ਨਵੀਂ ਦਿੱਲੀ, 15 ਜੂਨ (ਪੀ. ਟੀ. ਆਈ.)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ 2024 'ਚ ਪੰਜਾਬ ਦੇ ਐਸ.ਬੀ.ਐਸ. ਨਗਰ ਜ਼ਿਲ੍ਹੇ 'ਚ ਇਕ ਪੁਲਿਸ ਚੌਕੀ 'ਤੇ ਹੋਏ ਗ੍ਰਨੇਡ ਹਮਲੇ ਨਾਲ ਸੰਬੰਧਿਤ 3 ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਤੇ ਇਸ ਹਮਲੇ ਦੀਆਂ ਤਾਰਾਂ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜ਼ੈਡ.ਐਫ.) ਨਾਲ ਜੁੜੀਆਂ ਹੋਈਆਂ ਹਨ | ਯੁਗਪ੍ਰੀਤ ਸਿੰਘ ਉਰਫ ਯੁਵੀ ਨਿਹੰਗ, ਜਸਕਰਨ ਸਿੰਘ ਉਰਫ ਸ਼ਾਹ ਅਤੇ ਹਰਜੋਤ ਸਿੰਘ ਉਰਫ ਜੋਤ ਹੁੰਦਲ ਸਾਰੇ ਐਸ.ਬੀ.ਐਸ. ਨਗਰ ਦੇ ਰਾਹੋਂ ਪਿੰਡ ਦੇ ਰਹਿਣ ਵਾਲੇ ਹਨ, 'ਤੇ ਸਨਿਚਰਵਾਰ ਨੂੰ ਮੋਹਾਲੀ, ਪੰਜਾਬ ਦੀ ਇਕ ਅਦਾਲਤ 'ਚ ਦਾਇਰ ਚਾਰਜਸ਼ੀਟ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ ਤੇ ਹੋਰ ਸੰਬੰਧਿਤ ਧਾਰਾਵਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ 'ਤੇ ਦੋਸ਼ ਲਗਾਏ ਗਏ ਹਨ | ਅਧਿਕਾਰੀਆਂ ਨੇ ਦੱਸਿਆ ਕਿ ਐਨ.ਆਈ.ਏ. ਨੇ ਕੇ.ਜ਼ੈਡ.ਐਫ. ਮੁਖੀ ਰਣਜੀਤ ਸਿੰਘ ਉਰਫ ਨੀਟਾ ਤੇ ਸੰਗਠਨ ਦੇ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ ਜੱਗਾ (ਮੌਜੂਦਾ ਸਮੇਂ ਯੂਕੇ 'ਚ) ਤੇ ਹੋਰ ਅਣਪਛਾਤਿਆਂ ਵਿਰੱਧ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ |