ਬਠਿੰਡਾ, 21 ਜੂਨ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਚੰਦਸਰ ਬਸਤੀ ਵਿਚ ਇਕ ਘਰ 'ਚੋਂ ਚੋਰਾਂ ਵਲੋਂ ਡੇਢ ਲੱਖ ਰੁਪਏ ਉਡਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੁਝ ਪੈਸੇ ਵੀ ਬਰਾਮਦ ਕੀਤੇ ਹਨ | ਥਾਣਾ ਸਿਵਲ ਲਾਈਨ ਦੇ ਮੁਖ ਅਧਿਕਾਰੀ ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ ਵਿਚ ਨਰੇਸ਼ ਕੁਮਾਰ ਵਾਸੀ ਚੰਦਸਰ ਬਸਤੀ ਨੇ ਦੱਸਿਆ ਕਿ ਕੁਝ ਚੋਰ ਉਨ੍ਹਾਂ ਦੇ ਪੂਜਾ ਕਰਨ ਵਾਲੇ ਕਮਰੇ ਵਿਚ ਰੱਖੇ ਡੇਢ ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ, ਜਿਸ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਮੁਸਤੈਦੀ ਨਾਲ ਭਾਲ ਸ਼ੁਰੂ ਕਰ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਹਿਲੂਆਂ ਤੋਂ ਕੀਤੀ ਗਈ ਪੜਤਾਲ ਦੌਰਾਨ ਪਤਾ ਲੱਗਿਆ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਨਰੇਸ਼ ਕੁਮਾਰ ਦੀ ਦੁਕਾਨ 'ਤੇ ਪਹਿਲਾਂ ਕੰਮ ਕਰਦੇ ਰਹੇ ਵਿਅਕਤੀਆਂ ਵਲੋਂ ਦਿੱਤਾ ਗਿਆ ਹੈ, ਜੋ ਇਨ੍ਹਾਂ ਦੇ ਘਰ ਆਉਣ ਜਾਣ ਕਰਕੇ ਘਰ ਦੇ ਭੇਤੀ ਸਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਦਬੋਚ ਲਿਆ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਕ੍ਰਿਸ਼ਨ, ਆਸ਼ੂ ਅਤੇ ਇਕ ਨਾਬਾਲਗ ਵਾਸੀਆਨ ਚੰਦਸਰ ਬਸਤੀ ਵਜੋਂ ਹੋਈ ਹੈ | ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਚੋਰੀ ਕੀਤੀ ਗਈ ਕੁੱਲ ਰਕਮ ਵਿਚੋਂ 23 ਹਜਾਰ ਰੁਪਏ ਬਰਾਮਦ ਕਰ ਲਏ ਹਨ ਤੇ ਹੋਰ ਪੁੱਛਗਿੱਛ ਲਈ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ |