ਮਲੇਰਕੋਟਲਾ, 17 ਜੂਨ (ਮੁਹੰਮਦ ਹਨੀਫ਼ ਥਿੰਦ)-ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ ਦੇ ਇਮਾਮ ਮੁਫ਼ਤੀ ਮੁਹੰਮਦ ਅਸਦ ਮੁਨੱਬਰ ਦੀ ਰੇਖ-ਦੇਖ ਹੇਠ ਚੱਲ ਰਹੇ ਮਦਰਸਾ ਤਾਲੀਮ-ਉਲ-ਇਸਲਾਮ ਦੇ ਵਿਦਿਆਰਥੀ ਮੁਹੰਮਦ ਯਾਸੀਨ ਪੁੱਤਰ ਮੁਹੰਮਦ ਹਨੀਫ਼ ਅਤੇ ਮੁਹੰਮਦ ਇਮਰਾਨ ਪੁੱਤਰ ਮੁਹੰਮਦ ਸ਼ਰੀਫ਼ ਵਾਸੀ ਕਿਲ੍ਹਾ ਰਹਿਮਤਗੜ੍ਹ ਨੇ ਕਰੀਬ ਡੇਢ ਸਾਲ ਦੇ ਅਰਸੇ ਵਿਚ ਮੁਕੰਮਲ ਕੁਰਾਨ ਸ਼ਰੀਫ਼ ਹਿਫ਼ਜ਼ ਯਾਨੀਕਿ ਮੂੰਹ (ਜ਼ੁਬਾਨੀ) ਯਾਦ ਕੀਤਾ ਹੈ | ਜਿਸ ਦੇ ਮੱਦੇਨਜ਼ਰ ਇਕ ਸਾਦਾ ਸਮਾਰੋਹ ਕਰਵਾਇਆ ਗਿਆ | ਉਪਰੋਕਤ ਜਾਣਕਾਰੀ ਦਿੰਦਿਆਂ ਮੁਫ਼ਤੀ ਮੁਹੰਮਦ ਅਸਦ ਮੁਨੱਬਰ ਨੇ ਦੱਸਿਆ ਕਿ ਉਪਰੋਕਤ ਦੋਵੇਂ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਮੁਫ਼ਤੀ ਮੁਹੰਮਦ ਅਸਰਾਰ ਸਾਹਿਬ ਉਸਤਾਦ ਮਦਰਸਾ ਮਜਾਹਿਰ ਉਲੂਮ ਸਹਾਰਨਪੁਰ (ਯੂ.ਪੀ) ਨੇ ਸ਼ਮੂਲੀਅਤ ਕਰ ਕੇ ਦੋਵੇਂ ਵਿਦਿਆਰਥੀਆਂ ਦੀ ਦਸਤਾਰਬੰਦੀ ਕਰ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ | ਅੰਤ ਵਿਚ ਮੁਫ਼ਤੀ ਮੁਹੰਮਦ ਅਸਰਾਰ ਵਲੋਂ ਇਨਸਾਨੀਅਤ ਦੇ ਭਲੇ ਲਈ ਦੁਆ ਕਾਰਵਾਈ ਗਈ | ਇਸ ਮੌਕੇ ਕਾਰੀ ਮੁਹੰਮਦ ਨੌਸ਼ਾਦ, ਡਾਕਟਰ ਕਮਰ ਆਲਮ, ਮੁਹੰਮਦ ਅਨਵਰ, ਮੁਹੰਮਦ ਸਦੀਕ, ਮੁਹੰਮਦ ਜਮੀਲ, ਮੁਹੰਮਦ ਹਨੀਫ਼, ਮੁਹੰਮਦ ਸ਼ਰੀਫ਼, ਮੁਹੰਮਦ ਅਸਲਮ, ਮਾਸਟਰ ਮੁਹੰਮਦ ਸ਼ਫੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰ ਕੇ ਦੋਵੇਂ ਕੁਰਾਨ ਸ਼ਰੀਫ਼ ਹਿਫ਼ਜ਼ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |