ਝੋਨਾ ਪੰਜਾਬ ਵਿਚ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ 'ਚੋਂ ਇਕ ਹੈ ਅਤੇ ਹਰ ਸਾਲ ਝੋਨੇ ਹੇਠ ਰਕਬਾ ਵਧਦਾ ਜਾ ਰਿਹਾ ਹੈ। ਸਾਲ 2023-2024 ਦੌਰਾਨ ਸੂਬੇ ਵਿਚ ਲਗਭਗ 79.48 ਲੱਖ ਏਕੜ ਰਕਬੇ 'ਤੇ ਝੋਨੇ ਦੀ ਕਾਸ਼ਤ ਕੀਤੀ ਗਈ। ਕਿਉਂਕਿ ਝੋਨਾ ਇਕ ਵੱਧ ਝਾੜ ਦੇਣ ਵਾਲੀ ਫ਼ਸਲ ਹੈ, ਇਸ ਕਰਕੇ ਇਹ ਜ਼ਮੀਨ 'ਚੋਂ ਖੁਰਾਕੀ ਤੱਤਾਂ ਦੀ ਇਕ ਵੱਡੀ ਮਾਤਰਾ ਕੱਢ ਲੈਂਦਾ ਹੈ। ਜੇਕਰ ਘਾਟ ਵਾਲੇ ਤੱਤਾਂ ਦੀ ਸਹੀ ਸਮੇਂ 'ਤੇ ਪੂਰਤੀ ਨਾ ਕੀਤੀ ਜਾਵੇ ਤਾਂ ਫ਼ਸਲ ਦਾ ਝਾੜ ਘਟ ਸਕਦਾ ਹੈ। ਝੋਨੇ ਦੀ ਕਾਸ਼ਤ ਵਿਚ ਯੂਰੀਏ ਤੋਂ ਇਲਾਵਾ ਜ਼ਿੰਕ ਇਕ ਅਹਿਮ ਖੁਰਾਕੀ ਤੱਤ ਹੈ। ਜ਼ਿੰਕ ਦੀ ਘਾਟ ਆਮ ਤੌਰ 'ਤੇ ਹੇਠ ਲਿਖੀਆਂ ਜ਼ਮੀਨਾਂ/ਸਥਿਤੀਆਂ ਵਿਚ ਪਾਈ ਜਾਂਦੀ ਹੈ:
ੳ) ਘੱਟ ਜੈਵਿਕ ਕਾਰਬਨ ਵਾਲੀਆਂ ਰੇਤਲੀਆਂ ਜ਼ਮੀਨਾਂ ਵਿਚ।
ਅ) ਜ਼ਿਆਦਾ ਖਾਰੀ ਅੰਗ ਤੇ ਵੱਧ ਕੈਲਸ਼ੀਅਮ ਕਾਰਬੋਨੇਟ ਵਾਲੀਆਂ ਜ਼ਮੀਨਾਂ ਵਿਚ।
ੲ) ਵੱਧ ਫਾਸਫੋਰਸ ਵਾਲੀਆਂ ਜ਼ਮੀਨਾਂ ਵਿਚ।
ਸ) ਪਾਣੀ 'ਚ ਡੁੱਬੀਆਂ ਹੋਈਆਂ ਜ਼ਮੀਨਾਂ ਵਿਚ।
ਹ) ਖਾਰੇ ਪਾਣੀ ਨਾਲ ਸਿੰਚਾਈ ਵਾਲੀਆਂ ਜ਼ਮੀਨਾਂ ਵਿਚ।
ਜ਼ਿੰਕ ਦੀ ਘਾਟ ਨਾਲ ਨਜਿੱਠਣ ਵਿਚ ਲਾਪਰਵਾਹੀ ਜਾਂ ਅਣਗਹਿਲੀ ਨਾਲ ਫ਼ਸਲ ਦੇ ਝਾੜ ਵਿਚ ਕਾਫ਼ੀ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਫ਼ਸਲ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ ਸਮੇਂ ਸਿਰ ਢੁਕਵੇਂ ਉਪਾਅ ਕਰਨ ਲਈ ਜ਼ਿੰਕ ਦੀ ਘਾਟ ਦੇ ਕਾਰਨ, ਲੱਛਣਾਂ ਅਤੇ ਇਲਾਜ ਦੇ ਢੰਗ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੀ ਵਿਸਥਾਰਪੂਰਵਕ ਜਾਣਕਾਰੀ ਹੇਠਾਂ ਦਿੱਤੀ ਹੈ:
ਜ਼ਿੰਕ ਦੀ ਘਾਟ ਦੇ ਕਾਰਨ: ਆਮ ਤੌਰ 'ਤੇ ਮਿੱਟੀ ਵਿੱਚ ਜ਼ਿੰਕ ਦੀ ਘੱਟ ਮਾਤਰਾ ਜੇਕਰ 0.6 ਕਿੱਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਜਾਂ ਮਿੱਟੀ ਵਿੱਚ ਉਪਲਬਧ ਜ਼ਿੰਕ ਦਾ ਗ਼ੈਰ-ਉਪਲਬਧ ਜਾਂ ਅਘੁਲਣਸ਼ੀਲ ਰੂਪਾਂ ਵਿਚ ਬਦਲ ਜਾਣਾ, ਇਸ ਦੀ ਘਾਟ ਲਈ ਜ਼ਿੰਮੇਵਾਰ ਹੁੰਦਾ ਹੈ। ਕਈ ਵਾਰ ਜ਼ਿੰਕ 'ਤੇ ਫਾਸਫੋਰਸ ਤੱਤ ਦੀ ਵੱਧ ਮਾਤਰਾ ਅਤੇ ਕਾਰਬੋਨੇਟਸ ਦਾ ਵਿਰੋਧੀ ਪ੍ਰਭਾਵ ਇਸ ਤੱਤ ਦੀ ਉਪਲਬਧਤਾ ਨੂੰ ਘਟਾ ਦਿੰਦਾ ਹੈ। ਇਸੇ ਕਰਕੇ ਕਿਸਾਨਾਂ ਨੂੰ ਡੀ.ਏ.ਪੀ. ਅਤੇ ਜ਼ਿੰਕ ਵਾਲੀਆਂ ਖਾਦਾਂ ਨੂੰ ਨਾ ਰਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਿੰਕ ਦੀ ਘਾਟ ਦੇ ਲੱਛਣਾਂ ਦੀ ਪਛਾਣ: ਜ਼ਿੰਕ ਦੀ ਕਮੀ ਦੇ ਲੱਛਣ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ 'ਤੇ ਅੰਦਰੂਨੀ ਖੇਤਰ ਵਿੱਚ ਹਲਕੇ-ਪੀਲੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ (ਚਿੱਤਰ ੳ ਤੇ ਚਿੱਤਰ ਅ)। ਇਨ੍ਹਾਂ ਧੱਬਿਆਂ ਦਾ ਰੰਗ ਜਲਦੀ ਹੀ ਪੀਲੇ ਭੂਰੇ ਵਿਚ ਬਦਲ ਜਾਂਦਾ ਹੈ ਅਤੇ ਪ੍ਰਭਾਵਿਤ ਪੱਤੇ ਹਲਕੇ ਪੀਲੇ ਭੂਰੇ ਦਿਖਾਈ ਦਿੰਦੇ ਹਨ। ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਨੂੰ ਲਾਲ ਭੂਰੇ ਜਾਂ ਜੰਗਾਲ ਵਾਲੀ ਦਿੱਖ ਦੇਣ ਲਈ ਇਕੱਠੇ ਹੋ ਜਾਂਦੇ ਹਨ। ਗੰਭੀਰ ਘਾਟ ਦੀਆਂ ਸਥਿਤੀਆਂ ਵਿਚ ਪੂਰਾ ਬੂਟਾ ਜੰਗਾਲਿਆ ਦਿਖਾਈ ਦਿੰਦਾ ਹੈ। ਪ੍ਰਭਾਵਿਤ ਪੱਤੇ ਸੁੱਕ ਜਾਂਦੇ ਹਨ ਅਤੇ ਅੰਤ ਵਿਚ ਮਰ ਜਾਂਦੇ ਹਨ। ਬੂਟਿਆਂ ਦੇ ਅੱਗੇ ਵਧਣ ਵਿਚ ਰੁਕਾਵਟ ਆਉਂਦੀ ਹੈ, ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਝਾੜੀਦਾਰ ਦਿੱਖ ਦਿੰਦੇ ਹਨ।
ਜ਼ਿੰਕ ਦੀ ਘਾਟ ਦਾ ਇਲਾਜ: ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿੱਲੋ ਹੈਪਟਾਹਾਈਡਰੇਟ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜਾਂ 16 ਕਿੱਲੋ ਮੋਨੋਹਾਈਡ੍ਰੇਟ ਜ਼ਿੰਕ ਸਲਫੇਟ (33% ਜ਼ਿੰਕ) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਗੰਭੀਰ ਹਾਲਤ ਅਧੀਨ ਮਿੱਟੀ ਵਿਚ ਜ਼ਿੰਕ ਦੀ ਵਰਤੋਂ ਦੇ ਨਾਲ-ਨਾਲ ਹੈਪਟਾਹਾਈਡਰੇਟ ਜ਼ਿੰਕ ਸਲਫੇਟ ਦੇ 0.5% ਦਾ ਘੋਲ (500 ਗ੍ਰਾਮ/100 ਲਿਟਰ ਪਾਣੀ) ਜਾਂ 0.4% ਮੋਨੋਹਾਈਡ੍ਰੇਟ ਜ਼ਿੰਕ ਸਲਫੇਟ ਦੇ ਘੋਲ (400 ਗ੍ਰਾਮ/100 ਲਿਟਰ ਪਾਣੀ) ਬਣਾ ਕੇ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਇਹ ਆਮ ਦੇਖਣ ਵਿਚ ਆਉਂਦਾ ਹੈ ਕਿ ਬਹੁਤੇ ਕਿਸਾਨ ਜ਼ਿੰਕ ਦੀ ਪੂਰੀ ਮਾਤਰਾ ਨਹੀਂ ਪਾਉਂਦੇ, ਉਹ ਕੇਵਲ 5-7 ਕਿੱਲੋ ਜ਼ਿੰਕ ਸਲਫੇਟ ਹੀ ਪ੍ਰਤੀ ਏਕੜ ਪਾਉਂਦੇ ਹਨ, ਜਿਸ ਕਰਕੇ ਜ਼ਿੰਕ ਦੀ ਘਾਟ ਪੂਰੀ ਨਹੀਂ ਹੁੰਦੀ। ਇਸ ਲਈ ਕਿਸਾਨ ਵੀਰਾਂ ਨੂੰ ਜ਼ਿੰਕ ਸਲਫੇਟ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਹੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਬਹੁਤੀਆਂ ਮਾੜੀਆਂ ਜ਼ਮੀਨਾਂ ਵਿਚ ਜੇਕਰ ਫੇਰ ਵੀ ਜ਼ਿੰਕ ਦੀ ਘਾਟ ਪੂਰੀ ਨਹੀਂ ਹੁੰਦੀ ਤਾਂ 10 ਕਿੱਲੋ ਹੈਪਟਾਹਾਈਡਰੇਟ ਜ਼ਿੰਕ ਸਲਫੇਟ ਜਾਂ 6.5 ਕਿੱਲੋ ਮੋਨੋਹਾਈਡ੍ਰੇਟ ਜ਼ਿੰਕ ਸਲਫੇਟ ਨੂੰ ਬਰਾਬਰ ਸੁੱਕੀ ਮਿੱਟੀ 'ਚ ਰਲਾ ਕੇ ਘਾਟ ਵਾਲੀਆਂ ਥਾਵਾਂ 'ਤੇ ਛੱਟਾ ਦਿੱਤਾ ਜਾ ਸਕਦਾ ਹੈ।
-ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ,
ਸੰਗਰੂਰ ਤੇ ਪਟਿਆਲਾ।
ਮੋਬਾ: 95018-55223