ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਭੁੱਲਰ, ਧਾਲੀਵਾਲ) - ਮੰਡੀਆਂ ਬਾਬਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇੱਕ ਵੱਡੇ ਕਦਮ ਵਜੋਂ, ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਹਲਕਾ ਸੁਨਾਮ ਦੀਆਂ ਵੱਖ-ਵੱਖ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਕਰੀਬ 1 ਕਰੋੜ 32 ਲੱਖ ਰੁਪਏ ਦੇ ਨਿਵੇਸ਼ ਨਾਲ ਸਟੀਲ ਕਵਰ ਸ਼ੈੱਡਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ | ਇਨ੍ਹਾਂ ਪ੍ਰੋਜੈਕਟਾਂ ਦਾ ਕੰਮ 2 ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ | ਹਲਕੇ ਦੀ ਇਕ ਅਨਾਜ ਮੰਡੀ ਵਿਖੇ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਦੱਸਿਆ ਕਿ ਇਹਨਾਂ ਸ਼ੈੱਡਾਂ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਖ਼ਰੀਦ ਸੀਜ਼ਨ ਦੌਰਾਨ ਕਿਸਾਨ ਅਤੇ ਉਨ੍ਹਾਂ ਦੀ ਉਪਜ ਮੌਸਮੀ ਸਥਿਤੀਆਂ ਤੋਂ ਸੁਰੱਖਿਅਤ ਰਹੇ ਅਤੇ ਨਾਲ ਹੀ ਮੰਡੀ ਦੇ ਕੰਮਕਾਜ ਨੂੰ ਵੀ ਸੁਚਾਰੂ ਬਣਾਇਆ ਜਾਵੇ | ਇਸ ਵਿਕਾਸ ਪ੍ਰੋਜੈਕਟ ਤਹਿਤ 100X 50' ਆਕਾਰ ਦੇ ਤਿੰਨ ਵੱਡੇ ਸ਼ੈੱਡ ਅਨਾਜ ਮੰਡੀ ਝਾੜੋਂ ਵਿਖੇ ਕਰੀਬ 31.66 ਲੱਖ ਰੁਪਏ, ਢੱਡਰੀਆਂ ਵਿਖੇ ਕਰੀਬ 31.66 ਲੱਖ ਰੁਪਏ ਅਤੇ ਸ਼ੇਰੋਂ ਵਿਖੇ 31.66 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ | ਇਸ ਤੋਂ ਇਲਾਵਾ, 35' X 35' ਦੇ ਪੰਜ ਦਰਮਿਆਨੇ ਆਕਾਰ ਦੇ ਸ਼ੈੱਡ ਦਿਆਲਗੜ੍ਹ ਮੰਡੀ ਵਿਖੇ ਕਰੀਬ 7.35 ਲੱਖ ਰੁਪਏ, ਸ਼ਾਹਪੁਰ ਕਲਾਂ ਦੀ ਮੰਡੀ ਵਿਖੇ 7.35 ਲੱਖ, ਤੋਲਾਵਾਲ ਮੰਡੀ ਵਿਖੇ 7.35 ਲੱਖ ਰੁਪਏ, ਤੋਗਾਵਾਲ ਮੰਡੀ ਵਿਖੇ 7.35 ਲੱਖ ਰੁਪਏ, ਲੋਹਾ ਖੇੜਾ ਮੰਡੀ ਵਿਖੇ 7.35 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਏ ਜਾਣਗੇ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਮੰਡੀਆਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਲਈ ਪ੍ਰਬੰਧ ਪੂਰੇ ਹਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |