾਜੀਵ ਕੁਮਾਰ, ਪੁਲਿਸ ਆਬਜ਼ਰਵਰ ਸੁਰਿੰਦਰ ਪਾਲ (ਆਈ.ਪੀ.ਐੱਸ), ਖਰਚਾ ਆਬਜ਼ਰਵਰ ਇੰਦਾਨਾ ਅਸ਼ੋਕ ਕੁਮਾਰ (ਆਈ.ਆਰ.ਐਸ) ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਪੱਛਮੀ ਵਿਚ ਪਾਰਦਰਸ਼ੀ ਜ਼ਿਮਨੀ ਚੋਣ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ | ਉਨ੍ਹਾਂ ਕਿਹਾ ਕਿ 17 ਜੂਨ ਨੂੰ ਸ਼ਾਮ 6:00 ਵਜੇ ਤੋਂ 19 ਜੂਨ, ਨੂੰ ਵੋਟਿੰਗ ਪੂਰੀ ਹੋਣ ਤੱਕ ਉਹ ਵਿਅਕਤੀ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ, ਚੋਣ ਪ੍ਰਕਿਰਿਆ ਵਿਚ ਸ਼ਾਮਲ ਹਨ, ਜਾਂ ਰਾਜਨੀਤਿਕ ਪਾਰਟੀਆਂ ਵਿਚ ਲੀਡਰਸ਼ਿਪ ਦੇ ਅਹੁਦੇ ਰੱਖਦੇ ਹਨ ਨੂੰ ਹਲਕੇ ਦੇ ਅੰਦਰ ਰਹਿਣ ਦੀ ਮਨਾਹੀ ਹੈ | ਇਸ ਪਾਬੰਦੀ ਦਾ ਉਦੇਸ਼ ਬਾਹਰੀ ਪ੍ਰਭਾਵ ਨੂੰ ਸੀਮਤ ਕਰਕੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਣਾਈ ਰੱਖਣਾ ਹੈ | ਲੁਧਿਆਣਾ ਪੁਲਿਸ, ਰਿਟਰਨਿੰਗ ਅਫਸਰ (ਲੁਧਿਆਣਾ ਪੱਛਮੀ), ਜ਼ਿਲ੍ਹਾ ਖੁਰਾਕ ਸਿਵਲ ਸਪਲਾਈ, ਆਬਕਾਰੀ ਅਤੇ ਕਰ ਅਧਿਕਾਰੀਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਪਾਰਦਰਸ਼ਤਾ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਹੁਕਮਾਂ ਬਾਰੇ ਸਾਰੀਆਂ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਅਤੇ ਏਜੰਟਾਂ ਨੂੰ ਸੂਚਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਗ਼ੈਰ-ਰਜਿਸਟਰਡ ਵੋਟਰਾਂ 'ਤੇ ਪਾਬੰਦੀਆਂ ਬਾਰੇ ਜਨਤਕ ਐਲਾਨ ਪੱਛਮੀ ਵਿਧਾਨ ਸਭਾ ਖੇਤਰ ਵਿਚ ਕੀਤੇ ਜਾਣਗੇ | ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਨਿਵਾਸੀਆਂ ਨੂੰ ਬਾਹਰੀ ਪ੍ਰਭਾਵ ਤੋਂ ਬਿਨ੍ਹਾਂ ਆਜ਼ਾਦ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ | ਖਾਸ ਕਰਕੇ ਪੋਲਿੰਗ ਤੋਂ ਪਹਿਲਾਂ ਦੇ ਆਖਰੀ 72 ਘੰਟਿਆਂ ਦੌਰਾਨ ਪਾਲਣਾ ਨੂੰ ਹੋਰ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ ਟੀਮਾਂ (ਅੱੈਫ.ਐੱਸ.ਟੀ), ਸਟੈਟਿਕ ਨਿਗਰਾਨੀ ਟੀਮਾਂ (ਐੱਸ.ਐੱਸ.ਟੀ) ਅਤੇ ਆਬਕਾਰੀ ਅਧਿਕਾਰੀਆਂ ਸਮੇਤ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉੱਚ-ਤਕਨੀਕੀ ਜਾਂਚ ਪੋਸਟਾਂ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵੋਟਿੰਗ ਤੋਂ ਪਹਿਲਾਂ ਦੇ ਆਖਰੀ 48 ਘੰਟਿਆਂ ਦੌਰਾਨ ਕਿਸੇ ਵੀ ਵਿਅਕਤੀ, ਚੈਨਲ ਜਾਂ ਪੋਰਟਲ ਦੁਆਰਾ ਕੋਈ ਵੀ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਨਹੀਂ ਕੀਤਾ ਜਾ ਸਕਦਾ |
ਚੋਣ ਪ੍ਰਚਾਰ ਖਤਮ ਹੋਣ ਬਾਅਦ ਹਲਕਾ ਪੱਛਮੀ ਵਿਚ ਬਾਹਰੀ ਵਿਅਕਤੀਆਂ ਦੇ ਰਹਿਣ 'ਤੇ ਪਾਬੰਦੀ <br/>
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਚੋਣ ਅਧਿਕਾਰੀ | ਅਜੀਤ ਤਸਵੀਰ<br/>
17-06-2025