ਦਿੜ੍ਹਬਾ ਮੰਡੀ, 21 ਸਤੰਬਰ (ਛਾਜਲੀ) - ਦਿੜ੍ਹਬਾ ਵਿਖੇ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਵਾਸੀ ਨਨਕੂ ਆਪਣੇ ਸਾਥੀ ਨੰਦਪਾਲ ਸਿੰਘ ਨਾਲ ਬੱਸ ਸਟੈਂਡ ਨੇੜੇ ਟੈਂਪੂ 'ਤੇ ਸਬਜ਼ੀ ਵੇਚਦਾ ਹੈ | ਪ੍ਰਵਾਸੀ ਨਾਨਕੂ ਨੇ ਦੱਸਿਆ ਕਿ ਜਦ ਟੈਂਪੂ ਤੇ ਸਬਜ਼ੀ ਵੇਚ ਰਹੇ ਸਨ ਤਾਂ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਸਾਥੀ ਨੰਦਪਾਲ ਦੇ ਕਾਫੀ ਸੱਟਾਂ ਲੱਗੀਆਂ | ਜਿਸ ਨੂੰ ਹਸਪਤਾਲ ਸੰਗਰੂਰ 'ਚ ਦਾਖਲ ਕਰਵਾਇਆ ਗਿਆ ਹੈ | ਸਬਜ਼ੀ ਵਾਲੇ ਟੈਂਪੂ ਦੀ ਬੂਰੀ ਤਰਾਂ ਨਾਲ ਤੋੜ-ਭੰਨ ਕੀਤੀ | ਝਗੜੇ ਕਾਰਨ ਸ਼ਹਿਰ ਵਿਚ ਦਹਿਸ਼ਤ ਫੈਲ ਗਈ | ਮੌਕੇ 'ਤੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਵੀ ਬੱਸ ਸਟੈਂਡ ਨੇੜੇ ਹੀ ਰੇਹੜੀ ਲਗਾਉਂਦੇ ਹਨ | ਜਿਸ ਕਰ ਕੇ ਮਾਮਲਾ ਦੋਨੋਂ ਧਿਰਾਂ ਦਾ ਆਪਸੀ ਹੈ | ਥਾਣਾ ਮੁਖੀ ਇੰਸਪੈਕਟਰ ਕਮਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ | ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |