ਕਰਜ਼ਾ ਦਿਵਾਉਣ ਦੀ ਆੜ 'ਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ 6 ਮੈਂਬਰ ਗਿ੍ਫ਼ਤਾਰ 67 ਮੋਬਾਈਲ, 18 ਏ.ਟੀ.ਐਮ., 17 ਸਿੰਮ ਕਾਰਡ, ਇਕ ਲੈਪਟਾਪ, 55 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ <br/>
ਕਾਬੂ ਕੀਤੇ ਗਏ 6 ਮੈਂਬਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ, ਨਾਲ ਐਸ.ਪੀ.(ਡੀ) ਸ੍ਰੀ ਅਸ਼ੋਕ ਸ਼ਰਮਾ ਅਤੇ ਹੋਰ ਅਧਿਕਾਰੀ | ਤਸਵੀਰ : ਰਿੰਪੀ ਸਟੂਡੀਓ
<br/>
21-06-2025
ਬਰਨਾਲਾ, 20 ਜੂਨ (ਰਾਜ ਪਨੇਸਰ)-ਜ਼ਿਲ੍ਹਾ ਸਾਈਬਰ ਕ੍ਰਾਈਮ ਵਲੋਂ ਕਾਲ ਸੈਂਟਰ ਰਾਹੀਂ ਲੋਨ ਕਰਵਾਉਣ ਦੀ ਆੜ 'ਚ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲੇ ਇੰਟਰ ਸਟੇਟ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ ਹੈ | ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਲੰਘੀ 9 ਜੂਨ ਨੂੰ ਤੇਜਾ ਸਿੰਘ ਪੱੁਤਰ ਇੰਦਰ ਸਿੰਘ ਵਾਸੀ ਤਲਵੰਡੀ ਨੇ ਜ਼ਿਲ੍ਹਾ ਸਾਈਬਰ ਕ੍ਰਾਈਮ ਕੋਲ ਇਕ ਬਿਆਨ ਦਰਜ ਕਰਵਾਏ ਸਨ ਕਿ ਉਸ ਕੋਲ ਕਿਸੇ ਨਾਮਾਲੂਮ ਵਿਅਕਤੀ ਦਾ ਫ਼ੋਨ ਆਇਆ ਸੀ ਜਿਸ ਨੇ ਕਿਹਾ ਕਿ ਮੈਂ ਤੁਹਾਡਾ 10 ਲੱਖ ਰੁਪਏ ਦਾ ਲੋਨ ਕਰਵਾ ਦੇਵਾਂਗਾ | ਜਿਸ ਬਦਲੇ ਉਸ ਨੇ ਮੁੱਦਈ ਤੋਂ ਪਹਿਲਾਂ 70 ਹਜ਼ਾਰ ਰੁਪਏ ਅਤੇ ਫਿਰ 21 ਹਜ਼ਾਰ 499 ਰੁਪਏ ਆਪਣੇ ਵਲੋਂ ਦੱਸੇ ਹੋਏ ਖਾਤੇ ਵਿਚ ਪਵਾ ਲਏ ਸਨ | ਬਾਅਦ ਵਿਚ ਉਸ ਵਿਅਕਤੀ ਨੇ ਆਪਣਾ ਫ਼ੋਨ ਬੰਦ ਕਰ ਲਿਆ | ਮੱੁਦਈ ਤੇਜਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਾਈਬਰ ਕ੍ਰਾਈਮ ਵਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਇਕ ਵੱਖਰੀ ਟੀਮ ਬਣਾਈ ਗਈ | ਜਿਸ ਦੀ ਅਗਵਾਈ ਐਸ.ਪੀ. (ਡੀ.) ਅਸ਼ੋਕ ਕੁਮਾਰ, ਐਸ.ਪੀ.(ਐਚ) ਰਾਜੇਸ਼ ਛਿੱਬਰ ਅਤੇ ਸਾਈਬਰ ਕ੍ਰਾਈਮ ਦੇ ਡੀ.ਐਸ.ਪੀ. ਜਤਿੰਦਰਪਾਲ ਸਿੰਘ ਤੇ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਕਮਲਜੀਤ ਸਿੰਘ ਕਰ ਰਹੇ ਸਨ | ਟੀਮ ਨੂੰ ਪਤਾ ਲੱਗਿਆ ਕਿ ਕੁਝ ਵਿਅਕਤੀਆਂ ਨੇ ਗਰੋਹ ਬਣਾਇਆ ਹੋਇਆ ਹੈ | ਉਹ ਕਾਲ ਸੈਂਟਰ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਤਾਂ ਸਾਈਬਰ ਕ੍ਰਾਈਮ ਟੀਮ ਵਲੋਂ ਕਾਲ ਸੈਂਟਰ ਢਕੋਲੀ (ਜ਼ੀਰਕਪੁਰ) ਵਿਖੇ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਪਵਨ ਕੁਮਾਰ ਪੱੁਤਰ ਨਰੇਸ਼ ਕੁਮਾਰ ਵਾਸੀ ਮੁਬਾਰਕਪੁਰ (ਐਸ.ਏ.ਐਸ. ਨਗਰ), ਪਵਨ ਮੇਵਾਰਾ ਪੱੁਤਰ ਨਰਪੱਤ ਸਿੰਘ ਵਾਸੀ ਗਾਜ਼ੀਆਬਾਦ (ਉਤਰ ਪ੍ਰਦੇਸ਼) ਹਾਲ ਆਬਾਦ ਜੋਧਪੁਰ (ਰਾਜਸਥਾਨ), ਅੰਬਿਕਾ ਪੱੁਤਰੀ ਬਾਬੂ ਰਾਮ ਵਾਸੀ ਡਿਰਮੋਲੀ, ਸ਼ਿਮਲਾ (ਹਿਮਾਚਲ ਪ੍ਰਦੇਸ਼), ਜੀ ਚੈਨਾ ਰੈਡੀ ਪੱੁਤਰ ਵਿਸ਼ਵਸਾਰਾ ਰੈਡੀ ਵਾਸੀ ਕੱੜਪਾ (ਆਂਧਰਾ ਪ੍ਰਦੇਸ਼), ਜੱਦਾ ਵੀਰਾ ਸ਼ਿਵਾ ਭਾਗਿਆਰਾਜ ਪੱੁਤਰ ਜੱਦਾ ਰਾਮ ਮੋਹਨ ਵਾਸੀ ਆਂਧਰਾ ਪ੍ਰਦੇਸ਼ ਅਤੇ ਕੋਨਾ ਚਿਰਨਜੀਵੀ ਪੱੁਤਰ ਕੇ. ਮਨੀਕਾਂਤਾ ਵਾਸੀ ਵਿਸਾਖਾਪਟਨਮ (ਆਂਧਰਾ ਪ੍ਰਦੇਸ਼) ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਦਕਿ ਇਸ ਗਰੋਹ ਦਾ ਮੱੁਖ ਸਰਗਨਾ ਅਮਿਤ ਕੁਮਾਰ ਪੱੁਤਰ ਰਾਮ ਲੁਭਾਇਆ ਵਾਸੀ ਜ਼ੀਰਕਪੁਰ ਫ਼ਰਾਰ ਹੈ | ਗਿ੍ਫ਼ਤਾਰ 6 ਜਣਿਆਂ ਤੋਂ 67 ਮੋਬਾਈਲ, 18 ਏ.ਟੀ.ਐਮ., 17 ਸਿੰਮ ਕਾਰਡ, ਇਕ ਲੈਪਟਾਪ, ਇਕ ਸੀ.ਪੀ.ਯੂ., 55 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਹੋਈ ਹੈ | ਇਸ ਮੌਕੇ ਐਸ.ਆਈ. ਸਤਵਿੰਦਰ ਸਿੰਘ ਵੀ ਹਾਜ਼ਰ ਸਨ |