ਪਿਸਤੌਲ ਦਿਖਾ ਕੇ ਸਾਬਕਾ ਫ਼ੌਜੀ ਤੋਂ 15 ਲੱਖ ਰੁਪਏ ਲੁੱਟੇ
ਅਜੀਤ ਡੈਸਕ
21-06-2025
ਕੋਟਫੱਤਾ (ਬਠਿੰਡਾ), 20 ਜੂਨ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਬਾਰਾ ਸਿੰਘ ਕੋਲੋਂ ਇਕ ਲੜਕੇ ਤੇ ਲੜਕੀ ਵਲੋਂ ਪਿਸਤੌਲ ਦਿਖਾ ਕੇ ਇਕ ਸਾਬਕਾ ਫ਼ੌਜੀ ਤੋਂ 15 ਲੱਖ ਰੁਪਏ ਉਦੋਂ ਖੋਹ ਲਏ ਗਏ, ਜਦੋਂ ਬਠਿੰਡਾ ਦੇ ਇਕ ਬੈਂਕ ਤੋਂ ਪੈਸੇ ਲੈ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ | ਥਾਣਾ ਕੋਟਫੱਤਾ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਮੌੜ ਥਾਣੇ ਅਧੀਨ ਪੈਂਦੇ ਪਿੰਡ ਕੋਟਲੀ ਖ਼ੁਰਦ ਦਾ ਵਾਸੀ ਸਾਬਕਾ ਫ਼ੌਜੀ ਅਵਤਾਰ ਸਿੰਘ ਪੁੱਤਰ ਗੁਰਦੀਪ ਸਿੰਘ, ਜੋ ਕਿ 30 ਅਪ੍ਰੈਲ ਨੂੰ ਸੇਵਾ ਮੁਕਤ ਹੋਇਆ ਸੀ | ਅੱਜ ਬਠਿੰਡਾ ਦੇ ਆਈ.ਡੀ.ਐਫ.ਸੀ. ਬੈਂਕ ਤੋਂ 15 ਲੱਖ ਰੁਪਏ ਕਢਵਾ ਕੇ ਆਪਣੇ ਪਿੰਡ ਕੋਟਲੀ ਖ਼ੁਰਦ ਜਾ ਰਿਹਾ ਸੀ, ਕਿ ਬਠਿੰਡਾ-ਮਾਨਸਾ ਰੋਡ 'ਤੇ ਕੋਟਸ਼ਮੀਰ ਕੋਲ ਇਕ ਪ੍ਰਾਈਵੇਟ ਸਕੂਲ ਦੇ ਨਜ਼ਦੀਕ ਇਕ ਲੜਕੇ ਤੇ ਲੜਕੀ ਵਲੋਂ ਲਿਫ਼ਟ ਮੰਗੀ ਗਈ | ਸਾਬਕਾ ਫ਼ੌਜੀ ਨੇ ਇਸ ਲੜਕੇ ਤੇ ਲੜਕੀ ਨੂੰ ਲਿਫ਼ਟ ਦੇ ਦਿੱਤੀ, ਜਿਨ੍ਹਾਂ ਨੇ ਪਿੰਡ ਗਹਿਰੀ ਬਾਰਾ ਸਿੰਘ ਨਜ਼ਦੀਕ ਜਾਕੇ ਪਿਸਤੌਲ ਦਿਖਾ ਕੇ ਉਸ ਕੋਲੋਂ 15 ਲੱਖ ਰੁਪਏ ਖੋਹ ਲਏ ਤੇ ਉੱਥੇ ਖੜੀ ਆਲਟੋ ਗੱਡੀ 'ਤੇ ਆਪਣੇ ਸਾਥੀ ਨਾਲ ਸਵਾਰ ਹੋ ਕੇ ਪਿੰਡ ਗਹਿਰੀ ਬਾਰਾ ਸਿੰਘ ਵੱਲ ਫ਼ਰਾਰ ਹੋ ਗਏ | ਮੁੱਦਈ ਨੇ ਦੱਸਿਆ ਕਿ ਉਸ ਨੂੰ ਕੋਈ ਜ਼ਹਿਰੀ ਵਸਤੂ ਸੁੰਘਾ ਦਿੱਤੀ ਗਈ, ਜਿਸ ਕਰਕੇ ਉਹ ਏਮਜ਼ ਹਸਪਤਾਲ ਬਠਿੰਡਾ ਵਿਚ ਦਾਖ਼ਲ ਹੈ | ਪੁਲਿਸ ਮੁਤਾਬਿਕ ਮਾਮਲਾ ਸ਼ੱਕੀ ਲੱਗਦਾ ਹੈ, ਜਿਸ ਕਰਕੇ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |