ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਕੈਸ਼ਲੈੱਸ ਟਰੀਟਮੈਂਟ ਆਫ਼ ਰੋਡ ਐਕਸੀਡੈਂਟ ਵਿਕਟਮ ਸਕੀਮ-2025' ਤਹਿਤ ਆਮ ਲੋਕਾਂ ਦੀ ਸਹੂਲਤ ਲਈ ਗਰੀਵੀਐਂਸ ਰਿਡਰੈਸਲ ਅਫ਼ਸਰ ਕੀਤੇ ਨਿਯੁਕਤ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਾਦਸੇ ਦੇ ਪਹਿਲੇ 7 ਦਿਨਾਂ ਦੌਰਾਨ ਡੇਢ ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ | ਇਸ ਸਕੀਮ ਤਹਿਤ ਦੇਸ਼ ਭਰ ਵਿਚ 30 ਹਜ਼ਾਰ ਦੇ ਕਰੀਬ ਸੂਚੀਬੱਧ ਹਸਪਤਾਲ ਹਨ ਜਿੱਥੇ ਸਕੀਮ ਤਹਿਤ ਮਰੀਜ਼ ਦਾ ਇਲਾਜ ਕਰਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 'ਗੋਲਡਨ ਆਵਰ' ਵਿਚ ਮਰੀਜ਼ ਨੂੰ ਮੈਡੀਕਲ ਸਹੂਲਤ ਮਿਲ ਜਾਂਦੀ ਹੈ ਅਤੇ ਪਰਿਵਾਰ ਦਾ ਵਿੱਤੀ ਬੋਝ ਘਟ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 3 ਅਫ਼ਸਰਾਂ ਨੂੰ ਜ਼ਿਲ੍ਹਾ ਬਰਨਾਲਾ ਲਈ ਗਰੀਵੀਐਂਸ ਰਿਡਰੈਸਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਵਿਚ ਰੀਜਨਲ ਟਰਾਂਸਪੋਰਟ ਅਫ਼ਸਰ ਹਰਪ੍ਰੀਤ ਸਿੰਘ ਅਟਵਾਲ, ਡੀ.ਐੱਸ.ਪੀ. (ਐਚ) ਪਰਮਜੀਤ ਸਿੰਘ ਡੋਡ ਅਤੇ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਸ਼ਾਮਿਲ ਹਨ |