ਚੰਡੀਗੜ੍ਹ, 16 ਜੂਨ (ਸੰਦੀਪ ਕੁਮਾਰ ਮਾਹਨਾ)ਟ੍ਰਾਈਸਿਟੀ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਇਕ ਵਿਲੱਖਣ ਤੇ ਸਮਾਜਿਕ-ਸੱਭਿਆਚਾਰਕ ਮੁਹਿੰਮ 'ਇਕ ਤਿਲਕ ਅਹਿਲਿਆਬਾਈ ਦੇ ਨਾਂ' ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਇਸ ਮੁਹਿੰਮ ਦਾ ਮਕਸਦ ਲੋਕਾਂ 'ਚ ਉਨ੍ਹਾਂ ਦੀ ਜ਼ਿੰਮੇਵਾਰੀ, ਅਗਵਾਈ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ | ਪ੍ਰੋਗਰਾਮ ਕੋਆਰਡੀਨੇਟਰ ਰੀਤਿਕਾ ਵਰਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 9 ਜੁਲਾਈ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੌਰਾਨ 1 ਲੱਖ ਲੋਕਾਂ ਨੂੰ ਤਿਲਕ ਲਾਇਆ ਜਾਵੇਗਾ, ਜੋ ਕਿ ਧਾਰਮਿਕ ਨਹੀਂ ਬਲਕਿ ਇਕ ਚੇਤਨਾ ਤੇ ਕਿਰਿਆਸ਼ੀਲਤਾ ਦਾ ਪ੍ਰਤੀਕ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕੇਵਲ ਮਹਿਲਾਵਾਂ ਲਈ ਨਹੀਂ, ਸਗੋਂ ਹਰ ਨਾਗਰਿਕ ਲਈ ਹੈ ਜੋ ਅਹਿਲਿਆਬਾਈ ਹੋਲਕਰ ਵਾਂਗ ਸੋਚਦਾ ਹੈ, ਫ਼ੈਸਲੇ ਲੈਂਦਾ ਹੈ ਤੇ ਸਮਾਜ ਲਈ ਖੜ੍ਹਾ ਹੁੰਦਾ ਹੈ | ਮੁਹਿੰਮ ਦੇ ਹਿੱਸੇ ਵਜੋਂ ਬੁਕੋਥਾਨ (ਪੁਸਤਕ ਮਾਰਚ) ਵੀ ਕੱਢਿਆ ਜਾਵੇਗਾ, ਜਿਸ 'ਚ ਲੋਕ ਸੱਭਿਆਚਾਰਕ ਤੇ ਪ੍ਰੇਰਕ ਪੁਸਤਕਾਂ ਦੀ ਵੰਡ ਕਰਨਗੇ | ਨਾਲ ਹੀ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਮੁਸ਼ਕਿਲ ਹਾਲਾਤਾਂ 'ਚ ਵੀ ਦੇਸ਼ ਜਾਂ ਸਮਾਜ ਲਈ ਪ੍ਰੇਰਣਾਦਾਇਕ ਕੰਮ ਕੀਤੇ ਹਨ | ਇਸ ਮੌਕੇ ਜੈਸਮਿਨ, ਆਰਤੀ, ਕੀਰਤੀ ਨਾਇਡੂ, ਪ੍ਰੀਆ ਠਾਕੁਰ, ਦਿਵਾਂਸ਼ੀ ਬੰਸਲ, ਮਧੂ ਅਤੇ ਸ਼ਿਵਾਨੀ ਵੀ ਹਾਜ਼ਰ ਸਨ |