ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਪਰਾਲੀ ਜਲਾਉਣ ਦੀ ਬਜਾਏ ਇਸ ਦੇ ਸੁਚੱਜੇ ਪ੍ਰਬੰਧਨ ਵੱਲ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਪੱਧਰੀ ਨੁਮਾਇੰਦੇ, ਖੇਤੀਬਾੜੀ ਵਿਭਾਗਾਂ ਸਮੇਤ ਨੋਡਲ ਅਫ਼ਸਰ, ਕਲੱਸਟਰ ਅਫ਼ਸਰਾਂ ਦੀਆਂ ਟੀਮਾਂ ਫ਼ੀਲਡ ਵਿਚ ਜਾ ਕੇ ਲਗਾਤਾਰ ਇਸ ਖੇਤਰ ਵਿਚ ਕਾਰਜ ਕਰ ਰਹੀਆਂ ਹਨ ਤਾਂ ਕਿ ਮੋਗਾ ਨੂੰ ਜ਼ੀਰੋ ਸਟੱਬਲ ਬਰਨਿੰਗ ਜ਼ਿਲ੍ਹਾ ਬਣਾਇਆ ਜਾ ਸਕੇ | ਇਸ ਦੀ ਲਗਾਤਾਰਤਾ ਵਿਚ ਅੱਜ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਵਲੋਂ ਪਿੰਡ ਕੋਕਰੀ ਹੇਰਾਂ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰ ਕੇ ਇਨ ਸੀਟੂ ਅਭਿਆਸ ਦਾ ਨਿਰੀਖਣ ਕੀਤਾ | ਇਨ ਸੀਟੂ ਅਭਿਆਸ ਮੁੱਖ ਤੌਰ 'ਤੇ ਫ਼ਸਲੀ ਰਹਿੰਦ-ਖੂੰਹਦ ਦਾ ਵਾਤਾਵਰਨ ਪੱਖੀ ਪ੍ਰਬੰਧਨ ਹੈ ਜਿਸ ਵਿਚ ਸੁਪਰ ਸੀਡਰ ਅਤੇ ਰੋਟਾਵੇਟਰ ਵਰਗੀਆਂ ਮਸ਼ੀਨਰੀਆਂ ਦੀ ਵਰਤੋਂ ਕਰ ਕੇ ਝੋਨੇ ਦੀ ਪਰਾਲੀ ਨੂੰ ਕੱਟ ਕੇ ਅਤੇ ਇਸ ਨੂੰ ਵਾਪਸ ਮਿੱਟੀ ਵਿਚ ਸ਼ਾਮਿਲ ਕਰ ਕੇ ਪ੍ਰਬੰਧਨ ਕੀਤਾ ਜਾਂਦਾ ਹੈ | ਐਸ.ਡੀ.ਐਮ. ਨੇ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਕੁਦਰਤੀ ਪ੍ਰਬੰਧਨ ਲਈ ਨਿੱਤ ਦਿਨ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਅਤੇ ਸਰਕਾਰੀ ਸਹਾਇਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਕੀਤਾ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ, ਜ਼ਮੀਨ, ਮਨੁੱਖੀ ਜੀਵਨ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ |