ਚਵਿੰਡਾ ਦੇਵੀ, 4 ਨਵੰਬਰ (ਸਤਪਾਲ ਸਿੰਘ ਢੱਡੇ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਕੀਤੇ ਵਾਅਦਿਆਂ ਮੁਤਾਬਕ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਸਰਵਪੱਖੀ ਵਿਕਾਸ ਕਾਰਜਾਂ, ਲੋਕ ਭਲਾਈ ਦੀਆਂ ਅਨੇਕਾਂ ਸਕੀਮਾਂ ਸਮੇਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਖੁਸ਼ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਸਬਾ ਚਵਿੰਡਾ ਦੇਵੀ ਤੋਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਲਾਡੀ ਨੰਬਰਦਾਰ ਨੂੰ 'ਆਪ' ਪਾਰਟੀ ਵਿਚ ਸ਼ਾਮਿਲ ਕਰਨ ਮੌਕੇ ਕੀਤਾ | ਗਿੱਲ ਨੇ ਨੰਬਰਦਾਰ ਹਰਪਾਲ ਸਿੰਘ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਸੂਬੇ 'ਚ ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਸੱਤਾ 'ਤੇ ਕਾਬਜ ਹੋਣ ਮਗਰੋਂ ਕਿਸੇ ਵੀ ਵਰਕਰ ਦੀ ਕਦੇ ਸਾਰ ਨਹੀਂ ਪੁੱਛੀ, ਪਰ ਹੁਣ ਸਮਾਂ ਬਦਲ ਗਿਆ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਲੋਕ ਹਿੱਤੀ ਫੈਸਲੇ ਲੈ ਕੇ ਆਮ ਜਨਤਾ ਦਾ ਮਨ ਜਿੱਤ ਲਿਆ ਜਿਸ ਕਰਕੇ ਅੱਜ ਵੱਡੀ ਗਿਣਤੀ 'ਚ ਲੋਕ ਆਮ ਆਦਮੀ ਪਾਰਟੀ ਪੱਲਾ ਫੜ ਕੇ ਮਾਣ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੂੰ 'ਆਪ' ਪਾਰਟੀ ਵਲੋਂ ਬਣਦਾ ਮਾਣ-ਸਤਿਕਾਰ ਅਤੇ ਯੋਗ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ | ਇਸ ਮੌਕੇ ਅਜੇਪਾਲ ਸਿੰਘ ਏ.ਪੀ. ਚਵਿੰਡਾ ਦੇਵੀ, ਸਰਪੰਚ ਯੋਗਰਾਜ ਸਿੰਘ ਸਾਧਪੁਰ, ਸਰਪੰਚ ਲਵਪ੍ਰੀਤ ਕੋਟ ਹਿਰਦੇਰਾਮ, ਪ੍ਰਧਾਨ ਬਲਬੀਰ ਸਿੰਘ ਧਰਮਪੁਰਾ ਸਮੇਤ ਵੱਡੀ ਗਿਣਤੀ ਮੋਹਤਬਰ 'ਤੇ 'ਆਪ' ਆਗੂ ਹਾਜ਼ਰ ਸਨ |