ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ)-ਬੁੱਢਾ ਦਲ ਸਿੱਖ ਧਰਮ ਦੀ ਚੜ੍ਹਦੀਕਲਾ ਲਈ ਦੇਸ਼ ਵਿਦੇਸ਼ 'ਚ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਕਰੇਗਾ | ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ 'ਚ ਪੰਜਾਬ, ਹਰਿਆਣਾ, ਦਿੱਲੀ, ਮੁੰਬਈ, ਮਹਾਂਰਾਸਟਰਾ, ਮੱਧ ਪ੍ਰਦੇਸ਼, ਉਤਰਪ੍ਰਦੇਸ਼, ਉਤਰਾਂਖੰਡ 'ਚ ਸਿੱਖ ਧਰਮ ਦੇ ਦਸ ਗੁਰੂ ਸਾਹਿਬ ਦੇ ਇਲਾਹੀ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਚੱਕ੍ਰਵਰਤੀ ਪ੍ਰੋਗਰਾਮ ਉਲੀਕਿਆਂ ਗਿਆ ਹੈ | ਵੱਖ-ਵੱਖ ਸੂਬਿਆਂ ਦੀਆਂ ਸੰਗਤਾਂ ਨੇ ਬੁੱਢਾ ਦਲ ਨਾਲ ਸੰਪਰਕ ਵੀ ਸਾਧਿਆ ਹੋਇਆ ਹੈ | ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਪ੍ਰੋਗਰਾਮ ਸੰਬੰਧੀ ਦੱਸਿਆ ਕਿ ਪਿਛਲੇ ਸਾਲ ਵੀ ਮੱਧ ਪ੍ਰਦੇਸ਼, ਮਹਾਂਰਾਸਟਰਾ 'ਚ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਵਿਸ਼ਾਲ ਪੱਧਰ 'ਤੇ ਗੁਰਮਤਿ ਪ੍ਰਚਾਰ ਲਹਿਰ ਬੁੱਢਾ ਦਲ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਇਸ ਲਹਿਰ ਦੇ ਬਹੁਤ ਹੀ ਮਹੱਤਵਪੂਰਨ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ 'ਚ ਹੋਏ | ਹਰ ਗੁਰਦੁਆਰਾ ਸਾਹਿਬ 'ਚ ਅਕਾਲੀ ਬਾਬਾ ਫੂਲਾ ਸਿੰਘ ਮਹਾਂਬਲੀ ਦੇ ਜੈਕਾਰੇ ਗੁੰਜੇ | ਸ. ਬੇਦੀ ਨੇ ਦਸਿਆ ਕਿ ਅਮਰੀਕਾ ਦੇ ਪਲੇਨਫੀਲਡ ਇੰਡੀਆਨਾ ਸ਼ਹਿਰ 'ਚ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਨਾਮਪੁਰ ਗੁਰਦੁਆਰਾ ਸਾਹਿਬ ਤੇ ਵਿਸ਼ਾਲ ਨਿਹੰਗ ਸਿੰਘਾਂ ਦੀ ਛਾਉਣੀ ਸਥਾਪਤ ਕੀਤੀ ਗਈ ਜਿਥੇ ਹੁਣ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਅਮਰੀਕਾ ਇਕਾਈ ਬੁੱਢਾ ਦਲ ਦੀ ਅਗਵਾਈ 'ਚ ਹਰ ਸਨਿਚਰਵਾਰ ਅਤੇ ਐਤਵਾਰ ਗੁਰਮਤਿ ਸਮਾਗਮ ਵਿਸ਼ੇਸ਼ ਤੌਰ 'ਤੇ ਸਜਦੇ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ਸਥਿਤ ਛਾਉਣੀ ਦਾ ਸਥਾਪਨਾ ਦਿਵਸ 29 ਜੂਨ ਨੂੰ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ | ਕੈਨੇਡਾ ਵਿਖੇ ਦਲ ਦੀ ਛਾਉਣੀ 'ਚ ਬਾਬਾ ਗੁਰਮੇਲ ਸਿੰਘ ਸੇਵਾ ਨਿਭਾ ਰਹੇ ਹਨ |