ਆਰ. ਟੀ. ਓ. ਦਫ਼ਤਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਹੋ ਰਹੇ ਖੱਜਲ ਖੁਆਰ
ਅਜੀਤ ਡੈਸਕ
21-06-2025
ਮੋਗਾ, 20 ਜੂਨ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਅਕਸਰ ਹੀ ਲੋਕਾਂ ਨੂੰ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਇਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਅਸਲ ਵਿਚ ਦੇਖਿਆ ਜਾਵੇ ਤਾਂ ਇਹ ਦਾਅਵੇ ਸਿਰਫ਼ ਆਰਡਰਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ | ਆਰ.ਟੀ.ਓ. ਦਫ਼ਤਰ ਮੋਗਾ ਜਿੱਥੇ ਲੋਕ ਰੋਜ਼ਾਨਾ ਵੱਡੀ ਗਿਣਤੀ ਵਿਚ ਆਪਣਾ ਵਹੀਕਲ ਦੇ ਕਾਗ਼ਜ਼ਾਤ ਲਈ ਜਾਂਦੇ ਹਨ, ਵਿਖੇ ਲੋਕਾਂ ਨੂੰ ਵਹੀਕਲਾਂ ਦੀਆਂ ਅਪਰੂਵਲਾਂ ਨਾ ਮਿਲਣ ਕਰਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਸ਼ਹਿਰ ਦੇ ਕੁਝ ਲੋਕਾਂ ਨੇ ਜਿਨ੍ਹਾਂ ਵਿਚ ਅਜੇ ਕੁਮਾਰ, ਰਣਜੀਤ ਸਿੰਘ, ਪਿ੍ਤਪਾਲ ਸਿੰਘ ਅਤੇ ਹੋਰਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਉਹ ਮਈ ਮਹੀਨੇ ਵਿਚ ਆਪਣੇ ਵਾਹਨ ਦੇ ਕਾਗ਼ਜ਼ਾਤ ਮੁਕੰਮਲ ਕਰ ਕੇ ਆਰ.ਟੀ.ਓ. ਦਫ਼ਤਰ ਮੋਗਾ ਵਿਖੇ ਜਮ੍ਹਾ ਕਰਵਾ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਵਾਹਨ ਨੂੰ ਅਪਰੂਵਲ ਨਹੀਂ ਮਿਲੀ | ਇਸੇ ਤਰ੍ਹਾਂ ਹੀ ਮੋਗਾ ਵਾਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀਆਂ ਦੋ ਕਾਰਾਂ ਦੇ ਕਾਗ਼ਜ਼ਾਤ ਮੁਕੰਮਲ ਕਰ ਕੇ ਆਰ.ਟੀ.ਓ ਦਫ਼ਤਰ ਮੋਗਾ ਵਿਖੇ 12 ਮਈ ਨੂੰ ਜਮਾਂ ਕਰਵਾਏ ਹਨ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਵਹੀਕਲਾਂ ਨੂੰ ਅਪਰੂਵਲ ਨਹੀਂ ਮਿਲੀ | ਉਨ੍ਹਾਂ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਸਬੰਧੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਉਸ ਦੇ ਦਾਅਵੇ ਕਰ ਰਹੀ ਹੈ, ਪਰ ਆਰ.ਟੀ.ਓ. ਦਫ਼ਤਰ ਮੋਗਾ ਵਲੋਂ ਕੰਮਕਾਜ ਸਬੰਧੀ ਢਿੱਲ ਵਰਤੀ ਜਾ ਰਹੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮੋਗਾ ਨੂੰ ਬੇਨਤੀ ਕੀਤੀ ਕਿ ਤੁਰੰਤ ਇਸ ਸਬੰਧੀ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਹੱਲ ਕੱਢਿਆ ਜਾਵੇ | ਇਸ ਸਬੰਧੀ ਆਰ.ਟੀ.ਓ. ਮੋਗਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |