ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)-15 ਜੂਨ ਨੂੰ ਬੇਲਾ ਨੇੜੇ ਜਟਾਣਾ ਦੇ ਇਕ ਨੌਜਵਾਨ ਦੀ ਕਾਰ 'ਤੇ ਚੱਲੀਆਂ ਗੋਲੀਆਂ ਵਾਲੀ ਘਟਨਾ ਨੂੰ ਪੁਲਿਸ ਨੇ ਹੱਲ ਕਰ ਲਿਆ | ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਇਥੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 15 ਜੂਨ ਨੂੰ ਆਪਣੀ ਕਰੇਟਾ ਕਾਰ ਨੰਬਰ ਪੀ. ਬੀ. 71 ਬੀ- 8800 'ਤੇ ਹੀ ਗੋਲੀਆਂ ਚਲਾਉਣ ਦੀ ਰਚੀ ਚਾਲ ਪੁਲਿਸ ਨੇ ਝੂਠੀ ਸਾਬਿਤ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਬੇਲਾ ਨੇੜੇ ਅਟਾਰੀ ਪਿੰਡ ਕੋਲ ਤਰਨਜੋਤ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਜਟਾਣਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਕਾਰ 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਫਾਈਰਿੰਗ ਕੀਤੀ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ | ਜਿਸ 'ਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਡੀ. ਐਸ. ਪੀ. ਮਨਜੀਤ ਸਿੰਘ ਔਲਖ, ਥਾਣਾ ਮੁਖੀ ਗੁਰਪ੍ਰੀਤ ਸਿੰਘ ਤੇ ਸੀ. ਆਈ. ਏ. ਸਟਾਫ਼ ਰੂਪਨਗਰ ਦੀ ਅਗਵਾਈ ਹੇਠ ਬਣਾਈਆਂ ਟੀਮਾਂ ਨੇ ਜਦੋਂ ਅਧੁਨਿਕ ਉਪਕਰਨਾਂ ਅਤੇ ਹੋਰ ਸਾਧਨਾਂ ਨਾਲ ਬਰੀਕੀ ਨਾਲ ਕੀਤੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਗੱਡੀ ਦੇ ਸ਼ੀਸ਼ਿਆਂ 'ਤੇ ਗੋਲੀਆਂ ਦੇ ਨਿਸ਼ਾਨ ਦੀ ਥਾਂ ਸੀਸ਼ੇ 'ਤੇ ਪੇਚਕਸ ਰੱਖ ਕੇ ਹਥੋੜੇ ਨਾਲ ਸੱਟ ਮਾਰ ਕੇ ਨਿਸ਼ਾਨ ਬਣਾਏ ਹੋਏ ਹਨ | ਥਾਣਾ ਮੁਖੀ ਨੇ ਦੱਸਿਆ ਕਿ ਜਦੋ ਇਹ ਸਾਫ ਹੋ ਗਿਆ ਕਿ ਉਕਤ ਨਿਸ਼ਾਨ ਖੁਦ ਬਣਾਏ ਹੋਏ ਹਨ, ਤਾਂ ਪੁਲਿਸ ਨੇ ਉਕਤ ਨੌਜਵਾਨ ਤਰਨਜੋਤ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਕੁਝ ਉਗਲ ਦਿੱਤਾ ਤੇ ਦੱਸਿਆ ਕਿ ਇਹ ਕਹਾਣੀ ਉਸ ਨੇ ਨੈਟਫਲਿਕਸ 'ਤੇ ਇਕ ਵੈੱਬ ਸੀਰੀਜ਼ ਵੇਖ ਕੇ ਆਪਣੇ ਪਰਿਵਾਰ 'ਤੇ ਪ੍ਰਭਾਵ ਬਣਾਉਣ ਲਈ ਅਜਿਹਾ ਕੀਤਾ ਹੈ ਤਾਂ ਜੋ ਉਹ ਡਰ ਕੇ ਮੈਨੂੰ ਜਲਦੀ ਵਿਦੇਸ਼ ਭੇਜ ਦੇਣਗੇ | ਥਾਣਾ ਮੁਖੀ ਨੇ ਦੱਸਿਆ ਕਿ ਤਰਨਜੌਤ ਸਿੰਘ 'ਤੇ ਪੁਲਿਸ ਨੇ ਝੂਠੀ ਇਤਲਾਹ ਦੇਣ ਕਾਰਨ ਬੀ. ਐਨ. ਐਸ. ਦੀ ਧਾਰਾ 217 ਅਧੀਨ ਮਾਮਲਾ ਦਰਜ ਕਰਕੇ ਅਮਰੀਕ ਸਿੰਘ ਸਿੱਧੂ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਤੇ ਉੁਸ ਨੂੰ 20 ਜੂਨ ਤੱਕ ਰੂਪਨਗਰ ਦੀ ਜੇਲ੍ਹ ਭੇਜ ਦਿੱਤਾ ਹੈ |