ਲੁਧਿਆਣਾ, 16 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਇਸ ਚੋਣ ਨੂੰ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਚੋਣ ਦੱਸਦੇ ਹੋਏ ਆਸ਼ੂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਚੋਣ ਪੰਜਾਬੀਆਂ ਦੇ ਹੋਂਦ ਦੀ ਲੜਾਈ ਹੈ, ਕਿਉਂਕਿ ਵਿਧਾਨ ਸਭਾ ਪੱਛਮੀ ਦੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਰਸਤਾ ਤੈਅ ਕਰੇਗੀ | ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂਅ 'ਤੇ ਪੰਜਾਬ ਆਰਥਿਕ ਤੌਰ 'ਤੇ 25 ਸਾਲ ਪਛੜ ਗਿਆ ਹੈ, ਸਾਢੇ ਤਿੰਨ ਸਾਲਾਂ ਵਿਚ ਬਾਹਰਲੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਰ.ਐਸ.ਐਸ. ਅਤੇ ਭਾਜਪਾ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਹੀ ਫ਼ੈਸਲਾ ਨਾ ਲਿਆ ਅਤੇ ਸੱਤਾ ਵਿਚ ਬਾਹਰੀ ਲੋਕਾਂ ਦੀ ਦਖਲਅੰਦਾਜ਼ੀ ਬੰਦ ਨਾ ਕੀਤੀ ਗਈ, ਫਿਰ ਨਾ ਤਾਂ ਪੰਜਾਬੀ ਪਹਿਰਾਵਾ ਬਚੇਗਾ, ਨਾ ਪਛਾਣ ਅਤੇ ਨਾ ਹੀ ਮਾਂ-ਬੋਲੀ ਪੰਜਾਬੀ ਬਚੇਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਕਰਜ਼ਾ 4.25 ਲੱਖ ਕਰੋੜ ਤੱਕ ਵੱਧ ਜਾਣਾ ਇਕ ਚਿੰਤਾਜਨਕ ਵਿਸ਼ਾ ਹੈ | ਇਸ ਲਈ ਕਾਂਗਰਸ ਦੇ ਹੱਕ ਵਿਚ ਵੋਟ ਪਾ ਕੇ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਯਕੀਨੀ ਬਣਾਓ ਅਤੇ ਪੰਜਾਬ ਦਾ ਭਵਿੱਖ ਬਚਾਓ | ਇਸ ਮੌਕੇ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਮੈਂਬਰ ਪਾਰਲੀਮੈਂਟ ਅਮਰ ਸਿੰਘ, ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਬਲਵਿੰਦਰ ਬੈਂਸ, ਸੂਬਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਦਲਵਿੰਦਰ ਗੋਲਡੀ, ਵਿਧਾਨ ਸਭਾ ਪੱਛਮੀ ਦੇ ਕੋਆਰਡੀਨੇਟਰ ਰਮੇਸ਼ ਜੋਸ਼ੀ ਅਤੇ ਕਾਂਗਰਸੀ ਆਗੂ ਕੇ.ਕੇ. ਬਾਵਾ ਆਦਿ ਮੌਜੂਦ ਸਨ |
ਭੁਪੇਸ਼ ਬਘੇਲ ਨੇ ਆਸ਼ੂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ ਪੰਜਾਬੀ ਪਹਿਰਾਵਾ, ਪੰਜਾਬੀਆਂ ਦੀ ਪਛਾਣ ਤੇ ਮਾਂ ਬੋਲੀ ਪੰਜਾਬੀ ਬਚਾਉਣ ਲਈ ਕਾਂਗਰਸ ਦੇ ਹੱਕ ਵਿਚ ਪਾਓ ਵੋਟ-ਬਾਜਵਾ, ਵੜਿੰਗ <br/>
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਨਾਲ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ | ਤਸਵੀਰ-ਸੇਵਕ ਸਿੰਘ<br/>
17-06-2025