ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਕੋਲਾ ਪਾਰਕ ਮਾਰਕੀਟ ਜਿੱਥੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਓਵਰ ਫਲੋਅ ਦੀ ਸਮੱਸਿਆ ਦੇ ਨਾਲ ਬਦਬੂ ਅਤੇ ਮੱਛਰਾਂ ਦੀ ਭਰਮਾਰ ਸੀ, ਵਿਖੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਖ਼ੁਦ ਮਾਰਕੀਟ ਵਿਚ ਪੁੱਜ ਕੇ ਕੌਂਸਲ ਦੀ ਟੀਮ ਤੋਂ ਆਪਣੀ ਨਿਗਰਾਨੀ ਹੇਠ ਸਫ਼ਾਈ ਕਰਵਾਈ ਜਿਸ ਨਾਲ ਦੁਕਾਨਦਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ | ਦੁਕਾਨਦਾਰਾਂ ਨੇ ਪ੍ਰਧਾਨ ਨੂੰ ਦੱਸਿਆ ਕਿ ਜਦੋਂ ਬਰਸਾਤਾਂ ਦੌਰਾਨ ਇੱਥੇ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਕਾਰੋਬਾਰ ਠੱਪ ਹੋ ਜਾਂਦੇ ਹਨ | ਕੁਝ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਨੇੜਲੀ ਗਊਸ਼ਾਲਾ ਦਾ ਗੋਹਾ ਲਗਾਤਾਰ ਕੋਲਾ ਪਾਰਕ ਮਾਰਕੀਟ ਵੱਲ ਆਉਂਦਾ ਰਹਿੰਦਾ ਹੈ ਜਿਸ ਕਾਰਨ ਮਾਰਕੀਟ ਦਾ ਸੀਵਰੇਜ ਨਿਕਾਸ ਬੰਦ ਹੋ ਜਾਂਦਾ ਹੈ | ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ, ਬਸ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਖ਼ਾਸ ਕਰ ਕੇ ਖਾਣ ਪੀਣ ਵਾਲੀਆਂ ਦੁਕਾਨਾਂ ਵਾਲੇ ਆਪਣੀ ਵੇਸਟੇਜ ਇੱਧਰ ਉੱਧਰ ਸੁੱਟਣ ਦੀ ਬਜਾਏ ਇਕੱਠੀ ਕਰ ਕੇ ਸਫ਼ਾਈ ਸੇਵਕ ਨੂੰ ਪਾਉਣ ਤਾਂ ਜੋ ਸਫ਼ਾਈ ਰਹਿ ਸਕੇ |