19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਧਰਤੀ ਦੀ ਤਪਸ਼ ਘਟਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਓ

ਅਜੀਤ ਡੈਸਕ 17-06-2025

ਇਸ ਸਮੇਂ ਪੰਜਾਬ ਦਾ ਤਾਪਮਾਨ 42 ਡਿਗਰੀ ਤੋਂ ਲੈ ਕੇ 46 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ। ਪੰਜਾਬ ਦਾ ਵਾਤਾਵਰਨ ਗਰਮ ਹੋਣ ਦਾ ਮੁੱਖ ਕਾਰਨ ਸੜਕਾਂ ਦੇ ਆਲੇ-ਦੁਆਲੇ ਦਰੱਖ਼ਤਾਂ ਦਾ ਵੱਢੇ ਜਾਣਾ, ਘਰੇਲੂ ਏ.ਸੀ. ਅਤੇ ਏ.ਸੀ. ਗੱਡੀਆਂ ਦੀ ਮਿਕਦਾਰ ਵਿਚ ਵਾਧਾ ਹੋਣਾ ਹੈ। ਜੇਕਰ ਵਾਕਿਆ ਹੀ ਅਸੀਂ ਇਸ ਵਧ ਰਹੀ ਗਰਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਅਤੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਰੁੱਖ ਲਗਾਉਣ ਦੀ ਅਤਿ ਲੋੜ ਹੈ। ਅਸੀਂ ਵੇਖਦੇ ਹਾਂ ਕਈ ਪ੍ਰੋਗਰਾਮਾਂ ਦੌਰਾਨ ਬੂਟੇ ਲਗਾਏ ਜਾਂਦੇ ਹਨ ਅਤੇ ਉਸ ਸਮੇਂ ਦੀਆਂ ਤਸਵੀਰਾਂ ਅਖ਼ਬਾਰਾਂ 'ਚ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਪਰ ਇਹ ਸਭ ਕੁਝ ਕੇਵਲ ਤਸਵੀਰਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਕਿਸੇ ਵੀ ਬੂਟੇ ਦੇ ਵਾਧੇ ਵਿਚ ਉਸ ਦਾ ਸਹੀ ਸਮੇਂ 'ਤੇ ਲਗਾਉਣਾ ਅਤੇ ਬਾਅਦ ਵਿਚ ਬੂਟੇ ਦੀ ਸਹੀ ਦੇਖਭਾਲ ਅਹਿਮ ਭੂਮਿਕਾ ਨਿਭਾਉਂਦੀ ਹੈ।
ਕਈ ਵਿਅਕਤੀ ਮਈ-ਜੂਨ ਮਹੀਨੇ 'ਚ ਬੂਟੇ ਲਗਾਉਂਦੇ ਹਨ, ਪਰ ਇਸ ਸਮੇਂ ਬੂਟੇ ਨਹੀਂ ਲਗਾਉਣੇ ਚਾਹੀਦੇ। ਇਨ੍ਹਾਂ ਮਹੀਨਿਆਂ ਵਿਚ ਪਹਿਲਾਂ ਤੋਂ ਲੱਗੇ ਬੂਟੇ ਗਰਮੀ ਨਾਲ ਮਰ ਰਹੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦਿਨਾਂ ਵਿਚ ਜ਼ਮੀਨ ਅਤੇ ਬੂਟਿਆਂ ਤੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਸਮੇਂ ਨਵੇਂ ਲਗਾਏ ਬੂਟਿਆਂ ਦੀਆਂ ਜੜ੍ਹਾਂ ਵਧ-ਫੁੱਲ ਨਹੀਂ ਸਕਣਗੀਆਂ, ਜਿਨ੍ਹਾਂ ਨੇ ਪਾਣੀ ਜਜ਼ਬ ਕਰਨਾ ਹੁੰਦਾ ਹੈ। ਨਤੀਜੇ ਵਜੋਂ ਬੂਟੇ ਜਲਦੀ ਸੁੱਕ ਜਾਂਦੇ ਹਨ। ਬੂਟੇ ਲਗਾਉਣ ਦਾ ਢੁੱਕਵਾਂ ਸਮਾਂ 15 ਜੁਲਾਈ ਤੋਂ 15 ਸਤੰਬਰ ਤੱਕ ਦਾ ਹੁੰਦਾ ਹੈ। ਉਸ ਸਮੇਂ ਮੌਨਸੂਨ ਹਵਾਵਾਂ ਰਾਹੀਂ ਮੀਂਹ ਪੈਂਦਾ ਰਹਿੰਦਾ ਹੈ। ਬਰਸਾਤਾਂ ਦੇ ਮੌਸਮ 'ਚ ਬੂਟੇ ਦਾ ਵਿਸਥਾਰ ਜਲਦੀ ਹੁੰਦਾ ਹੈ। ਬੂਟੇ ਲਗਾਉਂਦੇ ਸਮੇਂ ਬੂਟੇ ਤੋਂ ਬੂਟੇ ਵਿਚਕਾਰ ਦੀ ਦੂਰੀ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਬੂਟੇ ਦਾ ਵਿਸਥਾਰ ਘੱਟ ਹੋਣਾ ਹੈ ਤਾਂ 10 ਤੋਂ 15 ਫੁੱਟ ਦੇ ਫ਼ਾਸਲੇ 'ਤੇ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਬੂਟੇ ਦਾ ਵਿਸਥਾਰ ਜ਼ਿਆਦਾ ਹੋਣਾ ਹੋਵੇ ਤਾਂ 25 ਤੋਂ 30 ਫੁੱਟ ਦੇ ਫ਼ਾਸਲੇ 'ਤੇ ਲਗਾਉਣੇ ਚਾਹੀਦੇ ਹਨ। ਬੂਟੇ ਦੇ ਸਹੀ ਵਾਧੇ ਲਈ ਬੂਟਾ ਲਗਾਉਣ ਤੋਂ 10-15 ਦਿਨ ਪਹਿਲਾਂ 1.5 ਫੁੱਟ ਤੋਂ 2 ਫੁੱਟ ਦਾ ਡੂੰਘਾ ਟੋਇਆ ਪੁੱਟ ਲੈਣਾ ਚਾਹੀਦਾ ਹੈ। ਫਿਰ ਉਸ ਵਿਚ ਅੱਧੀ ਉਪਰਲੀ ਮਿੱਟੀ ਅਤੇ ਅੱਧੀ ਗਲੀ-ਸੜੀ ਰੂੜੀ ਦੀ ਖਾਦ ਮਿਲਾ ਕੇ ਪਾਉਣੀ ਚਾਹੀਦੀ ਹੈ। ਜੇਕਰ ਹੋ ਸਕੇ ਤਾਂ ਬੂਟੇ ਲਾਉਣ ਤੋਂ ਪਹਿਲਾਂ ਟੋਇਆਂ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ। ਇਸ ਨਾਲ ਰੂੜੀ ਦੀ ਗਰਮਾਇਸ਼ ਖ਼ਤਮ ਹੋ ਜਾਵੇਗੀ ਅਤੇ ਟੋਇਆਂ ਦੀ ਮਿੱਟੀ ਹੇਠਾਂ ਬੈਠ ਜਾਵੇਗੀ। ਇਹ ਕੰਮ ਜੁਲਾਈ ਦੇ ਪਹਿਲੇ ਪੰਦ੍ਹਰਵਾੜੇ ਦੌਰਾਨ ਕਰ ਲੈਣਾ ਚਾਹੀਦਾ ਹੈ ਤਾਂ ਜੋ ਦੂਜੇ ਪੰਦ੍ਹਰਵਾੜੇ ਦੌਰਾਨ ਬੂਟੇ ਢੁਕਵੇਂ ਸਮੇਂ 'ਤੇ ਲਗਾਏ ਜਾ ਸਕਣ। ਫਿਰ ਬੂਟੇ ਲਗਾਉਣ ਉਪਰੰਤ 20 ਮਿ.ਲਿ. ਕਲੋਰੋਪਾਈਰੋਫਾਸ 20 ਈ.ਸੀ. ਦਵਾਈ 10 ਲਿਟਰ ਪਾਣੀ ਵਿਚ ਘੋਲ ਕੇ ਸਿਉਂਕ ਤੋਂ ਬਚਾਅ ਲਈ ਪਾ ਦੇਣੀ ਚਾਹੀਦੀ ਹੈ। ਜੇਕਰ ਬੂਟਾ ਟੇਢਾ ਹੋਵੇ ਤਾਂ ਉਸ ਨੂੰ ਸੋਟੀ ਦਾ ਸਹਾਰਾ ਲਾ ਦੇਣਾ ਚਾਹੀਦਾ ਹੈ। ਜੇਕਰ ਬੂਟੇ ਸੜਕਾਂ ਦੇ ਆਲੇ-ਦੁਆਲੇ ਜਾਂ ਕਾਲੋਨੀਆਂ ਵਿਚ ਲਗਾਉਣੇ ਹਨ ਤਾਂ ਡੰਗਰਾਂ ਤੋਂ ਬਚਾਅ ਲਈ ਇਨ੍ਹਾਂ ਦੁਆਲੇ 'ਟ੍ਰੀ ਗਾਰਡ' ਜ਼ਰੂਰ ਲਗਾਉਣੇ ਚਾਹੀਦੇ ਹਨ। ਬੂਟੇ ਦੀ ਸੁੱਚਜੀ ਦੇਖਭਾਲ ਲਈ ਨਵੇਂ ਲਗਾਏ ਬੂਟਿਆਂ ਨੂੰ ਹਫ਼ਤੇ ਵਿਚ ਦੋ ਵਾਰ ਪਾਣੀ ਜ਼ਰੂਰ ਲਗਾਉਣਾ ਚਾਹੀਦਾ ਹੈ। ਵੇਲਾਂ ਤੇ ਨਦੀਨਾਂ ਤੋਂ ਬਚਾਅ ਲਈ ਘੱਟੋ-ਘੱਟ ਹਰ ਮਹੀਨੇ ਬੂਟਿਆਂ ਦੀ ਗੋਡੀ ਕਰਦੇ ਰਹਿਣਾ ਚਾਹੀਦਾ ਹੈ। ਤਕਰੀਬਨ 6 ਮਹੀਨੇ ਬਾਅਦ ਬੂਟਿਆਂ ਨੂੰ ਦੁਬਾਰਾ ਸਿਉਂਕ ਤੋਂ ਬਚਾਉਣ ਲਈ ਦਵਾਈ ਪਾ ਦੇਣੀ ਚਾਹੀਦੀ ਹੈ।
ਅੱਜ ਰਵਾਇਤੀ ਦਰੱਖ਼ਤ ਖ਼ਤਮ ਹੋ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਸਜਾਵਟੀ ਬੂਟਿਆਂ ਨੇ ਲੈ ਲਈ ਹੈ। ਸਾਬਕਾ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਸਵਰਨ ਸਿੰਘ ਮਾਨ (ਸੇਵਾਮੁਕਤ) ਕਹਿੰਦੇ ਹਨ ਕਿ ਜੇਕਰ ਸਾਂਝੀ ਖੁੱਲ੍ਹੀ ਥਾਂ ਉਪਲਬਧ ਹੈ ਤਾਂ ਉੱਥੇ ਸਜਾਵਟੀ ਬੂਟਿਆਂ ਦੀ ਥਾਂ ਰਵਾਇਤੀ ਬੂਟਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਅਜਿਹੀ ਥਾਵਾਂ 'ਤੇ ਪਿੱਪਲ ਅਤੇ ਨਿੰਮ ਦੇ ਬੂਟੇ ਲਗਾਉਣੇ ਚਾਹੀਦੇ ਹਨ। ਇਹ ਬੂਟੇ ਦਿਨ-ਰਾਤ ਵਾਤਾਵਰਨ ਨੂੰ ਆਕਸੀਜਨ ਦਿੰਦੇ ਹਨ। ਇਨ੍ਹਾਂ ਰਵਾਇਤੀ ਬੂਟਿਆਂ ਨੂੰ ਦੁਬਾਰਾ ਲਗਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਦੀ ਵਿਗੜਦੀ ਹਾਲਤ ਸੁਧਾਰੀ ਜਾ ਸਕੇ। ਪਿੱਪਲ ਤੇ ਨਿੰਮ ਤੋਂ ਇਲਾਵਾ ਹੋਰ ਰਵਾਇਤੀ ਦਰੱਖਤਾਂ ਜਿਵੇਂ ਪਿਲਕਣ, ਗੂਲਰ, ਬੋਹੜ, ਬਹੇੜਾ, ਮਹੂਆ, ਕਿੱਕਰ ਦੇਸੀ, ਸ਼ਰੀਂਹ, ਢੱਕ, ਜੰਡ, ਇਮਲੀ, ਟਾਹਲੀ, ਖੈਰ, ਰੇਰੂ, ਫਾਲਸਾ, ਫਲਾਹੀ, ਸ਼ਹਿਤੂਤ, ਮੋਲਸਰੀ, ਕਟਹਲ, ਸਿੰਬਲ, ਕਰੋਂਦਾ, ਕਚਨਾਰ, ਪੁਤਰਨ ਜੀਵਾ, ਬਿਲ, ਸੀਤਾ, ਅਸ਼ੋਕ, ਲਸੂੜਾ, ਹਰੜ, ਢੇਹੂ, ਸੰਭਾਲੂ, ਬਾਂਸ, ਅੰਜੀਰ, ਮਲੇ ਬੇਰ, ਵਣ, ਰਹੂੜਾ, ਕਰੀਰ, ਖਿਰਨੀ, ਤੇਂਦੂ, ਜਾਮਣ, ਦੇਸੀ ਅੰਬ ਅਤੇ ਚਮਰੋੜ ਆਦਿ 'ਚੋਂ ਵੀ ਚੋਣ ਕੀਤੀ ਜਾ ਸਕਦੀ ਹੈ।
ਘਰਾਂ ਜਾਂ ਹੋਟਲਾਂ ਦੇ ਆਲੇ-ਦੁਆਲੇ ਖ਼ੁਸ਼ਬੂਦਾਰ ਝਾੜੀ ਜਾਂ ਦਰੱਖ਼ਤ ਵੀ ਲਗਾਏ ਜਾ ਸਕਦੇ ਹਨ। ਖ਼ੁਸ਼ਬੂਦਾਰ ਝਾੜੀਆਂ ਜਿਵੇਂ ਹਾਰ ਸ਼ਿੰਗਾਰ, ਰਾਤ ਦੀ ਰਾਣੀ, ਦਿਨ ਦਾ ਰਾਜਾ, ਮੋਤੀਆ, ਗਾਰਡੀਨੀਆ, ਚਿਲਟਾ, ਮਰਈਆ ਆਦਿ ਅਤੇ ਖ਼ੁਸ਼ਬੂਦਾਰ ਦਰੱਖ਼ਤਾਂ ਜਿਵੇਂ ਕਣਕ ਚੰਪਾ, ਪਰੀ ਚੰਪਾ ਅਤੇ ਬੜਾ ਚੰਪਾ ਆਦਿ ਲਗਾਏ ਜਾ ਸਕਦੇ ਹਨ।
ਜੇਕਰ ਫੁੱਲਾਂ ਵਾਲੇ ਦਰੱਖ਼ਤ ਲਗਾਉਣਾ ਚਾਹੁੰਦੇ ਹੋ ਤਾਂ ਗੁਲਾਚੀਨ, ਬੋਤਲ ਬਰੱਸ਼, ਕੇਸੀਆ ਜਾਵਾਨੀਕ, ਪਿੰਕ ਕੇਸੀਆ, ਮੈਕਸੀਕਾਨ ਸਿਲਕ ਕਾਟਨ ਟ੍ਰੀ, ਗੁਲਮੋਹਰ, ਅਰਾਈਥਰੀਨਾ, ਨੀਲੀ ਗੁਲਮੋਹਰ ਆਦਿ ਲਗਾ ਸਕਦੇ ਹੋੋ। ਜੇਕਰ ਫੁੱਲਾਂ ਵਾਲੀਆਂ ਝਾੜੀਆਂ ਲਗਾਉਣਾ ਚਾਹੁੰਦੇ ਹੋ ਤਾਂ ਕਲੀਐਡਰਾ, ਯੂਫੋਰਬੀਆ, ਹਮੇਲੀਆ, ਜੈਟਰੋਫਾ, ਲਿਨਾਟਾਨਾ, ਰੁਸੇਲੀਆ, ਕੇਸੀਆ ਗਲੂਕਾ, ਸਿੰਗਲ ਚਾਂਦਨੀ, ਡਬਲ ਚਾਂਦਨੀ, ਡਵਾਰਫ ਚਾਂਦਨੀ, ਵੈਰੀਗੇਟਿਡ ਚਾਂਦਨੀ, ਟੀਕੋਮਾ ਸਪੇਨ, ਪੀਲੀ ਕਨੇਰ, ਡਬੋਆ, ਰੁਕਮੰਜਨੀ, ਮੁਸੰਡਾ, ਪੋਆਇਨਸਿਟੀਆ, ਗੁਲਮੋਹਰੀ ਮਰੋਣੀਆ, ਹਾਰ ਸ਼ਿੰਗਾਰ, ਮਰਈਆ ਆਦਿ ਲਗਾ ਸਕਦੇ ਹੋ।
ਉਕਤ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਵਿਭਾਗ, ਪੰਜਾਬ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ ਬਹੁਤ ਹੀ ਵਾਜਬ ਕੀਮਤਾਂ 'ਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਈ ਪ੍ਰਾਈਵੇਟ ਸੰਸਥਾਵਾਂ ਵੀ ਮੁਫ਼ਤ ਬੂਟੇ ਸਪਲਾਈ ਕਰਦੀਆਂ ਹਨ, ਜਿਸ ਵਿਚ 'ਰਾਊਂਡ ਗਲਾਸ ਫਾਊਂਡੇਸ਼ਨ, ਪਟਿਆਲਾ' ਅਤੇ 'ਈਕੋ ਸਿੱਖ ਸੰਸਥਾ' ਆਦਿ ਸ਼ਾਮਿਲ ਹਨ।
ਜੇਕਰ ਪੰਜਾਬ ਸਰਕਾਰ ਇਹ ਜ਼ਰੂਰੀ ਕਰ ਦੇਵੇ ਕਿ ਸ਼ਹਿਰਾਂ ਵਿਚ ਘਰ ਦਾ ਨਕਸ਼ਾ ਪਾਸ ਕਰਨ ਸਮੇਂ ਕੋਈ ਇਕ ਬੂਟਾ ਘਰ 'ਚ ਲਗਾਇਆ ਜਾਵੇ ਅਤੇ ਇਸੇ ਤਰ੍ਹਾਂ ਪਿੰਡਾਂ ਦੇ ਟਿਊਬਵੈੱਲਾਂ 'ਤੇ ਘੱਟੋ-ਘੱਟ 4 ਤੋਂ 5 ਦਰੱਖ਼ਤ ਲਗਾਏ ਜਾਣ। ਇਸ ਤਰ੍ਹਾਂ ਪੰਜਾਬ ਦੇ ਵਾਤਾਵਰਨ ਨੂੰ ਹਰਾ-ਭਰਾ ਕਰਨ 'ਚ ਬਹੁਤ ਮਦਦ ਮਿਲੇਗੀ। ਪੰਜਾਬ ਸਰਕਾਰ ਨੂੰ ਸਾਂਝੀਆਂ ਥਾਵਾਂ ਜਾਂ ਸ਼ਾਮਲਾਟ ਜ਼ਮੀਨਾਂ ਅਤੇ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ ਦੇ ਆਲੇ-ਦੁਆਲੇ ਬੂਟੇ ਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਕਤ ਬੂਟਿਆਂ ਦੀ ਦੇਖਭਾਲ ਲਈ ਮਨਰੇਗਾ ਵਰਕਰਾਂ ਤੋਂ ਕੰਮ ਲਿਆ ਜਾ ਸਕਦਾ ਹੈ। ਬਰਸਾਤ ਦੇ ਦਿਨਾਂ ਵਿਚ ਬੂਟੇ ਲਗਾਉਣ ਵਾਲੀ ਜਗ੍ਹਾ 'ਤੇ ਟੋਏ ਪੁੱਟ ਕੇ ਸਿੱਧੇ ਤੌਰ 'ਤੇ ਅੰਬਾਂ ਦੀਆਂ ਗੁਠਲੀਆਂ, ਜਾਮਣਾਂ ਅਤੇ ਲੀਚੀ ਦੀਆਂ ਗਿਟਕਾਂ, ਕਟਹਲ, ਬਿੱਲ, ਲੁਕਾਠ ਅਤੇ ਫ਼ਾਲਸੇ ਦਾ ਬੀਜ ਆਦਿ ਬੀਜਿਆ ਜਾ ਸਕਦਾ ਹੈ। ਹਰੇਕ ਟੋਏ ਵਿੱਚ 2 ਤੋਂ 3 ਬੀਜ ਬੀਜਣੇ ਚਾਹੀਦੇ ਹਨ। ਟੋਏ ਦੀ ਮਿੱਟੀ ਦਾ ਪੱਧਰ ਜ਼ਮੀਨ ਦੇ ਪੱਧਰ ਨਾਲੋਂ 3-4 ਇੰਚ ਨੀਵਾਂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕੋਈ ਖ਼ਾਸ ਖ਼ਰਚਾ ਨਹੀਂ ਹੋਵੇਗਾ। ਇਸ ਨਾਲ ਵਾਤਾਵਰਨ ਸੁਧਾਰ ਦੇ ਉਦੇਸ਼ 'ਚ 50-60 ਫ਼ੀਸਦੀ ਕਾਮਯਾਬੀ ਮਿਲ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਬਾਗ਼ਬਾਨੀ ਵਿਭਾਗ ਪੰਜਾਬ (ਪੀ.ਏ.ਯੂ. ਲੁਧਿਆਣਾ), ਜ਼ਿਲ੍ਹੇ ਦੇ ਕੇ.ਵੀ.ਕੇ. ਜਾਂ ਪੰਜਾਬ ਜੰਗਲਾਤ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਜੋ ਨਾ ਸਿਰਫ਼ ਬੂਟੇ ਲਗਾਏ ਜਾਣ, ਸਗੋਂ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾ ਸਕੇ ਕਿਉਂਕਿ ਬੂਟੇ ਲਗਾਉਣ ਨਾਲੋਂ ਜ਼ਿਆਦਾ ਬੂਟਿਆਂ ਦੀ ਸੰਭਾਲ ਕਰਨੀ ਅਤਿ ਜ਼ਰੂਰੀ ਹੈ।

ਈ-ਮੇਲ : bhagwandass226@gmail.com

ਪਿਛਲੀ ਖ਼ਬਰ ਅਮਰੂਦਾਂ 'ਚ ਵਾਤਾਵਰਨ ਪੱਖੀ ਫਰੂਟ ਫ਼ਲਾਈ ਟਰੈਪ ਅਪਣਾਓ ਅਗਲੀ ਖ਼ਬਰ ਝੋਨੇ ਤੇ ਬਾਸਮਤੀ 'ਚ ਸਿਫ਼ਾਰਸ਼ ਅਨੁਸਾਰ ਹੀ ਜ਼ਿੰਕ ਦੀ ਮਾਤਰਾ ਪਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।