ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)-ਏ. ਟੀ. ਐਸ. ਵੈਲੀ ਸਕੂਲ ਵਿਖੇ ਜੂਨੀਅਰ ਅਤੇ ਸੀਨੀਅਰ ਦੋਵੇਂ ਵਰਗਾਂ ਵਿਚ ਵੱਖ-ਵੱਖ ਗਤੀਵਿਧੀਆਂ ਰਾਹੀਂ ਦੋ ਦਿਨਾਂ 'ਐਥੋਕਲਚਰ 2025' ਸਾਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜੂਨੀਅਰ ਸਪੋਰਟਸ ਮੀਟ ਦਾ ਮੁੱਖ ਵਿਸ਼ਾ 'ਹੈਲਦੀ ਹੋਰਾਈਜ਼ਨਜ਼' ਰਿਹਾ | ਇਸ ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਨੀਤਾ ਜੌਹਰ ਨੇ ਕੀਤੀ | ਇਸ ਦੌਰਾਨ ਬੱਚਿਆਂ ਨੇ ਚਿਕਨ ਡਾਂਸ, ਹੈਲਦੀ ਤੇ ਅਨਹੈਲਦੀ ਚੀਜ਼ਾਂ ਬਾਰੇ ਪੇਸ਼ਕਾਰੀ, ਪਲਾਸਟਿਕ ਨਾ ਵਰਤਣ ਬਾਰੇ ਨਾਟਕ, ਡੰਬਲ ਡਿ੍ਲ, ਮਨਮੋਹਕ ਪਿਰਾਮਿਡ ਅਤੇ ਭੰਗੜੇ ਨਾਲ ਸਭ ਦਾ ਮਨ ਮੋਹ ਲਿਆ | ਅਬਸਟੈਕਲ ਰੇਸ, ਬਨੀ ਐਂਡ ਕੈਰਟਸ, ਮਿਲਕਿੰਗ ਦ ਕਾਉ, ਹੂਲਾ ਹੂਪ ਅਤੇ ਮਜ਼ੇਦਾਰ ਰਿਲੇਅ ਰੇਸਾਂ ਨੇ ਮੈਦਾਨ ਵਿਚ ਖੁਸ਼ੀ ਦੀ ਲਹਿਰ ਭਰ ਦਿੱਤੀ | ਇਸੇ ਤਰ੍ਹਾਂ ਦੂਸਰੇ ਦਿਨ ਕਲਾਸ ਚੌਥੀ ਤੋਂ ਦਸਵੀਂ ਤੱਕ ਦੇ ਬੱਚਿਆਂ ਦੇ ਖੇਡ ਸਮਾਗਮ ਦੇ ਮੁੱਖ ਮਹਿਮਾਨ ਮਨੀਸ਼ ਜੌਹਰ ਸਨ | ਇਸ ਦੌਰਾਨ ਚੇਅਰਪਰਸਨ ਨੀਤਾ ਜੌਹਰ ਅਤੇ ਪਿ੍ੰਸਿਪਲ ਨੀਨਾ ਪਾਂਡੇ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੰਮਤ, ਅਨੁਸ਼ਾਸਨ ਅਤੇ ਟੀਮ ਵਰਕ ਨਾਲ ਸਿੱਖਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਕਲਾਸ 10 ਦੇ ਬੇਹਤਰੀਨ ਨਤੀਜੇ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਬੱਚਿਆਂ ਨੇ ਮਾਰਚ ਪਾਸਟ, 100 ਤੇ 200 ਮੀਟਰ ਦੌੜਾਂ, ਇੰਟਰ-ਹਾਊਸ ਰਿਲੇਅ ਰੇਸ, ਬਿ੍ਕ ਰੇਸ ਅਤੇ ਸ਼ਟਲ ਰੇਸਾਂ ਨਾਲ ਆਪਣੀ ਖੇਡ ਕਾਬਲੀਅਤ ਦਿਖਾਈ ਅਤੇ ਅੰਬਰੇਲਾ ਡਿ੍ਲ, ਸਕਾਰਫ ਡਿ੍ਲ, ਬਾਂਸ ਡਿ੍ਲ, ਤਾਇਕਵਾਂਡੋ ਤੇ ਕਲਰੀਪਾਯੱਟੂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ | ਇਸ ਮੌਕੇ ਮਾਪਿਆਂ ਨੇ ਵੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈ ਕੇ ਬੱਚਿਆਂ ਦਾ ਹੌਸਲਾ ਵਧਾਇਆ | ਇਸ ਸਮਾਗਮ ਦਾ ਅੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਇਆ | ਇਸ ਵਿਚ ਸ਼ਾਮਿਲ ਲੜਕੇ ਅਤੇ ਲੜਕੀਆਂ ਨੇ ਸਿੱਖਾਂ ਦੀ ਜੰਗਜੂ ਖੇਡ ਗਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਸ਼ਿਆਂ ਦੇ ਵਗ ਰਹੇ ਦਰਿਆ ਤੋਂ ਬਚਣ ਲਈ ਸੰਦੇਸ਼ ਦਿੱਤਾ |