20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

26ਵੀਂ ਅਥਲੈਟਿਕਸ ਏਸ਼ੀਅਨ ਚੈਂਪੀਅਨਸ਼ਿਪ 2025 ਭਾਰਤੀ ਅਥਲੀਟਾਂ ਦਾ ਪ੍ਰਦਰਸ਼ਨ ਬਾਕਮਾਲ

ਅਜੀਤ ਡੈਸਕ 17-06-2025

26ਵੀਂ ਅਥਲੈਟਿਕਸ ਏਸ਼ੀਅਨ ਚੈਂਪੀਅਨਸ਼ਿਪ ਦੱਖਣੀ ਕੋਰੀਆ ਦੇ ਗੂਮੀ ਸ਼ਹਿਰ ਦੇ ਸਵਿਸ ਸਟੇਡੀਅਮ ਵਿਚ 27 ਤੋਂ 31 ਮਈ 2025 ਤੱਕ ਹੋਈ। ਇਸ ਮੁਕਾਬਲੇ ਵਿਚ 39 ਦੇਸ਼ਾਂ ਦੇ 2000 ਤੋਂ ਵੱਧ ਅਥਲੀਟਾਂ ਨੇ 45 ਮੁਕਾਬਲਿਆਂ ਵਿਚ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਵਿਚ ਦੱਖਣੀ ਕੋਰੀਆ ਨੇ ਮੇਜ਼ਮਾਨੀ ਕਰਦਿਆਂ 91 ਅਥਲੀਟ, ਜਪਾਨ ਨੇ 71 ਅਤੇ ਭਾਰਤ ਨੇ 62 ਅਥਲੀਟਾਂ ਦੇ ਖੇਡ ਦਲ ਨਾਲ ਜ਼ੋਰ-ਅਜ਼ਮਾਈ ਕੀਤੀ, ਜਿਸ 'ਚ ਭਾਰਤੀ ਅਥਲੀਟਾਂ ਨੇ 8 ਸੋਨ, 10 ਚਾਂਦੀ ਅਤੇ 6 ਕਾਂਸੀ ਕੁੱਲ 24 ਤਗਮਿਆਂ ਦੀ ਬਦੌਲਤ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਦਰਸ਼ਨ ਹੁਣ ਤੱਕ ਹੋਈਆਂ 25 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪਾਂ 'ਚੋਂ ਕਾਰਗੁਜ਼ਾਰੀ ਪੱਖੋਂ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਚੀਨ ਨੇ 19 ਸੋਨ, 9 ਚਾਂਦੀ ਅਤੇ 4 ਕਾਂਸੀ ਕੁੱਲ 32 ਤਗਮੇ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਪਾਨ 5 ਸੋਨਾ, 11 ਚਾਂਦੀ ਤੇ 12 ਕਾਂਸ਼ੀ ਅਤੇ ਕੁੱਲ 28 ਤਗਮਿਆਂ ਨਾਲ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਹੈ। ਇਹ ਚੈਂਪੀਅਨਸ਼ਿਪ ਹਰ ਦੋ ਸਾਲ ਬਾਅਦ ਕਰਵਾਈ ਜਾਂਦੀ ਹੈ, ਜਿਸ ਵਿਚ 40-45 ਈਵੈਂਟ (ਪ੍ਰਤੀਯੋਗਤਾ) ਦਾ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੀ ਸ਼ੁਰੂਆਤ 1973 ਵਿਚ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿਖੇ ਇਸੇ ਸਥਾਨ ਤੋਂ ਹੋਈ ਸੀ। ਹੁਣ ਤੱਕ ਦੀਆਂ ਸਾਰੀਆਂ ਚੈਂਪੀਅਨਸ਼ਿਪਾਂ ਦੇ ਮੁਕਾਬਲੇ ਸਫ਼ਲਤਾਪੂਰਵਕ ਸਮਾਪਤ ਹੋਏ ਹਨ, ਪ੍ਰੰਤੂ 2021 ਦਾ ਮੁਕਾਬਲਾ ਚੀਨ ਦੇ ਸ਼ਹਿਰ ਬੁਹਾਨ ਵਿਖੇ ਕਰਵਾਇਆ ਜਾਣਾ ਸੀ, ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਨਹੀਂ ਕਰਵਾਇਆ ਗਿਆ। ਇਹ ਮੁਕਾਬਲਾ ਚਾਰ ਸਾਲ ਬਆਦ ਦੇਖਣ ਨੂੰ ਮਿਲਿਆ ਸੀ। ਜੇਕਰ ਭਾਰਤ ਦੇ ਇਕ ਦਹਾਕੇ ਤੋਂ ਤਗਮਿਆਂ ਦੇ ਅੰਕੜਿਆਂ 'ਤੇ ਤਿਰਛੀ ਨਜ਼ਰ ਮਾਰੀ ਜਾਵੇ ਅਥਲੈਟਿਕਸ ਵਿਚ ਅੱਗੇ ਵਧੇ ਜ਼ਰੂਰ ਹਾਂ, ਉਨੇ ਨਹੀਂ ਜਿੰਨੀ ਲੋੜ ਹੈ। ਸੀਨੀਅਰ ਅਥਲੀਟਾਂ ਦੀ ਨਾ ਭਾਗ ਲੈਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਬਹੁਤੇ ਚੰਗੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਅਥਲੀਟਾਂ ਨੇ ਇਸ ਚੈਂਪੀਅਨਸ਼ਿਪ ਵਿਚ ਭਾਗ ਨਹੀਂ ਲਿਆ ਜਿਵੇਂ ਕਿ ਉਲੰਪੀਅਨ ਨੀਰਜ ਚੋਪੜਾ, ਅਭਿਨਾਸ਼ ਸਾਬਲੇ, ਲੰਮੀ ਛਾਲ, ਤੀਹਰੀ ਛਾਲ ਅਤੇ ਹੋਰ ਵੀ ਅਥਲੀਟ ਹਨ ਜਿਹੜੇ ਕਿ ਇਸ ਮੁਕਾਬਲੇ ਤੋਂ ਬਾਹਰ ਰਹੇ ਹਨ। ਭਾਰਤ ਸਰਕਾਰ ਨੇ ਇਨ੍ਹਾਂ ਅਥਲੀਟਾਂ ਨੂੰ ਅਲੱਗ-ਅਲੱਗ ਦੇਸ਼ਾਂ ਵਿਚ ਵਾਤਾਵਰਨ ਨੂੰ ਮੁੱਖ ਰੱਖਦੇ ਜਪਾਨ ਵਿਖੇ ਹੋਣ ਵਾਲੀਆਂ ਏਸ਼ੀਆਈ ਖੇਡਾਂ-2026 ਦੀ ਤਿਆਰੀ ਲਈ ਭੇਜਿਆ ਹੋਇਆ ਹੈ। ਭਾਰਤ ਸਰਕਾਰ ਦੀ ਇਸ ਕੋਸ਼ਿਸ਼ ਸਦਕਾ ਇਸ ਵਾਰ ਭਾਰਤ ਦੇ ਅਥਲੈਟਿਕਸ ਦੇ ਅਥਲੀਟ ਤਗਮਾ ਸੂਚੀ ਵਿਚ ਵਾਧਾ ਕਰਦੇ ਨਜ਼ਰ ਆ ਰਹੇ ਹਨ।
ਭਾਰਤ ਦੀ ਕਾਰਗੁਜ਼ਾਰੀ ਦਾ ਤਗਮਾ ਸੂਚੀ ਤੋਂ ਅਨਮਾਨ ਲਗਾਇਆ ਜਾ ਸਕਦਾ ਹੈ ਕਿ ਤਗਮਿਆਂ ਵਿਚ ਹੋ ਰਿਹਾ ਵਾਧਾ ਸ਼ੁਭ-ਸ਼ਗਨ ਦੀ ਨਿਸ਼ਾਨੀ ਹੈ। ਜੇਕਰ ਸੰਸਾਰ ਪੱਧਰ ਦੇ ਮੁਕਾਬਲਿਆਂ 'ਚੋਂ ਖੇਡਾਂ ਦੇ ਮਹਾਂਕੁੰਭ ਉਲੰਪਿਕ ਦੀ ਗੱਲ ਕਰੀਏ, ਤਗਮਿਆਂ ਦੀ ਦੌੜ ਵਿਚ ਥੋੜ੍ਹਾ ਪਿੱਛੇ ਨਜ਼ਰ ਆ ਰਹੇ ਹਾਂ। ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ-2025 ਦੇ ਅੰਕੜੇ ਅਤੇ ਉਲੰਪਿਕ ਦੇ ਅੰਕੜਿਆਂ ਨੂੰ ਘੋਖਣ ਤੋਂ ਇਹ ਮਹਿਸੂਸ ਹੁੰਦਾ ਹੈ, ਜੇਕਰ ਥੋੜ੍ਹਾ ਧਿਆਨ ਦਿੱਤਾ ਗਿਆ ਸਾਡੇ ਭਾਰਤੀ ਅਥਲੀਟ ਜਪਾਨ ਵਿਖੇ ਹੋਣ ਵਾਲੀਆਂ ਏਸ਼ੀਆਈ ਖੇਡਾਂ-2026 'ਚੋਂ ਤਗਮੇ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਅਥਲੀਟਾਂ ਲਈ ਵੀ ਮੁਕਾਬਲੇ ਵਾਲੀ ਥਾਂ ਨੂੰ ਮੁੱਖ ਰੱਖਦੇ ਹੋਏ ਉੱਥੋਂ ਤੇ ਵਾਤਾਵਰਨ ਮੁਤਾਬਕ ਕੈਂਪ ਲੱਗਣੇ ਜ਼ਰੂਰੀ ਹਨ। ਉਲੰਪਿਕ 'ਚੋਂ ਬਹੁਤ ਹੀ ਥੋੜ੍ਹੀ ਦੂਰੀ ਨਾਲ ਜੂਝ ਰਹੇ ਅਥਲੀਟਾਂ ਨੂੰ ਸੰਭਾਲਣ ਨਾਲ ਭਾਰਤ ਦੀ ਝੋਲੀ ਤਗਮਿਆਂ ਨਾਲ ਭਰ ਸਕਦੀ ਹੈ। ਜਪਾਨ ਵਿਖੇ ਹੋਣ ਵਾਲੀਆਂ ਏਸ਼ੀਆਈ ਖੇਡਾਂ-2026 ਦੇ ਮਹਾਂਕੁੰਭ ਨੇ ਦਸਤਕ ਦੇ ਦਿੱਤੀ ਹੈ, ਅਸੀਂ ਕਿੰਨੇ ਕੁ ਸੁਚੇਤ ਹਾਂ ਆਉਣ ਵਾਲਾ ਸਮਾਂ ਹੀ ਦੱਸ ਪਾਵੇਗਾ। ਭਾਰਤ ਦਾ ਅਥਲੈਟਿਕਸ ਦੇ ਅਥਲੀਟਾਂ ਸਬੰਧੀ ਸੁਚੇਤ ਹੋਣਾ, ਨਤੀਜਿਆਂ ਦਾ ਬਾਕਮਾਲ ਆਉਣਾ, ਨਵੇਂ ਯੁੱਗ ਦੀ ਸ਼ੁਰੂਆਤ ਹੈ।

-ਪਿੰਡ+ਡਾਕ-ਬੌਂਦਲੀ, ਤਹਿ-ਸਮਰਾਲਾ (ਲੁਧਿਆਣਾ)।
ਮੋਬਾ: 98761-53007

ਪਿਛਲੀ ਖ਼ਬਰ ਅੱਜ ਵਿਸ਼ਵ ਕੂੜਾ ਸਫ਼ਾਈ ਸੇਵਕ ਦਿਵਸ 'ਤੇ ਵਿਸ਼ੇਸ਼-ਸਾਡੀ ਤੰਦਰੁਸਤੀ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਸਾਡੇ 'ਸਫ਼ਾਈ ਸੇਵਕ' ਅਗਲੀ ਖ਼ਬਰ ਖੇਤਰੀ ਭਾਸ਼ਾਵਾਂ ਨੂੰ ਪ੍ਰਾਇਮਰੀ ਸਿੱਖਿਆ ਤੱਕ ਹੀ ਸੀਮਤ ਨਾ ਰੱਖਿਆ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।