• ਪਿਸਟਲ ਤੇ ਹੈਰੋਇਨ ਬਰਾਮਦ, ਬਦਮਾਸ਼ ਜ਼ਖ਼ਮੀ, ਹਸਪਤਾਲ 'ਚ ਕਰਵਾਇਆ ਭਰਤੀ
ਅਟਾਰੀ, 17 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ 'ਤੇ ਨਜਦੀਕ ਸਥਿਤ ਪੁਰਾਤਨ ਸਰਕਾਰੀ ਬਾਗ ਦੇ ਪਿਛਲੇ ਪਾਸੇ ਪਾਕਿਸਤਾਨ ਦੀ ਸਰਹੱਦ ਦੇ ਨਜਦੀਕ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਬਦਮਾਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ | ਡੀ. ਐੱਸ. ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਬਦਮਾਸ਼ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁੱਖਾ ਸਿੰਘ ਵਾਸੀ ਅਟਾਰੀ ਜੋ ਕਿ ਪਿਛਲੇ ਦਿਨੀ ਅਟਾਰੀ ਦੇ ਨਜਦੀਕ ਪਿੰਡ ਨੇਸ਼ਟਾ ਵਿਖੇ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਗੋਲੀਆਂ ਚਲਾਉਂਦਾ ਹੋਇਆ ਹੈਰੋਇਨ ਤੇ ਅਸਲਾ ਸੁੱਟ ਕੇ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੋਲੀਆਂ ਚਲਾਉਂਦਾ ਹੋਇਆ ਪੁਲਿਸ ਦੀ ਗਿ੍ਫ਼ਤ ਤੋਂ ਭੱਜ ਗਿਆ ਸੀ ਤੇ ਇਸ ਦੌਰਾਨ ਇਕ ਰਾਹਗੀਰ ਵਿਅਕਤੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ, ਜਿਸ ਦੀ ਭਾਲ ਵਿਚ ਸਥਾਨਕ ਪੁਲਿਸ ਘਰਿੰਡਾ ਦੀ ਪੁਲਿਸ ਪਾਰਟੀ ਉਸੇ ਦਿਨ ਤੋਂ ਹੀ ਹਰਪ੍ਰੀਤ ਸਿੰਘ ਹੈਪੀ ਦੀ ਗਿ੍ਫ਼ਤਾਰੀ ਲਈ ਪਿੱਛਾ ਕਰ ਰਹੀ ਸੀ, ਅੱਜ ਉਕਤ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਜੋ ਕਿ ਭਾਰਤੀ ਅਟਾਰੀ ਸਰਹੱਦ ਦੇ ਨਜਦੀਕ ਬਾਗ ਤੇ ਮੰਦਰ ਦੇ ਪਿਛਲੇ ਪਾਸੇ ਲੁਕਿਆ ਹੋਇਆ ਸੀ, ਪੁਲਿਸ ਨੇ ਘੇਰਾਬੰਦੀ ਕਰਕੇ ਇਸ ਨੂੰ ਗਿ੍ਫਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਅੱਜ ਫਿਰ ਪੁਲਿਸ 'ਤੇ ਫਾਇਰਿੰਗ ਕੀਤੀ, ਜਿਸ ਦੇ ਬਚਾਅ ਲਈ ਪੁਲਿਸ ਵਲੋਂ ਵੀ ਬਦਮਾਸ਼ ਹੈਪੀ 'ਤੇ ਫਾਇਰ ਕੀਤਾ ਗਿਆ, ਜਿਸ 'ਤੇ ਉਸ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ, ਜਿਸ ਨੂੰ ਗਿ੍ਫ਼ਤਾਰ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ | ਹੈਪੀ ਬਦਮਾਸ਼ ਨਾਲ ਹੋਏ ਮੁਕਾਬਲੇ ਤੋਂ ਬਾਅਦ ਸਥਾਨਕ ਜਗ੍ਹਾ ਦੀ ਸਰਚ ਕੀਤੀ ਗਈ ਤਾਂ ਇਕ ਪਿਸਟਲ, ਅੱਧਾ ਕਿਲੋ ਹੈਰੋਇਨ ਤੇ ਇਕ ਮੋਟਰਸਾਈਕਲ ਮਿਲਿਆ, ਜਿਸ 'ਤੇ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕਰਕੇ ਬਾਕੀ ਸਾਥੀਆਂ ਦੀ ਭਾਲ ਲਈ ਪੁਲਿਸ ਪਾਰਟੀ ਦੀ ਟੀਮ ਬਣਾਈ ਗਈ ਹੈ |
ਅਟਾਰੀ ਸਰਹੱਦ ਨਜ਼ਦੀਕ ਬਦਮਾਸ਼ ਤੇ ਪੁਲਿਸ ਦਰਮਿਆਨ ਹੋਇਆ ਮੁਕਾਬਲਾ
ਅਜੀਤ ਡੈਸਕ
18-06-2025