ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਰਾਹੀਂ ਪਹੁੰਚੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸ੍ਰੀ ਮੁਕਤਸਰ ਸਾਹਿਬ ਵਿਖੇ ਅਗਰਵਾਲ ਸਭਾ ਵਲੋਂ ਕਰਵਾਏ ਮਹਾਰਾਜਾ ਅਗਰਸੈਨ ਜਯੰਤੀ ਦੇ ਸਮਾਗਮ 'ਚ ਸ਼ਾਮਿਲ ਹੋਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲਵੇ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਅਤੇ ਪਿਛਲੇ ਦਿਨਾਂ ਵਿਚ ਪੰਜਾਬ ਲਈ 900 ਕਰੋੜ ਰੁਪਏ ਰੇਲਵੇ ਪੁਲਾਂ ਲਈ ਪਾਸ ਕੀਤੇ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਗਲਤੀ ਨਾਲ ਪੰਜਾਬ ਦੇ 10-12 ਜ਼ਿਲ੍ਹੇ ਬੁਰੀ ਤਰ੍ਹਾਂ ਨੁਕਸਾਨੇ ਗਏ | ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਹੜ੍ਹ ਪੀੜ੍ਹਤਾਂ ਲਈ ਮੁੱਖ ਮੰਤਰੀ ਰਾਹਤ ਫੰਡ ਸ਼ੁਰੂ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕਰਕੇ ਇਸ ਵਿਚ ਹੜ੍ਹ ਪੀੜ੍ਹਤਾਂ ਲਈ ਪੈਸੇ ਜਮ੍ਹਾਂ ਕਰਵਾਉਣ ਨੂੰ ਕਿਹਾ ਹੈ | ਉਨ੍ਹਾਂ ਕਿਹਾ ਕਿ ਇਸ ਖਾਤੇ ਵਿਚ ਇਨ੍ਹਾਂ ਨੂੰ ਆਰ.ਟੀ.ਆਈ. ਦਾ ਡਰ ਨਹੀਂ | ਉਨ੍ਹਾਂ ਮਿਸ਼ਨ ਚੜ੍ਹਦੀ ਕਲਾ ਨੂੰ ਲੁੱਟ ਦਾ ਸਾਧਨ ਦੱਸਦਿਆਂ ਕਿਹਾ ਕਿ ਇਸ ਖਾਤੇ ਵਿਚ ਇਕੱਠਾ ਕੀਤਾ ਪੈਸਾ ਸਿਸੋਦੀਆ ਅਤੇ ਕੇਜਰੀਵਾਲ ਦੇ ਘਰਾਂ ਵਿਚ ਜਾਵੇਗਾ ਅਤੇ ਇਸ ਦੀ ਦੁਰਵਰਤੋਂ ਹੋਵੇਗੀ | ਇਸ ਤੋਂ ਇਲਾਵਾ ਇਹ ਪੈਸਾ ਵਿਦੇਸ਼ਾਂ ਵਿਚ ਜ਼ਮੀਨਾਂ ਖਰੀਦਣ ਲਈ ਵਰਤਿਆ ਜਾਵੇਗਾ | ਉਪਰੰਤ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਸੁਣਿਆ ਅਤੇ ਕਈ ਮੰਗਾਂ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ | ਉਹ ਖ਼ੁਦ ਬੂੜਾ ਗੁੱਜਰ ਫਾਟਕ ਤੋਂ ਅਗਲੇ ਫ਼ਾਟਕ ਤੱਕ ਪੈਦਲ ਚੱਲ ਕੇ ਗਏ ਅਤੇ ਸ਼ਹਿਰੀਆਂ ਨੂੰ ਮਿਲੇ |
ਮੁੱਖ ਮੰਤਰੀ ਵਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ 'ਚ ਇਕੱਠੇ ਹੋਏ ਪੈਸੇ ਦੀ ਹੋਵੇਗੀ ਦੁਰਵਰਤੋਂ-ਬਿੱਟੂ <br/>
ਅਜੀਤ ਡੈਸਕ
22-09-2025