ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ)-ਰਾਸ਼ਟਰੀ ਬਾਲਮੀਕ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਰਿੰਕਾ ਕੁਤਬਾ ਬਾਹਮਣੀਆਂ ਨੇ ਕਿਹਾ ਕਿ ਜਿਵੇਂ ਪੰਜਾਬ ਅੰਦਰ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਲਈ ਕਿਸਾਨਾਂ ਦੀ ਐਨ.ਆਰ.ਆਈ. ਭਰਾ ਖੁੱਲ੍ਹੇ ਦਿਲ ਨਾਲ ਮਦਦ ਕਰ ਰਹੇ ਹਨ, ਉਸੇ ਤਰ੍ਹਾਂ ਮਜ਼ਦੂਰ ਪਰਿਵਾਰਾਂ ਤੋਂ ਇਲਾਵਾ ਪਾਠੀ ਸਿੰਘਾਂ, ਕਥਾਵਾਚਕ, ਰਾਗੀ, ਢਾਡੀ ਪਰਿਵਾਰਾਂ ਦੀ ਮਦਦ ਲਈ ਵੀ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਕਈ ਪਿੰਡਾਂ 'ਚ ਮਜ਼ਦੂਰਾਂ ਦੇ ਘਰ ਡਿਗ ਗਏ | ਕਈ ਡਿੱਗਣ ਕਿਨਾਰੇ ਪਹੁੰਚ ਗਏ | ਕੰਧਾਂ 'ਚ ਤਰੇੜਾਂ ਪੈ ਜਾਣ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਜੋ ਕਾਫੀ ਸਮਾਂ ਪੂਰਾ ਨਹੀਂ ਹੋ ਸਕੇਗਾ | ਜਿੱਥੇ ਕਿਸਾਨਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਉੱਥੇ ਐਨ.ਆਰ.ਆਈ. ਭਰਾਵਾਂ ਵਲੋਂ ਵੀ ਮਜ਼ਦੂਰਾਂ ਅਤੇ ਦੱਬੇ ਕੁਚਲੇ ਕਿਰਤੀ ਲੋਕਾਂ ਦੀ ਮਦਦ ਕਰਨੀ ਸਮੇਂ ਦੀ ਲੋੜ ਹੈ, ਤਾਂ ਜੋ ਉਨ੍ਹਾਂ ਨੂੰ ਵੀ ਰਾਹਤ ਮਿਲ ਸਕੇ | ਰਿੰਕਾ ਬਾਹਮਣੀਆਂ ਨੇ ਕਿਹਾ ਕਿ ਕਹਿਰ ਦੀ ਮਹਿੰਗਾਈ ਦੇ ਦੌਰ ਵਿਚ ਮਜ਼ਦੂਰ ਪਰਿਵਾਰ ਪਹਿਲਾਂ ਹੀ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਕੰਮ ਨਾ ਮਿਲਣ ਕਰ ਕੇ ਉਹ ਆਪਣੇ ਘਰ ਦਾ ਚੁੱਲ੍ਹਾ ਤਪਾਉਣ ਤੋਂ ਵੀ ਅਸਮਰਥ ਹੋ ਰਹੇ ਹਨ | ਕੁਦਰਤ ਦੀ ਕਰੋਪੀ ਹੜ੍ਹ ਨਾਲ ਹੋਈ ਤਬਾਹੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਉਨ੍ਹਾਂ ਸਾਰੇ ਐਨ.ਆਰ.ਆਈ. ਭਰਾਵਾਂ ਨੂੰ ਅਪੀਲ ਕੀਤੀ ਕਿ ਕੰਮ ਬੰਦ ਹੋਣ ਦਾ ਸੰਤਾਪ ਭੋਗ ਰਹੇ ਪਿੰਡਾਂ ਦੇ ਪਾਠੀ ਸਿੰਘਾਂ, ਕਥਾ ਵਾਚਕ, ਰਾਗੀ, ਢਾਡੀ, ਪਰਿਵਾਰਾਂ ਦੀ ਵੀ ਪਹਿਲ ਦੇ ਆਧਾਰ 'ਤੇ ਸਾਰ ਲਈ ਜਾਵੇ, ਤਾਂ ਜੋ ਇਹ ਪਰਿਵਾਰ ਮੁੜ ਆਪਣੀ ਜ਼ਿੰਦਗੀ ਨੂੰ ਲੀਹਾਂ 'ਤੇ ਲੈ ਕੇ ਆ ਸਕਣ | ਉਨ੍ਹਾਂ ਨੇ ਫ਼ਿਲਮੀ ਅਦਾਕਾਰਾ ਨੀਰੂ ਬਾਜਵਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪਾਠੀ ਸਿੰਘਾਂ ਦੇ ਪੀੜਤ ਪਰਿਵਾਰਾਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਆਰਥਿਕ ਮਦਦ ਦੇਣ ਦੀ ਸ਼ੁਰੂਆਤ ਕਰਨ ਲਈ ਉਚੇਚਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਖਾਲਸਾ, ਕੁਲਦੀਪ ਸਿੰਘ ਬਾਹਮਣੀਆਂ, ਹਰਜੀਤ ਸਿੰਘ ਪੰਚ, ਗੁਰਮੇਲ ਸਿੰਘ ਪੰਚ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |