ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰਪਾਲ)-ਬਿਨਾਂ ਲਾਇਸੰਸ ਦੇ ਨਾਜਾਇਜ਼ ਤੌਰ 'ਤੇ ਚੱਲ ਰਹੀ ਪਟਾਕਾ ਫੈਕਟਰੀ ਤੇ ਪੁਲਿਸ ਨੇ ਗੁਪਤਾ ਸੂਚਨਾ ਦੇ ਅਧਾਰ 'ਤੇ ਰੇਡ ਕਰਕੇ ਭਾਰੀ ਮਾਤਰਾ ਵਿਚ ਪਟਾਕੇ ਅਤੇ ਬਾਰੂਦ ਬਰਾਮਦ ਕੀਤਾ ਹੈ | ਇਸ ਮਾਮਲੇ 'ਚ ਪੁਲਿਸ ਨੇ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚੋਂ ਤਿੰਨ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ | ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ਪਾਰਟੀ ਸਣੇ ਗਸ਼ਤ ਤੇ ਚੈਕਿੰਗ ਦੇ ਸਬੰਧ ਵਿਚ ਅਬੋਹਰ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਮੌਜੂਦ ਸਨ, ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਵਾਸੀ ਅਬੋਹਰ ਰੋਡ, ਸ੍ਰੀ ਮੁਕਤਸਰ ਸਾਹਿਬ ਨੇ ਆਪਣੀ ਮਾਲਕੀ ਵਾਲੀ ਥਾਂ ਪਟਾਕੇ ਬਣਾਉਣ ਦੇ ਲਈ ਦਵਿੰਦਰ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਹੈ, ਜਿਥੇ ਦਵਿੰਦਰ ਸਿੰਘ ਬਿਨਾਂ ਲਾਇਸੰਸ ਨਾਜਾਇਜ਼ ਤੌਰ 'ਤੇ ਰਮਨ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਤੋਂ ਪਟਾਕੇ ਬਣਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਦਵਿੰਦਰ ਕੁਮਾਰ, ਰਮਨ ਕੁਮਾਰ ਤੋਂ ਉਕਤ ਥਾਂ 'ਤੇ ਬਿਨਾਂ ਲਾਇਸੰਸ ਨਾਜਾਇਜ਼ ਤੌਰ 'ਤੇ ਪਟਾਕੇ ਬਣਵਾ ਰਿਹਾ ਹੈ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦਵਿੰਦਰ ਕੁਮਾਰ, ਰਮਨ ਕੁਮਾਰ, ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਤੋਂ ਭਾਰੀ ਮਾਤਰਾ ਵਿਚ ਪਟਾਕੇ/ਬਾਰੂਦ ਬਰਾਮਦ ਕੀਤੇ ਜਾ ਸਕਦੇ ਹਨ, ਜਿਸ ਤੇ ਪੁਲਿਸ ਵਲੋਂ ਮੌਕੇ 'ਤੇ ਰੇਡ ਕੀਤੀ ਗਈ ਤਾਂ ਉਥੇ ਭਾਰੀ ਮਾਤਰਾ ਵਿਚ ਪਟਾਕੇ ਅਤੇ ਬਾਰੂਦ ਬਰਾਮਦ ਹੋਇਆ | ਪੁਲਿਸ ਨੇ ਇਸ ਮਾਮਲੇ ਵਿਚ ਰਮਨ ਕੁਮਾਰ, ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਦਵਿੰਦਰ ਕੁਮਾਰ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ | ਪੁਲਿਸ ਨੇ ਚਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |