31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰਾਜਸਥਾਨ ਅਤੇ ਸਰਹਿੰਦ ਨਹਿਰਾਂ 'ਤੇ ਨਵੇਂ ਬਣੇ ਪੁਲ ਉੱਚੇ- ਸੜਕਾਂ ਨੀਵੀਆਂ

ਅਜੀਤ ਡੈਸਕ 20-06-2025
ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 19 ਜੂਨ- ਰਾਜਸਥਾਨ ਅਤੇ ਸਰਹਿੰਦ ਫ਼ੀਡਰ (ਨਹਿਰਾਂ) 'ਤੇ ਪੁਰਾਣੇ ਬਣੇ ਪੁਲ ਖ਼ਸਤਾ ਹੋ ਚੁੱਕੇ ਸਨ, ਜਿਸ ਕਰਕੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਸੀ, ਜਿਸ ਨੂੰ ਲੈ ਕੇ ਪਿਛਲੇ ਮਹੀਨੇ 'ਚ ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਵਿਚਕਾਰ ਤੇ ਪਿੰਡ ਕੋਟਲੀ ਸੰਘਰ ਤੋਂ ਝਬੇਲਵਾਲੀ ਸੜਕ 'ਤੇ ਪੈਂਦੇ ਪੁਲਾਂ ਨੂੰ ਨਵੀਂ ਤਕਨੀਕ ਨਾਲ ਬਣਾ ਕੇ ਮੁਕੰਮਲ ਕਰ ਦਿੱਤਾ ਗਿਆ ਹੈ, ਜਿਸ ਨਾਲ ਟੁੱਟੇ ਪੁਲਾਂ ਤੋਂ ਤਾਂ ਰਾਹਤ ਮਿਲ ਗਈ ਹੈ, ਪਰ ਪੁਲ ਉੱਚੇ ਹੋਣ ਕਰਕੇ ਨਵੀਂ ਮੁਸੀਬਤ ਬਣ ਗਈ ਹੈ, ਕਿਉਂਕਿ ਪੁਲ 'ਤੇ ਚੜ੍ਹਨ ਵਾਲੀਆਂ ਸੜਕਾਂ ਨੂੰ ਪੁਲ ਦੇ ਨਾਲ ਜੋੜਿਆ ਹੀ ਨਹੀਂ ਗਿਆ, ਉਸ ਜਗ੍ਹਾ 'ਤੇ ਖੱਡੇ ਹਨ ਅਤੇ ਮਿੱਟੀ ਤੇ ਰੋੜਿਆਂ ਨਾਲ ਭਰੇ ਹਨ | ਉੱਚੇ ਪੁਲਾਂ 'ਤੇ ਜਦੋਂ ਗੱਡੀਆਂ ਚੜ੍ਹਦੀਆਂ ਹਨ ਤਾਂ ਬੜੀ ਮੁਸ਼ਕਿਲ ਨਾਲ ਚੜ੍ਹਦੀਆਂ ਹਨ | ਵਜ਼ਨ ਨਾਲ ਲੱਦੀਆਂ ਭਾਰੀਆਂ ਗੱਡੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਕਈ ਵਾਰ ਗੱਡੀਆਂ ਫਸ ਚੁੱਕੀਆਂ ਹਨ | ਪਿਛਲੇ ਦਿਨੀਂ ਕੋਟਲੀ ਸੰਘਰ ਸੁਸਾਇਟੀ ਲਈ ਟਰਾਲੇ ਵਿਚ ਖ਼ਾਦ ਲਿਆਂਦੀ ਜਾ ਰਹੀ ਸੀ, ਪਰ ਟਰੈਕਟਰ-ਟਰਾਲਾ ਪੁਲ 'ਤੇ ਨਹੀਂ ਚੜ੍ਹ ਸਕਿਆ, ਇਥੇ ਟਾਇਰਾਂ ਨੂੰ ਆਸਰਾ ਦੇ ਕੇ ਉੱਥੇ ਹੀ ਠੱਲ੍ਹਣਾ ਪਿਆ, ਜਿਸ ਮਗਰੋਂ ਹੋਰ ਟਰਾਲੀਆਂ ਮੰਗਵਾ ਕੇ ਉਸ ਵਿਚ ਖ਼ਾਦ ਲੱਦੀ ਗਈ | ਪੁਲ ਉੱਪਰ ਚੜ੍ਹਨ ਸਮੇਂ ਤੇ ਦੋਵੇਂ ਨਹਿਰਾਂ ਦੇ ਵਿਚਕਾਰ ਸੜਕਾਂ ਡੂੰਘੀਆਂ ਹੋ ਗਈਆਂ ਹਨ ਅਤੇ ਬਣੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਸਾਰਾ ਦਿਨ ਮਿੱਟੀ ਦੀ ਧੂੜ ਉੱਡਦੀ ਰਹਿੰਦੀ ਹੈ ਅਤੇ ਆਟੋ ਰਿਕਸ਼ਾ ਤੇ ਦੁਪਹੀਆ ਵਾਹਨਾਂ ਵਾਲੇ ਵੀ ਬਹੁਤ ਪ੍ਰੇਸ਼ਾਨ ਹੁੰਦੇ ਹਨ | ਆਉਣ ਵਾਲੇ ਦਿਨਾਂ ਵਿਚ ਛੁੱਟੀਆਂ ਖ਼ਤਮ ਹੋਣ ਮਗਰੋਂ ਸਕੂਲ ਲੱਗਣੇ ਹਨ | ਕਈ ਪਿੰਡਾਂ ਤੋਂ ਸਕੂਲੀ ਬੱਚੇ ਵੈਨਾਂ ਰਾਹੀਂ ਇਨ੍ਹਾਂ ਪੁਲਾਂ ਉੱਤੋਂ ਦੀ ਲੰਘਦੇ ਹਨ, ਜਿਸ ਕਰਕੇ ਲੋਕਾਂ ਨੇ ਬਹੁਤ ਵੱਡਾ ਫ਼ਿਕਰ ਜ਼ਾਹਿਰ ਕੀਤਾ ਹੈ, ਕਿਉਂਕਿ ਕਈ ਵਾਰ ਉੱਡਦੀ ਧੂੜ ਤੇ ਪੁਲ ਉੱਚੇ ਹੋਣ ਕਰਕੇ ਹਾਦਸੇ ਵਾਪਰਦਾ ਡਰ ਹੈ | ਪੁਲ ਬਣਾਉਣ ਵਾਲੇ ਸੰਬੰਧਿਤ ਠੇਕੇਦਾਰ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਤਾਂ ਪੁਲ ਬਣਾਉਣਾ ਸੀ, ਬਣਾ ਦਿੱਤਾ ਹੈ | ਹੁਣ ਸੜਕਾਂ ਨੂੰ ਪੁਲ ਨਾਲ ਸੰਬੰਧਿਤ ਮਹਿਕਮੇ ਮਾਰਕੀਟ ਕਮੇਟੀ ਜਾਂ ਬੀ ਐੱਡ ਆਰ ਨੇ ਜੋੜਨਾ ਹੈ | ਇਸ ਕਰਕੇ ਪੁਲ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਪ੍ਰੀਮਿਕਸ ਪਵਾਉਣਾ ਚਾਹੀਦਾ ਹੈ ਤਾਂ ਜੋ ਖੱਡੇ ਭਰੇ ਜਾ ਸਕਣ ਅਤੇ ਪੁਲ ਦੀ ਉਚਾਈ ਘੱਟ ਹੋ ਸਕੇ, ਜਿਸ ਨਾਲ ਗੱਡੀਆਂ ਨੂੰ ਪੁਲ 'ਤੇ ਚੜ੍ਹਨਾ ਸੌਖਾ ਹੋ ਸਕੇ | ਇਸ ਤੋਂ ਇਲਾਵਾ ਦੋਵੇਂ ਨਹਿਰਾਂ ਦੇ ਵਿਚਕਾਰ ਸੜਕ ਵੀ ਨੀਵੀਂ ਹੈ ਅਤੇ ਉਸ ਵਿਚ ਮਿੱਟੀ ਤੇ ਰੋੜੇ ਵਗੈਰਾ ਸੁੱਟ ਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ | ਜਦੋਂ ਹੁਣ ਏਨਾ ਖ਼ਰਚਾ ਕਰਕੇ ਨਵੇਂ ਪੁਲ ਬਣਾ ਦਿੱਤੇ ਗਏ ਹਨ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪੁਲਾਂ ਨੂੰ ਜੋੜਨ ਵਾਲੀਆਂ ਅਤੇ ਪਟੜੀਆਂ ਦੇ ਵਿਚਕਾਰ ਰਸਤੇ 'ਤੇ ਤੁਰੰਤ ਸੜਕ ਬਣਾਈ ਜਾਵੇ |
ਪਿਛਲੀ ਖ਼ਬਰ ਸਿਲਾਈ ਸੈਂਟਰ 'ਚ ਮੁਫ਼ਤ ਲੈਬ ਟੈਸਟ ਕੈਂਪ ਲਗਾਇਆ ਅਗਲੀ ਖ਼ਬਰ ਵੈਸ਼ਨੂੰ ਦੁਰਗਾ ਮੰਦਰ ਵਿਖੇ ਭਜਨ ਸੰਧਿਆ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।