04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਿੱਦੜਬਾਹਾ ਵਿਖੇ ਰਜਿਸਟਰੀਆਂ ਤੇ ਹੋਰ ਕੰਮਾਂ ਲਈ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ ਲੋਕ

ਅਜੀਤ ਡੈਸਕ 25-12-2025
ਗਿੱਦੜਬਾਹਾ, 24 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਅਕਸਰ ਚਰਚਾ 'ਚ ਚੱਲੀ ਆ ਰਹੀ ਗਿੱਦੜਬਾਹਾ ਤਹਿਸੀਲ ਵਿਖੇ ਆਮ ਲੋਕ ਰਜਿਸਟਰੀਆਂ ਤੋਂ ਇਲਾਵਾ ਹੋਰ ਨਿੱਜੀ ਕਾਨੂੰਨੀ ਕੰਮਕਾਜ ਕਰਵਾਉਣ ਲਈ ਖ਼ੱਜਲ-ਖ਼ੁਆਰ ਹੋ ਰਹੇ ਹਨ, ਜਿਸ ਨੇ ਸੂਬਾ ਸਰਕਾਰ ਵਲੋਂ 'ਈ ਜ਼ੀ ਰਜਿਸਟਰੀਆਂ' 'ਨਾ ਦੇਰੀ ਨਾ ਰਿਸ਼ਵਤ' ਦੇ ਕੀਤੇ ਜਾ ਰਹੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ | ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਅਕਸਰ ਹੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਅਹੁਦੇ 'ਤੇ ਕੋਈ ਵੀ ਅਧਿਕਾਰੀ ਪੱਕੇ ਤੌਰ 'ਤੇ ਟਿਕਿਆ ਹੀ ਨਹੀਂ | ਕੁੱਝ ਸਮਾਂ ਪਹਿਲਾਂ ਤਹਿਸੀਲਦਾਰ ਦੇ ਸੇਵਾ ਮੁਕਤ ਹੋਣ ਉਪਰੰਤ ਨਵੀਂ ਨਿਯੁਕਤੀ ਨਹੀਂ ਹੋਈ ਤੇ ਸਮੁੱਚੇ ਕੰਮਕਾਜ ਦਾ ਬੋਝ ਇਕੱਲੇ ਨਾਇਬ ਤਹਿਸੀਲਦਾਰ ਨੂੰ ਹੀ ਝੱਲਣਾ ਪੈਂਦਾ ਰਿਹਾ | ਜਾਣਕਾਰੀ ਅਨੁਸਾਰ ਹੁਣ ਨਇਬ ਤਹਿਸੀਲਦਾਰ ਵੀ ਸੇਵਾ ਮੁਕਤ ਹੋਣ ਜਾ ਰਹੇ ਹਨ ਤੇ ਉਨ੍ਹਾਂ ਨੇ ਵੀ ਛੁੱਟੀ ਲੈ ਲਈ ਹੈ | ਚਰਚਾ ਇਹ ਹੈ ਕਿ ਇਥੇ ਕੋਈ ਅਧਿਕਾਰੀ ਪੱਕੇ ਤੌਰ 'ਤੇ ਟਿਕਣ ਨੂੰ ਤਿਆਰ ਨਹੀਂ ਹੈ | ਆਪਣੀਆਂ ਰਜਿਸਟਰੀਆਂ ਤੋਂ ਇਲਾਵਾ ਕਾਨੂੰਨੀ ਜ਼ਰੂਰੀ ਕੰਮਾਂ ਲਈ ਆਮ ਲੋਕਾਂ ਨੂੰ ਖ਼ੱਜਲ-ਖ਼ੁਆਰ ਹੋਣਾ ਪੈ ਰਿਹਾ ਹੈ | ਆਪਣੀਆਂ ਰਜਿਸਟਰੀ ਕਰਵਾਉਣ ਲਈ ਤਹਿਸੀਲ ਦਫ਼ਤਰ ਪਹੁੰਚੇ ਪਿੰਡ ਬੱਪਾ ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਬਲਦੇਵ ਸਿੰਘ ਨੇ ਕਿਹਾ ਕਿ ਬੀਤੇ ਤਿੰਨ-ਚਾਰ ਦਿਨਾਂ ਤੋਂ ਰੋਜ਼ਾਨਾ ਲੰਮਾ ਪੈਂਡਾ ਤਹਿ ਕਰਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਗਿੱਦੜਬਾਹਾ ਵਿਖੇ ਆਉਂਦੇ ਹਨ ਤੇ ਇਥੇ ਪਹੁੰਚਣ 'ਤੇ ਪਤਾ ਲਗਦਾ ਹੈ ਕਿ ਅਧਿਕਾਰੀ ਮੌਜੂਦ ਨਹੀਂ ਹਨ | ਹਰਮਨਪ੍ਰੀਤ ਸਿੰਘ ਗੁਰੂਸਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਰਜਿਸਟਰੀਆਂ ਦਾ ਕੰਮ ਸੌਖਾ ਕਰ ਦਿੱਤਾ ਹੈ ਤੇ ਟੋਕਨ ਮਿਲਣ ਉਪਰੰਤ ਤੁਰੰਤ ਰਜਿਸਟਰੀ ਕੀਤੀ ਜਾਵੇਗੀ | ਉਸ ਨੂੰ ਦਫ਼ਤਰ ਵਿਚੋਂ 22 ਦਸੰਬਰ ਨੂੰ ਤਿੰਨ ਟੋਕਨ ਮਿਲਣ ਦੇ ਬਾਵਜੂਦ ਅੱਜ ਤੱਕ ਰਜਿਸਟਰੀ ਨਹੀਂ ਹੋਈ | ਉਸ ਨੂੰ ਦਫ਼ਤਰ ਵਿਚੋਂ ਸੁਨੇਹਾ ਲੱਗਿਆ ਸੀ ਕਿ ਅੱਜ ਰਜਿਸਟਰੀ ਹੋਵੇਗੀ, ਪਰ ਦਫ਼ਤਰ ਪਹੁੰਚਣ 'ਤੇ ਪਤਾ ਲੱਗਿਆ ਹੈ ਕਿ ਅਧਿਕਾਰੀ ਛੁੱਟੀ 'ਤੇ ਹਨ | ਪਿੰਡ ਲਾਲਬਾਈ ਤੋਂ ਬਲਦੇਵ ਸਿੰਘ, ਜਗਦੀਸ਼ ਸਿੰਘ, ਮਨਦੀਪ ਕੌਰ, ਪਿੰਡ ਹੁਸਨਰ ਸਿੰਘ ਦੇ ਮਨਦੀਪ ਸਿੰਘ ਤੇ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਤਿੰਨ-ਚਾਰ ਦਿਨਾਂ ਤੋਂ ਦਫ਼ਤਰ ਦੇ ਗੇੜੇ ਕੱਢ ਰਹੇ ਹਨ, ਪਰ ਹਜ਼ਾਰਾਂ ਰੁਪਏ ਲਗਾਉਣ ਦੇ ਬਾਵਜੂਦ ਰਜਿਸਟਰੀ ਨਾ ਹੋਣ ਕਰਕੇ ਉਨ੍ਹਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ | ਐੱਸ.ਡੀ.ਐੱਮ. ਜਸਪਾਲ ਸਿੰਘ ਵਲੋਂ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਲਦੀ ਹੀ ਰਜਿਸਟਰੀਆਂ ਕਰਨ ਲਈ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਲਗਾ ਰਹੇ ਹਨ |
ਪਿਛਲੀ ਖ਼ਬਰ ਮਲੋਟ ਵਿਖੇ ਸਕੂਲ ਵੈਨਾਂ ਦੀ ਚੈਕਿੰਗ, 18 ਵੈਨਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਸਕੂਲ ਚੇਅਰਮੈਨ ਵਲੋਂ ਬਦਸਲੂਕੀ 'ਤੇ ਅਧਿਆਪਕਾਂ ਵਲੋਂ ਸਮੂਹਿਕ ਅਸਤੀਫ਼ੇ ਦਾ ਮਾਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।