ਲਾਲੜੂ, 24 ਨਵੰਬਰ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ 26 ਨਵੰਬਰ ਨੂੰ 'ਚੰਡੀਗੜ੍ਹ ਚਲੋ ਪ੍ਰੋਗਰਾਮ' ਤਹਿਤ ਚੰਡੀਗੜ੍ਹ ਸੈਕਟਰ 43 ਨੇੜੇ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਵਿਚ ਲੱਖੋਵਾਲ ਬਲਾਕ ਡੇਰਾਬੱਸੀ ਦੀ ਜਥੇਬੰਦੀ ਵੱਡੀ ਗਿਣਤੀ ਕਿਸਾਨਾਂ ਨਾਲ ਸ਼ਮੂਲੀਅਤ ਕਰੇਗੀ | ਇਸ ਸੰਬੰਧੀ ਜਥੇਬੰਦੀ ਦੇ ਦੱਪਰ ਸਥਿਤ ਦਫਤਰ ਵਿਖੇ ਹੋਈ ਇਕ ਮੀਟਿੰਗ ਵਿਚ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਰਹਿੰਦੀਆਂ ਮੁੱਖ ਮੰਗਾਂ ਜਿਵੇਂ ਕਿ ਕੇਂਦਰ ਵਲੋਂ ਦਿੱਲੀ ਅੰਦੋਲਨ ਦੇ ਵੇਲੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣਾ, ਬਿਜਲੀ ਸੋਧ ਬਿਲ 2025 ਨੂੰ ਰੱਦ ਕਰਵਾਉਣਾ, ਹੜ੍ਹ ਪੀੜਤਾਂ ਦੀਆਂ ਮੰਗਾਂ ਮਨਵਾਉਣਾ, ਹੜ੍ਹ ਰੋਕਣ ਦੇ ਲਈ ਪੱਕੇ ਪ੍ਰਬੰਧ ਕਰਵਾਉਣਾ, ਟੈਕਸ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰਨਾ, ਗੰਨਾ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਮਨਵਾਉਣਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਦੀਆਂ ਚੋਣਾਂ ਦੀ ਬਹਾਲੀ ਕਰਵਾਉਣਾ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਅਮਲਾਲਾ ਨੇ 26 ਨਵੰਬਰ ਨੂੰ ਹੋਣ ਵਾਲੇ ਇਸ ਇਕੱਠ ਵਿਚ ਜਥੇਬੰਦੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਸਮੇਤ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਸਿੰਘ ਬਹੋੜਾ, ਨਿੱਕਾ ਸਿੰਘ ਝਰਮੜੀ, ਕੇਹਰ ਸਿੰਘ ਜੰਡਿਆਲਾ, ਹਰਪਾਲ ਸਿੰਘ, ਲਾਲ ਸਿੰਘ ਚਡਿਆਲਾ, ਜਗਤਾਰ ਸਿੰਘ ਜਵਾਹਰਪੁਰ, ਗੁਲਾਬ ਸਿੰਘ ਬੈਰਮਾਜਰਾ, ਰਾਮ ਸਿੰਘ ਜੰਡਲੀ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |