ਜ਼ੀਰਾ,18 ਜੂਨ (ਰਜਨੀਸ਼ ਕਥੂਰੀਆ)-ਦੁਨੀਆ ਨੂੰ ਇਕ ਮੰਡੀ ਦੇ ਰੂਪ ਵਿਚ ਵੇਖ ਰਹੇ ਵੱਖ-ਵੱਖ ਵੱਡੇ ਦੇਸ਼ਾਂ ਦੇ ਹਾਕਮਾਂ ਦੀਆਂ ਦੀਆਂ ਵਿਕਾਸਵਾਦੀ ਮਾਡਲ ਨੀਤੀਆਂ ਦੇ ਚੱਲਦਿਆਂ ਮੌਜੂਦਾ ਸਮੇਂ ਵਿਚ ਅਸੀਂ ਬਹੁਤ ਹੀ ਸੰਕਟਮਈ ਦੌਰ ਵਿਚੋਂ ਲੰਘ ਰਹੇ ਹਾਂ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਲਸ ਮੰਚ (ਪੰਜਾਬ ਲੋਕ ਸਭਿਆਚਾਰਕ ਮੰਚ) ਦੇ ਪ੍ਰਧਾਨ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਕਨਵੀਨਰ ਅਤੇ ਸਮਾਜਿਕ ਚਿੰਤਕ ਅਮੋਲਕ ਸਿੰਘ ਨੇ ਅਮਨ ਹਸਪਤਾਲ ਜ਼ੀਰਾ ਵਿਖੇ ਹਸਪਤਾਲ ਦੇ ਪ੍ਰਬੰਧਕ ਅਤੇ ਕਾਲਮ ਨਵੀਸ ਗੁਰਚਰਨ ਨੂਰਪੁਰ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਤਰੱਕੀ ਅਤੇ ਵਿਕਾਸ ਦੇ ਨਾਮ 'ਤੇ ਕੁਦਰਤੀ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਨਾਲ ਵੱਡੇ ਪੱਧਰ ਤੇ ਖਿਲਵਾੜ ਕੀਤਾ ਜਾ ਰਿਹਾ ਹੈ | ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਕੁਦਰਤੀ ਆਫ਼ਤਾਂ ਵਿਚ ਵਾਧਾ ਹੋਵੇਗਾ ਅਤੇ ਮਸਨੂਈ ਬੁੱਧੀ ਦੇ ਚੱਲਦਿਆਂ ਪਹਿਲਾਂ ਹੀ ਵੱਡੇ ਪੱਧਰ ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿਚ ਆਰਥਿਕ ਸੰਕਟ ਕਾਰਨ ਭੁੱਖਮਰੀ ਦੇ ਚੱਲਦਿਆਂ ਖ਼ਾਨਾ-ਜੰਗੀ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਉਹਨਾਂ ਕਿਹਾ ਕਿ ਸਮਾਂ ਰਹਿੰਦਿਆਂ ਜੇਕਰ ਸਰਕਾਰਾਂ ਨੇ ਇਸ ਪਾਸੇ ਧਿਆਨ ਦੇ ਕੇ ਇਹਨਾਂ ਸਮੱਸਿਆਵਾਂ ਦਾ ਦਾ ਬਦਲ ਨਾ ਲੱਭਿਆ ਤਾਂ ਅਨੇਕਾਂ ਦੇਸ਼ਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਹੋਰ ਆਖਿਆ ਕਿ ਇੱਥੇ ਹੀ ਬੱਸ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਵਿਚ ਵਖਰੇਵੇਂ ਵਧਾਏ ਜਾ ਰਹੇ ਹਨ | ਉਹਨਾਂ ਨੂੰ ਜਾਤਾਂ ਧਰਮਾਂ ਅਤੇ ਫ਼ਿਰਕਿਆਂ ਦੇ ਨਾਂ 'ਤੇ ਵੰਡਿਆ ਜਾ ਰਿਹਾ ਹੈ | ਮਨੁੱਖ ਦੀ ਆਜ਼ਾਦੀ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਜਿਸ ਦੀਆਂ ਅਲਾਮਤਾਂ ਵਿਸ਼ਵ ਪੱਧਰ ਵੱਡੇ ਸੰਕਟ ਪੈਦਾ ਹੋਣ ਵੱਲ ਇਸ਼ਾਰਾ ਕਰ ਰਹੀਆਂ ਹਨ | ਇਸ ਮੌਕੇ ਗੁਰਚਰਨ ਨੂਰਪੁਰ ਅਤੇ ਉਹਨਾਂ ਦੇ ਸਮੁੱਚੇ ਸਟਾਫ਼ ਡਾ. ਅਮਨਦੀਪ ਕੌਰ, ਡਾ. ਸੰਦੀਪ ਸਿੰਘ, ਡਾ. ਰਜਨੀਤ ਕੌਰ ਆਦਿ ਵਲੋਂ ਅਮੋਲਕ ਸਿੰਘ ਨੂੰ ਇਕ ਕਲਾਕਿ੍ਤੀ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ |