ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਵਾਤ ਐਕਸਪ੍ਰੈੱਸ ਰਾਜ ਮਾਰਗ 'ਤੇ ਮਲਕੰਦ ਨੇੜੇ ਇਕ ਭਿਆਨਕ ਹਾਦਸੇ 'ਚ ਖ਼ਾਨਾਬਦੋਸ਼ ਪਰਿਵਾਰਾਂ ਨੂੰ ਲੈ ਕੇ ਜਾ ਰਹੇ ਟਰੱਕ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖ਼ਮੀ ਹੋ ਗਏ | ਇਹ ਘਟਨਾ ਬੁੱਧਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਸਮੂਹ ਸਵਾਤ ਤੋਂ ਫੈਸਲਾਬਾਦ ਜਾ ਰਿਹਾ ਸੀ | ਬਚਾਅ ਅਧਿਕਾਰੀਆਂ ਦੇ ਅਨੁਸਾਰ ਰਾਜ ਮਾਰਗ ਦੇ ਇਕ ਢਲਾਣ ਵਾਲੇ ਹਿੱਸੇ ਤੋਂ ਉੱਤਰਦੇ ਸਮੇਂ ਟਰੱਕ ਦੇ ਬ੍ਰੇਕ ਫੇਲ੍ਹ ਹੋ ਗਏ, ਜਿਸ ਕਾਰਨ ਵਾਹਨ ਪਲਟ ਗਿਆ ਅਤੇ ਖੱਡ 'ਚ ਡਿਗ ਗਿਆ | ਟਰੱਕ 'ਚ ਸਵਾਰ ਸਾਰੇ ਯਾਤਰੀ ਬਹਿਰੀਨ ਅਤੇ ਸਵਾਤ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਖ਼ਾਨਾਬਦੋਸ਼ ਸਨ, ਜੋ ਸਰਦੀਆਂ ਦੇ ਮੌਸਮ ਦੌਰਾਨ ਪੈਣ ਵਾਲੀ ਸਖ਼ਤ ਠੰਡ ਤੋਂ ਬਚਣ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਦੀ ਭਾਲ ਲਈ ਫੈਸਲਾਬਾਦ ਜਾ ਰਹੇ ਸਨ | ਮਿ੍ਤਕਾਂ 'ਚ ਔਰਤਾਂ ਅਤੇ ਬੱਚੇ ਸ਼ਾਮਿਲ ਹਨ | ਡੀ. ਐੱਚ. ਕਿਊ. ਹਸਪਤਾਲ ਬਟਖੇਲਾ ਦੇ ਮੈਡੀਕਲ ਸਟਾਫ਼ ਨੇ ਪੁਸ਼ਟੀ ਕੀਤੀ ਕਿ ਜ਼ਖ਼ਮੀਆਂ 'ਚੋਂ ਕੁਝ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਮਿ੍ਤਕਾਂ ਦੀ ਗਿਣਤੀ ਵੱਧ ਸਕਦੀ ਹੈ |
ਖ਼ਾਨਾਬਦੋਸ਼ ਪਰਿਵਾਰਾਂ ਨੂੰ ਲਿਜਾ ਰਿਹਾ ਟਰੱਕ ਖੱਡ 'ਚ ਡਿੱਗਾ-15 ਮੌਤਾਂ <br/>
ਅਜੀਤ ਡੈਸਕ
17-10-2025