20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅੱਜ ਵਿਸ਼ਵ ਕੂੜਾ ਸਫ਼ਾਈ ਸੇਵਕ ਦਿਵਸ 'ਤੇ ਵਿਸ਼ੇਸ਼-ਸਾਡੀ ਤੰਦਰੁਸਤੀ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਸਾਡੇ 'ਸਫ਼ਾਈ ਸੇਵਕ'

ਅਜੀਤ ਡੈਸਕ 17-06-2025

ਸਾਡੇ ਸਾਰਿਆਂ ਦੇ ਘਰਾਂ, ਦੁਕਾਨਾਂ, ਦਫ਼ਤਰਾਂ ਤੇ ਬਜ਼ਾਰਾਂ 'ਚੋਂ ਕੂੜਾ ਚੁੱਕ ਕੇ ਲੈ ਜਾਣ ਵਾਲਾ ਸਫ਼ਾਈ ਸੇਵਕ ਉਹ ਸ਼ਖ਼ਸ ਹੈ, ਜੋ ਆਪਣੀ ਜਾਨ ਖ਼ਤਰੇ 'ਚ ਪਾ ਕੇ ਵੀ ਚੌਗਿਰਦੇ ਦੀ ਸਫ਼ਾਈ ਕਰਦਾ ਹੈ ਤੇ ਸਾਡੇ ਜੀਵਨ ਨੂੰ ਸੁਰੱਖਿਅਤ ਬਣਾਉਂਦਾ ਹੈ। ਅਸੀਂ ਉਸ ਨੂੰ ਹਰ ਮਹੀਨੇ ਥੋੜ੍ਹੇ ਜਿਹੇ ਪੈਸੇ ਦੇ ਕੇ ਉਸ ਉੱਪਰ ਬੜਾ ਅਹਿਸਾਨ ਜਤਾਉਂਦੇ ਹਾਂ ਤੇ ਕਦੇ ਇਕ ਦਿਨ ਦੀ ਛੁੱਟੀ ਕਰ ਲੈਣ 'ਤੇ ਉਸ ਦਾ ਅਪਮਾਨ ਤੱਕ ਕਰ ਦਿੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਜਿਸ ਕੂੜੇ ਨੂੰ ਸਾਡੇ ਆਪਣੇ ਪਰਿਵਾਰਕ ਮੈਂਬਰ ਹੱਥ ਲਗਾਉਣ ਲਈ ਤਿਆਰ ਨਹੀਂ ਹੁੰਦੇ, ਉਸ ਦੁਰਗੰਧ ਭਰੇ ਕੂੜੇ ਨੂੰ ਉਹ ਰੋਜ਼ਾਨਾ ਆਪਣੇ ਹੱਥਾਂ ਨਾਲ ਚੁੱਕ ਕੇ ਆਪਣੀ ਰੇਹੜੀ ਵਿਚ ਸੁੱਟਦਾ ਹੈ ਤੇ ਫਿਰ ਕਈ ਮੀਲ ਦੂਰ ਸੁੱਟ ਕੇ ਆਉਂਦਾ ਹੈ। ਜਿਸ ਕੂੜੇ ਨੂੰ ਅਸੀਂ ਛੇਤੀ ਤੋਂ ਛੇਤੀ ਆਪਣੇ ਘਰੋਂ ਬਾਹਰ ਕਰ ਦੇਣਾ ਲੋਚਦੇ ਹਾਂ, ਇਕ ਕੂੜਾ ਸਫ਼ਾਈ ਸੇਵਕ ਸਾਡੇ ਘਰਾਂ ਦੀ ਉਸ ਗੰਦਗੀ ਨੂੰ ਚੁੱਕ ਕੇ ਲੈ ਜਾਂਦਾ ਹੈ। ਅਸੀਂ ਅਜਿਹੀ ਸੇਵਾ ਕਰਨ ਵਾਲੇ ਸ਼ਖ਼ਸ ਦਾ ਦੇਣਾ ਕਦੇ ਵੀ ਨਹੀਂ ਦੇ ਸਕਦੇ।
ਦੁਨੀਆ ਭਰ ਵਿਚ 17 ਜੂਨ ਦਾ ਦਿਨ 'ਵਿਸ਼ਵ ਕੂੜਾ ਸਫ਼ਾਈ ਸੇਵਕ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਸ਼ੁਰੂਆਤ ਅਮਰੀਕਾ ਵਾਸੀ ਜੇ. ਡੀ. ਆਰਵੁੱਡ ਨੇ 2011 ਵਿਚ ਕੀਤੀ ਸੀ। ਇਹ ਦਿਨ ਮਨਾਉਣ ਪਿੱਛੇ ਉਸ ਦਾ ਮੁੱਖ ਮਕਸਦ ਕੂੜਾ ਚੁੱਕਣ ਵਾਲੇ ਤਬਕੇ ਵੱਲ ਲੋਕਾਂ ਦਾ ਧਿਆਨ ਦਿਵਾਉਣਾ ਤੇ ਆਮ ਲੋਕਾਂ ਨੂੰ ਇਨ੍ਹਾਂ ਸਫ਼ਾਈ ਸੇਵਕਾਂ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਉਹ ਦੁਨੀਆ ਨੂੰ ਦੱਸਣਾ ਚਾਹੁੰਦਾ ਸੀ ਕਿ ਜੇਕਰ ਕੂੜਾ ਸਫ਼ਾਈ ਸੇਵਕ ਆਪਣਾ ਕੰਮ ਕਰਨਾ ਬੰਦ ਕਰ ਦੇਣ ਤਾਂ ਸਾਡੇ ਪਿੰਡਾਂ ਤੇ ਸ਼ਹਿਰਾਂ ਦੀ ਹਾਲਤ ਕਿੰਨੀ ਬਦਤਰ ਹੋ ਸਕਦੀ ਹੈ ਤੇ ਅਸੀਂ ਸਭ ਕਿੰਨੀਆਂ ਪ੍ਰੇਸ਼ਾਨੀਆਂ ਤੇ ਬਿਮਾਰੀਆਂ ਦੇ ਰੂਬਰੂ ਹੋ ਸਕਦੇ ਹਾਂ। ਆਰਵੁੱਡ ਦਾ ਇਕ ਹੋਰ ਮੰਤਵ ਆਮ ਲੋਕਾਂ ਅੰਦਰ ਇਨ੍ਹਾਂ ਕੂੜਾ ਚੁੱਕਣ ਵਾਲਿਆਂ ਪ੍ਰਤੀ ਹੀਣਤਾ ਦੇ ਭਾਵ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਤੇ ਲੋਕਾਂ ਦੇ ਦਿਲਾਂ ਅੰਦਰ ਸਤਿਕਾਰ ਦਿਵਾਉਣਾ ਸੀ।
ਦਰਅਸਲ ਆਰਵੁੱਡ ਇਕ 'ਜੇ.ਡੀ.ਏ. ਕੰਪਨੀ' ਦਾ ਮੁਖੀ ਸੀ ਅਤੇ ਉਸ ਦੀ ਕੰਪਨੀ ਕੂੜਾ ਚੁੱਕਣ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੂੜੇ ਨੂੰ ਰੀਸਾਈਕਲ ਕਰਨ ਜਾਂ ਖ਼ਤਮ ਕਰਨ ਦਾ ਕਾਰਜ ਕਰਦੀ ਸੀ। ਆਰਵੁੱਡ ਬਚਪਨ ਵਿਚ ਆਪਣੇ ਪਿਤਾ ਨਾਲ ਇਲਾਕੇ 'ਚ ਪਸਰੇ ਕੂੜੇ 'ਚੋਂ ਖ਼ਾਲੀ ਬੋਤਲਾਂ ਤੇ ਹੋਰ ਕੂੜਾ-ਕਬਾੜ ਇਕੱਠਾ ਕਰਦਾ ਹੁੰਦਾ ਸੀ। ਉਸ ਨੇ 1997 ਵਿਚ ਮਹਿਸੂਸ ਕੀਤਾ ਕਿ ਨਵੇਂ-ਨਵੇਂ ਆਏ ਇੰਟਰਨੈੱਟ ਰਾਹੀਂ ਕਿਸੇ ਵੀ ਵਪਾਰ ਨੂੰ ਵਧਾਉਣ ਦੀ ਬਹੁਤ ਸੰਭਾਵਨਾ ਹੈ। ਉਸ ਨੇ ਆਪਣੀ ਕੰਪਨੀ ਸਥਾਪਿਤ ਕਰਨ ਬਾਅਦ ਆਪਣੀ ਵੈੱਬਸਾਈਟ ਤਿਆਰ ਕਰਵਾ ਲਈ ਅਤੇ ਕੂੜਾ-ਕਰਕਟ ਤੇ ਕਬਾੜ ਇਕੱਠਾ ਕਰਨ ਲਈ ਇੰਟਰਨੈੱਟ ਦੀ ਵਰਤੋਂ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਇਸ ਕਾਰੋਬਾਰ ਨੂੰ ਚੰਗਾ ਹੁੰਗਾਰਾ ਮਿਲਿਆ। ਉਸ ਨੂੰ ਇਹ ਦੇਖ਼ ਕੇ ਦੁੱਖ ਹੁੰਦਾ ਸੀ ਕਿ ਆਮ ਲੋਕ ਉਸ ਦੀ ਕੰਪਨੀ ਦੇ ਸਫ਼ਾਈ ਕਰਮਚਾਰੀਆਂ ਨੂੰ ਬਹੁਤੀ ਸਨਮਾਨਜਨਕ ਨਜ਼ਰ ਨਾਲ ਨਹੀਂ ਸਨ ਵੇਖ਼ਦੇ। ਇਸ ਮਾੜੀ ਸੋਚ ਨੂੰ ਦੂਰ ਕਰਨ ਲਈ ਉਸ ਨੇ 'ਵਿਸ਼ਵ ਕੂੜਾ ਸਫ਼ਾਈ ਸੇਵਕ ਦਿਵਸ' ਮਨਾਉਣ ਦੀ ਰੀਤ ਸ਼ੁਰੂ ਕੀਤੀ, ਜਿਸ ਨਾਲ ਲੋਕਾਂ ਦੇ ਵਿਚਾਰਾਂ ਤੇ ਵਿਹਾਰ ਵਿਚ ਬਦਲਾਅ ਆਉਣ ਲੱਗਾ ਤੇ ਲੋਕਾਂ ਨੇ ਸਫ਼ਾਈ ਸੇਵਕਾਂ ਨੂੰ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ। ਲੋਕ ਸਮਝ ਗਏ ਕਿ ਸਫ਼ਾਈ ਸੇਵਕ ਸਾਡੇ ਦੁਆਰਾ ਪੈਦਾ ਕੀਤੀ ਗੰਦਗੀ ਨੂੰ ਹਟਾਉਂਦਿਆਂ ਤੇ ਬਦਬੂ ਵਿਚ ਲਗਾਤਾਰ ਕੰਮ ਕਰਨ ਕਰਕੇ ਅਕਸਰ ਚਮੜੀ ਤੇ ਸਾਹ ਸਬੰਧੀ ਕਈ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਪਹਿਲ ਨੇ ਲੋਕਾਂ ਦੀ ਸੋਚ ਬਦਲ ਦਿੱਤੀ ਤੇ ਲੋਕ ਸਫ਼ਾਈ ਸੇਵਕਾਂ ਨੂੰ ਨਫ਼ਰਤ ਦੀ ਬਜਾਏੇ ਸਤਿਕਾਰ ਦੀ ਨਜ਼ਰ ਨਾਲ ਵੇਖਣ ਲੱਗੇ ਤੇ ਇਸ ਦਿਨ ਉਨ੍ਹਾਂ ਨੂੰ ਤੋਹਫ਼ੇ ਆਦਿ ਵੀ ਦੇਣ ਲੱਗ ਪਏ।
ਭਾਰਤ ਵਿਚ ਸਫ਼ਾਈ ਸੇਵਕਾਂ ਦੀ ਹਾਲਤ ਬਹੁਤ ਮਾੜੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਜਦੋਂ ਸਫ਼ਾਈ ਸੇਵਕ ਆਪਣੀ ਰੇਹੜੀ ਲੈ ਕੇ ਆਉਂਦੇ ਹਨ ਤਾਂ ਸਾਡੇ ਪਰਿਵਾਰਕ ਮੈਂਬਰ ਅਕਸਰ ਉੱਚੀ ਆਵਾਜ਼ ਵਿਚ ਬੋਲਦੇ ਹਨ, ਕੂੜੇ ਵਾਲਾ ਆ ਗਿਆ, ਕੂੜਾ ਪਾ ਦਿਉ। ਜਦੋਂ ਕਿ ਸੋਚਣ ਵਾਲੀ ਗੱਲ ਇਹ ਹੈ ਕਿ 'ਕੂੜੇ ਵਾਲੇ' ਤਾਂ ਅਸੀਂ ਹੁੰਦੇ ਹਾਂ, ਉਹ ਤਾਂ 'ਸਫ਼ਾਈ ਵਾਲਾ' ਹੁੰਦੇ ਹਨ। ਸੀਵਰੇਜ ਵਿਚ ਉਤਰ ਕੇ ਗੰਦਗੀ ਸਾਫ਼ ਕਰਦਿਆਂ ਗਟਰ ਅੰਦਰ ਮੌਜੂਦ ਜ਼ਹਿਰੀਲੀ ਗੈਸ ਚੜ੍ਹਨ ਨਾਲ ਸਫ਼ਾਈ ਸੇਵਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਅਕਸਰ ਸਾਡੇ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਨਗਰ ਪ੍ਰਸ਼ਾਸਨ ਵਲੋਂ ਬਹੁਤੇ ਸਫ਼ਾਈ ਸੇਵਕ ਠੇਕਾ ਪ੍ਰਣਾਲੀ ਅਧੀਨ ਜਾਂ ਆਊਟ ਸੋਰਸਿੰਗ ਰਾਹੀਂ ਨਿਗੂਣੀਆਂ ਤਨਖ਼ਾਹਾਂ 'ਤੇ ਰੱਖੇ ਹੁੰਦੇ ਹਨ, ਇਹ ਸਫ਼ਾਈ ਸੇਵਕ ਅਕਸਰ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਹੜਤਾਲਾਂ ਤੇ ਰੋਸ ਮੁਜ਼ਾਹਰੇ ਕਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਸਮੂਹ ਸਫ਼ਾਈ ਸੇਵਕਾਂ ਨਾਲ ਬੇਇਨਸਾਫ਼ੀ ਬੰਦ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਢੁਕਵੀਆਂ ਤਨਖ਼ਾਹਾਂ 'ਤੇ ਪੱਕੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਮਾਜ ਨੂੰ ਹਮੇਸ਼ਾ ਉਨ੍ਹਾਂ ਨੂੰ ਸਨਮਾਨਜਨਕ ਨਜ਼ਰ ਨਾਲ ਵੇਖਣਾ ਚਾਹੀਦਾ ਹੈ, ਜੋ ਸਾਡੇ ਘਰਾਂ ਦੀ ਗੰਦਗੀ ਉਠਾ ਕੇ ਲੈ ਜਾਂਦੇ ਹਨ। ਸੋ ਆਓ ਅੱਜ ਦੇ ਦਿਨ ਆਪਣੇ ਆਸਪਾਸ ਮੌਜੂਦ ਕੂੜਾ ਸਫ਼ਾਈ ਸੇਵਕਾਂ ਦਾ ਉਨ੍ਹਾਂ ਦੀ ਕਠਿਨ ਸੇਵਾ ਲਈ ਤਹਿ ਦਿਲੋਂ ਧੰਨਵਾਦ ਕਰੀਏ ਤੇ ਤੋਹਫ਼ੇ ਆਦਿ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕਰੀਏ।

-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

ਪਿਛਲੀ ਖ਼ਬਰ ਝੋਨੇ ਤੇ ਬਾਸਮਤੀ 'ਚ ਸਿਫ਼ਾਰਸ਼ ਅਨੁਸਾਰ ਹੀ ਜ਼ਿੰਕ ਦੀ ਮਾਤਰਾ ਪਾਓ ਅਗਲੀ ਖ਼ਬਰ 26ਵੀਂ ਅਥਲੈਟਿਕਸ ਏਸ਼ੀਅਨ ਚੈਂਪੀਅਨਸ਼ਿਪ 2025 ਭਾਰਤੀ ਅਥਲੀਟਾਂ ਦਾ ਪ੍ਰਦਰਸ਼ਨ ਬਾਕਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।