ਚੌਂਕ ਮਹਿਤਾ, 17 ਜੂਨ (ਜਗਦੀਸ਼ ਸਿੰਘ ਬਮਰਾਹ)-ਨੇੜਲੇ ਪਿੰਡ ਸੈਦੋਕੇ ਦੇ ਤਪ ਅਸਥਾਨ ਬਾਬਾ ਲਛਮਣ ਦਾਸ ਜੀ ਵਿਖੇ ਸਲਾਨਾ ਧਾਰਮਿਕ ਅਤੇ ਖੇਡ ਮੇਲਾ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਗਾ ਕੇ ਨਿਹਾਲ ਕੀਤਾ ਉਪਰੰਤ ਪ੍ਰਬੰਧਕਾਂ ਵਲੋਂ ਖੇਡ ਮੈਦਾਨ ਵਿਚ ਸੱਤਵਾਂ ਕਬੱਡੀ ਕੱਪ ਕਰਵਾਇਆ ਗਿਆ | ਵੱਖ-ਵੱਖ ਕਬੱਡੀ ਟੀਮਾਂ ਦੇ ਬੜੇ ਦਿਲਚਸਪ ਅਤੇ ਸਾਫ਼ ਸੁਥਰੇ ਕਬੱਡੀ ਮੈਚ ਦੇਖਣ ਨੂੰ ਮਿਲੇ | ਫਾਈਨਲ ਮੈਚ ਬਾਬਾ ਨਾਮਦੇਵ ਕਬੱਡੀ ਕੱਪ ਘੁਮਾਣ ਅਤੇ ਬਾਜੂ ਬੈਂਕਾ ਸੁਰ ਸਿੰਘ ਵਾਲਾ ਤਰਨ ਤਾਰਨ ਦੀਆਂ ਟੀਮਾਂ ਦੇ ਦਰਮਿਆਨ ਹੋਇਆ ਜਿਸ ਨੂੰ ਸੁਰ ਸਿੰਘ ਵਾਲੀ ਟੀਮ ਨੇ ਜਿੱਤ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ | ਬਾਜੂ ਬੈਂਕਾ ਸੁਰ ਸਿੰਘ ਤਰਨ ਤਾਰਨ ਦੀ ਜੇਤੂ ਟੀਮ ਨੂੰ ਐਨਆਰਆਈ ਵੀਰਾਂ ਗਗਨਦੀਪ ਸਿੰਘ ਅਤੇ ਪ੍ਰਗਟ ਸਿੰਘ ਯੂਐਸਏ ਵਲੋਂ 81000- ਅਤੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਦੀ ਉਪ ਜੇਤੂ ਟੀਮ ਨੂੰ ਗੋਪਾ ਯੂ.ਐੱਸ.ਏ. ਵਲੋਂ 71000- ਰੁਪਏ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ | ਪਿੰਡ ਚੌੜਾ ਮੱਧਰਾ ਦੇ ਜੱਸ ਦੀ ਜ਼ਬਰਦਸਤ ਖੇਡ ਕਰਕੇ ਉਸ ਨੂੰ ਨਿਊ ਹਾਲੈਂਡ ਟਰੈਕਟਰ ਦੇ ਕੇ ਨਿਵਾਜਿਆ ਗਿਆ | ਖੇਡ ਮੈਦਾਨ ਵਿਚ ਗੋਰਾ ਉਦੋਕੇ ਨੇ ਪੱਥਰ ਚੁੱਕਿਆ, 32 ਕਿਲੋਮੀਟਰ ਮੈਰਾਥਨ ਦੌੜ ਵਾਲੇ ਗੁਰ ਸਿਮਰਨ ਸਿੰਘ ਪਿੰਡ ਕਲਾਸ ਦੇ ਨੌਜਵਾਨ ਨੇ ਤਕਰੀਬਨ 100 ਚੱਕਰ ਖੇਡ ਮੈਦਾਨ ਦੇ ਲਾਏ ਅਤੇ ਕਾਕਾ ਕਲਾਨੌਰ ਵਾਲੇ ਨੇ ਦੰਦਾਂ ਨਾਲ ਵੀਹ ਇੱਟਾਂ ਚੁੱਕ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ | ਬੂਟਾ ਉਮਰੀਆਣਾ, ਵਿਸ਼ਾਲ ਗੋਦਰਾਏ ਅਤੇ ਰਾਜੂ ਜੌਹਲ ਨੇ ਬੜੀ ਠੇਠ ਠੁੱਕਦਾਰ ਕਬੱਡੀ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਮੇਲੇ ਦੇ ਪ੍ਰਬੰਧਾਂ ਵਿਚ ਜਰਮਨ ਮਝੈਲ, ਪ੍ਰਗਟ ਸਿੰਘ, ਸਰਪੰਚ ਬਲਜੀਤ ਸਿੰਘ, ਜਗਤਾਰ ਸਿੰਘ, ਬਾਬਾ ਦਲਬੀਰ ਸਿੰਘ ਮੁੱਖ ਸੇਵਾਦਾਰ, ਦਵਿੰਦਰ ਸਿੰਘ, ਗੁਰਮੁਖ ਸਿੰਘ ਸੂਬੇਦਾਰ, ਕੁਲਵੰਤ ਸਿੰਘ ਥਾਣੇਦਾਰ, ਟੀਟੂ ਪੰਚ, ਗੁਰਦੀਪ ਸਿੰਘ ਸਦਾਰੰਗ, ਜਸਬੀਰ ਸਿੰਘ ਮਹਿਲਾਂ ਵਾਲੇ, ਸਿਮਰਜੀਤ ਸਿੰਘ ਫੌਜੀ, ਦਵਿੰਦਰ ਸਿੰਘ, ਕੰਵਲ ਸਿੰਘ, ਵਰਿੰਦਰ ਸਿੰਘ ਬਿੰਦੂ ਅਤੇ ਹੋਰ ਸੰਗਤਾਂ ਨੇ ਮੁੱਖ ਰੂਪ ਵਿੱਚ ਹਿੱਸਾ ਲਿਆ |