ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੌਰਾਨ ਪੰਜਾਬ ਦੇ ਲੋਕ ਸਹਾਇਤਾ ਲਈ ਕਿਸੇ ਨੂੰ ਉਡੀਕਦੇ, ਇਸ ਤੋਂ ਪਹਿਲਾਂ ਇਸ ਦੇ ਪੁੱਤਰਾਂ ਨੇ ਆਪਣੇ ਸਿਰ ਆਪ ਹੀ ਗੁੰਦ ਲਏ | ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਤੇ ਆਰਥਿਕ ਵੱਡੀ ਸੱਟ ਨੂੰ ਬਰਦਾਸ਼ਤ ਕਰਦੇ ਹੋਏ ਪੰਜਾਬ ਦੇ ਬੱਚੇ-ਬੱਚੇ ਨੇ ਆਪਣੇ ਵਿੱਤ ਅਨੁਸਾਰ ਸੇਵਾ ਨਿਭਾਈ ਤੇ ਨਿਭਾ ਰਹੇ ਹਨ | ਧਰਮਕੋਟ ਦੇ 17 ਤੋਂ 18 ਪਿੰਡਾਂ ਦੀ 10-12 ਹਜ਼ਾਰ ਏਕੜ ਸਤਲੁਜ ਦਰਿਆ ਵਿਚ ਵਹਿ ਗਈ ਤੇ ਨਾ ਹੀ ਫ਼ਸਲ ਬਚੀ ਤੇ ਨਾ ਹੀ ਜ਼ਮੀਨ | ਹੁਣ ਨਿਸ਼ਾਨਦੇਹੀ ਕਰਨੀ ਵੀ ਔਖੀ ਹੋ ਗਈ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਵਾਹੀਯੋਗ ਜ਼ਮੀਨ ਇੰਨੀ ਕੁ ਖ਼ਰਾਬ ਹੋ ਗਈ ਹੈ ਕਿ ਕਣਕ ਦਾ ਹੋਣਾ ਨਾ ਹੋਣਾ ਇਕ ਬਰਾਬਰ ਹੈ | ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਨੇ ਅਨੇਕਾਂ ਰਸੋਈ ਦਾ ਸਮਾਨ, ਮੈਡੀਕਲ ਸਹੂਲਤਾਂ, ਚਾਰੇ ਦਾ ਪ੍ਰਬੰਧ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਕ ਦੂਜੇ ਦੀ ਮਦਦ ਕਰਨਾ ਆਪਣਾ ਧਰਮ ਸਮਝਦੇ ਹਨ | ਨਾਲ ਹੀ ਸਾਰੇ ਸੰਸਾਰ ਵਿਚ ਜਿੱਥੇ ਵੀ ਕਿਤੇ ਬਿਪਤਾ ਆਵੇ, ਪੰਜਾਬੀਆਂ ਨੇ ਇਨਸਾਨੀਅਤ ਦੀ ਲੜਾਈ ਲੜਦਿਆਂ ਕੋਈ ਕਸਰ ਬਾਕੀ ਨਹੀਂ ਛੱਡੀ |