ਮਹਿਲ ਕਲਾਂ, 20 ਜੂਨ (ਅਵਤਾਰ ਸਿੰਘ ਅਣਖੀ)-ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵਲੋਂ ਵਿਸ਼ਾਲ ਰੈਲੀ 27 ਜੂਨ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਭਾਈ ਲਾਲੋ ਪੰਜਾਬੀ ਮੰਚ ਦੇ ਕਨਵੀਨਰ ਹਰਜੀਤ ਸਿੰਘ ਖ਼ਿਆਲੀ ਨੇ ਰੈਲੀ ਦੀ ਤਿਆਰੀ ਸਬੰਧੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ, ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਦੇ ਆਗੂਆਂ, ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਬੋਲਦਿਆਂ ਕਾਮਰੇਡ ਪਰਮਜੀਤ ਕੌਰ ਗੁੰਮਟੀ, ਬਲਦੇਵ ਸਿੰਘ ਸਹਿਜੜਾ, ਮੇਜਰ ਸਿੰਘ ਸਹਿਜੜਾ ਨੇ ਸਮੂਹ ਕਿਰਤੀ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਰੈਲੀ ਦਾ ਮੁੱਖ ਮਕਸਦ ਮਨਰੇਗਾ ਤਹਿਤ ਮਜ਼ਦੂਰਾਂ ਦੇ ਲੰਬੇ ਸਮੇਂ ਤੋਂ ਬਕਾਇਆ ਦਾ ਭੁਗਤਾਨ, ਸੀ.ਐੱਚ.ਸੀ. ਮਹਿਲ ਕਲਾਂ 'ਚ ਡਾਕਟਰਾਂ ਤੇ ਹੋਰ ਕਰਮਚਾਰੀਆਂ ਦੀਆਂ ਖ਼ਾਲੀ ਅਸਾਮੀਆਂ ਦੀ ਪੂਰਾ ਕਰਵਾਉਣਾ ਹੈ | ਆਗੂਆਂ ਨੇ ਕਿਹਾ ਕਿ ਕਹਿਰ ਦੀ ਮਹਿੰਗਾਈ ਦੇ ਦੌਰ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਮਜ਼ਦੂਰ ਪਰਿਵਾਰਾਂ ਦੇ ਚੱੁਲ੍ਹੇ ਠੰਢੇ ਹੋ ਕੇ ਰਹਿ ਗਏ ਹਨ | ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਅੱਜ ਮਜ਼ਦੂਰ ਵਰਗ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਝਾਕ ਛੱਡ ਕੇ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਈ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਆਵਾਜ਼ ਬੁਲੰਦ ਕਰਨੀ ਪਵੇਗੀ | ਇਸ ਮੌਕੇ ਆਗੂਆਂ ਨੇ ਮਜ਼ਦੂਰਾਂ ਨੂੰ ਡਿਊਟੀਆਂ ਵੰਡ ਕੇ ਕਾਫ਼ਲਿਆਂ ਦੇ ਰੂਪ ਵਿਚ 27 ਜੂਨ ਨੂੰ ਦਾਣਾ ਮੰਡੀ ਮਹਿਲ ਕਲਾਂ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਪੂਰਨ ਸਿੰਘ ਗਹਿਲ, ਜਗਸੀਰ ਸਿੰਘ ਖ਼ਿਆਲੀ, ਅਮਨ ਮਾਂਗੇਵਾਲ, ਕੁਲਵੰਤ ਕੌਰ ਸੱਦੋਵਾਲ, ਦਰਸ਼ਨ ਸਿੰਘ ਸੋਹੀਆਂ, ਮੁਖ਼ਤਿਆਰ ਸਿੰਘ ਧਨੇਰ, ਬਸੰਤ ਸਿੰਘ, ਦੇਵ ਸਿੰਘ ਲੋਹਗੜ੍ਹ, ਸ਼ਿੰਗਾਰਾ ਸਿੰਘ, ਅੰਮਿ੍ਤਪਾਲ ਸਿੰਘ, ਬਲਿਹਾਰ ਸਿੰਘ ਮੂੰਮ, ਸਿਮਰਜੀਤ ਕੌਰ, ਮਨਜੀਤ ਕੌਰ ਮਹਿਲ ਕਲਾਂ, ਅਮਨਦੀਪ ਕੌਰ ਆਦਿ ਹਾਜ਼ਰ ਸਨ |