ਸੰਗਰੂਰ, 17 ਅਕਤੂਬਰ (ਧੀਰਜ ਪਸੋਰੀਆ) - ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, ਲੁਧਿਆਣਾ ਦੀ ਅਗਵਾਈ ਹੇਠ 13 ਤੋਂ 17 ਅਕਤੂਬਰ ਤੱਕ 'ਬੇਕਰੀ ਅਤੇ ਕਨਫੈਕਸ਼ਨਰੀ' ਵਿਚ ਹੁਨਰ ਵਿਕਾਸ ਸਬੰਧੀ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੀਆਂ 20 ਕਿਸਾਨ ਬੀਬੀਆਂ ਅਤੇ ਨੌਜਵਾਨ ਕਿਸਾਨਾਂ ਨੇ ਭਾਗ ਲਿਆ | ਡਾ. ਮਨਦੀਪ ਸਿੰਘ, ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਭਾਗ ਲੈਣ ਵਾਲਿਆਂ ਦਾ ਨਿੱਘਾ ਸੁਆਗਤ ਕਰਦੇ ਹੋਏ ਸਿਖਿਆਰਥੀਆਂ ਨੂੰ ਸਵੈ-ਸਹਾਇਤਾ ਸਮੂਹ ਬਣਾਉਣ ਅਤੇ ਵਪਾਰਕ ਉੱਦਮ ਦੇ ਮੌਕਿਆਂ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਮਨਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੇ ਉਤਪਾਦਾਂ ਦੇ ਉਤਪਾਦਨ ਅਤੇ ਨੈਤਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ | ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਅਤੇ ਸਿਖਲਾਈ ਪ੍ਰੋਗਰਾਮ ਦੇ ਕੋਰਸ ਕੋਆਰਡੀਨੇਟਰ ਨੇ ਕੇਕ, ਬਿਸਕੁਟ, ਕੁਕੀਜ਼ ਅਤੇ ਚਾਕਲੇਟਾਂ ਸਮੇਤ ਵੱਖ-ਵੱਖ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਦੀ ਸਿਖਲਾਈ ਦਿੱਤੀ | ਵਿਦਿਆਰਥਣਾਂ ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਇੱਕ ਸਫਲ ਉੱਦਮੀ ਬਣਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ ਅਤੇ ਕੇਕ ਬੇਕਿੰਗ ਵਿਚ ਮਾਸਟਰ ਟਰੇਨਰ ਵੱਜੋਂ ਹੱਥੀਂ ਸਿਖਲਾਈ ਦਿੱਤੀ | ਸਮਾਪਤੀ ਵਾਲੇ ਦਿਨ ਇੱਕ ਬੇਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ | ਜਿੱਥੇ ਸਿਖਿਆਰਥੀਆਂ ਨੇ ਕਈ ਤਰ੍ਹਾਂ ਦੇ ਸੁਆਦੀ ਬੇਕਡ ਉਤਪਾਦ ਤਿਆਰ ਕਰ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਆਮਦਨ ਪੈਦਾ ਕਰਨ ਲਈ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ |