ਮੋਗਾ, 21 ਸਤੰਬਰ (ਗੁਰਤੇਜ ਸਿੰਘ ਬੱਬੀ)-ਕੇਂਦਰ ਦੀ ਸਰਕਾਰ ਵਿਚ ਵਿਰੋਧੀ ਧਿਰ ਵਲੋਂ ਜੋ ਦੋਸ਼ ਮੌਜੂਦਾ ਸੱਤਾਧਾਰੀ ਕੇਂਦਰ ਸਰਕਾਰ ਅਤੇ ਇਲੈੱਕਸ਼ਨ ਕਮਿਸ਼ਨਰ ਭਾਰਤ 'ਤੇ ਲਗਾਏ ਗਏ ਹਨ ਕਿ ਵਿਧਾਨ ਸਭਾ ਹਲਕਿਆਂ ਵਿਚ ਜਾਅਲੀ ਵੋਟਾਂ ਬਣਾ ਕੇ ਉਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ ਅਤੇ ਬਾਅਦ ਵਿਚ ਉਨ੍ਹਾਂ ਹੀ ਵੋਟਾਂ ਨੂੰ ਲਾਗ ਇਨ ਕਰਕੇ ਲੁਕੋ ਲਿਆ ਜਾਂਦਾ ਹੈ, ਇਹ ਲੋਕਤੰਤਰ, ਦੇਸ ਅਤੇ ਵੋਟਰਾਂ ਨਾਲ ਇਕ ਵੱਡਾ ਧੋਖਾ ਹੈ ਤੇ ਅਸੀਂ ਦੇਸ ਦੀ ਵਿਰੋਧੀ ਧਿਰ ਨਾਲ ਸਹਿਮਤ ਹਾਂ ਪਰ ਤ੍ਰਾਸਦੀ ਇਹ ਹੈ ਕਿ ਇਸ ਮਾਮਲੇ ਵਿਚ ਇਲੈੱਕਸ਼ਨ ਕਮਿਸ਼ਨ ਆਪਣਾ ਪਾਰਦਰਸ਼ੀ ਰੋਲ ਅਦਾ ਨਹੀਂ ਕਰ ਰਿਹਾ ਜੋ ਕਿ ਬੇਹੱਦ ਮੰਦਭਾਗਾ ਹੈ | ਇਹ ਪ੍ਰਗਟਾਵਾ ਸਿਵਲ ਸੁਸਾਇਟੀ ਅਤੇ ਸਮਾਜਵਾਦੀ ਆਗੂ ਅਜੇ ਸੂਦ ਗੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਹ ਹੁਣ ਹੀ ਨਹੀਂ ਵਾਪਰਿਆ ਸਗੋਂ ਇਹ ਸ਼ੁਰੂ ਤੋਂ ਹੀ ਵਾਪਰ ਰਿਹਾ ਹੈ ਅਤੇ ਦੇਸ਼ ਤੇ ਜ਼ਿਆਦਾ ਸਮਾਂ ਕਾਂਗਰਸ ਨੇ ਰਾਜ ਕੀਤਾ ਅਤੇ ਜਦ ਵੀ ਮਰਹੂਮ ਇੰਦਰਾ ਗਾਂਧੀ ਦੇਸ ਦੀ ਪ੍ਰਧਾਨ ਮੰਤਰੀ ਬਣੀ ਤਾਂ ਉਸ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਚਾਹੇ ਮਾਮਲਾ ਜਾਅਲੀ ਵੋਟਾਂ ਦਾ ਹੋਵੇ ਜਾਂ ਦੇਸ਼ ਤੇ ਠੋਸੀ ਗਈ ਐਮਰਜੰਸੀ ਹੋਵੇ | ਅਜੇ ਸੂਦ ਗੋਰਾ ਨੇ ਕਿਹਾ ਕਿ ਇਲੈੱਕਸ਼ਨ ਸੁਧਾਰਾਂ ਦੇ ਜਗਦੀਸ਼ ਛੋਕਰ ਨੇ ਪੱਚੀ ਸਾਲ ਕਾਨੂੰਨੀ ਲੜਾਈ ਲੜੀ ਉਹ ਸਫਲ ਵੀ ਰਹੇ ਪਰ ਤਾਨਾਸ਼ਾਹੀ ਹਮੇਸ਼ਾ ਹੀ ਭਾਰੂ ਹੋਣ ਕਰਕੇ ਜਗਦੀਸ਼ ਛੋਕਰ ਵੀ ਉਹ ਸੁਧਾਰ ਨਹੀਂ ਕਰਵਾ ਸਕੇ ਜਿਸ ਦਾ ਉਨ੍ਹਾਂ ਸੁਪਨਾ ਸਿਰਜਿਆ ਸੀ | ਉਨ੍ਹਾਂ ਕਿਹਾ ਕਿ ਹੁਣ ਵੀ ਤਾਨਾਸ਼ਾਹੀ ਭਾਰੂ ਹੈ ਤੇ ਇਸ ਨੂੰ ਜੇਕਰ ਬਦਲਣਾ ਹੈ ਤਾਂ ਦੇਸ ਦਾ ਯੂਥ ਸੜਕਾਂ 'ਤੇ ਉਤਰੇ ਪਰ ਉਹ ਆਪਣੀ ਲੜਾਈ ਗਾਂਧੀਵਾਦੀ ਤਰੀਕੇ ਨਾਲ ਲੜੇ ਨਾ ਕਿ ਹਿੰਸਕ ਲੜਾਈ ਲੜੇ |