ਫ਼ਲ ਦੀਆਂ ਮੱਖੀਆਂ ਫ਼ਲਾਂ ਦੀ ਵਧੇਰੇ ਪੈਦਾਵਾਰ ਅਤੇ ਗੁਣਵੱਤਾ ਨੂੰ ਨੁਕਸਾਨ ਪਹੁੰਚਾ ਕੇ ਬਾਗਬਾਨ ਲਈ ਉਲਝਣ ਪੈਦਾ ਕਰਦੀਆਂ ਹਨ। ਇਹ ਮੱਖੀਆਂ ਪੰਜਾਬ ਵਿਚ ਅਮਰੂਦ ਦੀ ਬਰਸਾਤ ਰੁੱਤ ਵਾਲੇ ਫ਼ਲਾਂ ਦਾ ਤਕਰੀਬਨ 100 ਫ਼ੀਸਦੀ ਤੱਕ ਨੁਕਸਾਨ ਕਰਦੀਆਂ ਹਨ। ਸਭ ਤੋਂ ਵਧੇਰੇ ਨੁਕਸਾਨ ਅਮਰੂਦ ਦੇ ਬਰਸਾਤ ਰੁੱਤ ਵਾਲੇ ਫ਼ਲਾਂ ਦਾ ਹੁੰਦਾ ਹੈ। ਇਨ੍ਹਾਂ ਮੱਖੀਆਂ ਦੀ ਰੋਕਥਾਮ ਕਰਨੀ ਬਹੁਤ ਔਖੀ ਹੈ ਕਿਉਂਕਿ ਇਹ ਬਹੁਤ ਸਾਰੇ ਫ਼ਲਾਂ ਅਤੇ ਸਬਜ਼ੀਆਂ ਤੇ ਪਲਦੀਆਂ ਹਨ। ਇਕ ਸਾਲ ਵਿਚ ਇਨ੍ਹਾਂ ਦੀਆਂ ਕਈ ਪੁਸ਼ਤਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੇ ਕਈ ਛਿੜਕਾਅ ਕਰਨ ਦੇ ਬਾਵਜੂਦ ਵੀ ਵਧੀਆ ਰੋਕਥਾਮ ਨਹੀਂ ਹੁੰਦੀ, ਬਲਕਿ ਪੌਣ-ਪਾਣੀ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਸਮੱਸਿਆ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਵਲੋਂ ਤਿਆਰ ਫਰੂਟ ਫ਼ਲਾਈ ਟਰੈਪ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਪੀ.ਏ.ਯੂ. ਫਰੂਟ ਫ਼ਲਾਈ ਟਰੈਪ ਦੀ ਵਰਤੋਂ: ਅਮਰੂਦਾਂ ਦੇ ਬਾਗਾਂ ਵਿੱਚ ਟਰੈਪਾਂ ਨੂੰ ਟੰਗਣ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਹਫ਼ਤਾ ਹੈ।
16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾ ਸਕਦੇ ਹਨ ਅਤੇ ਲੋੜ ਪੈਣ ਤੇ ਟਰੈਪ ਦੁਬਾਰਾ ਲਗਾਓ।
ਫ਼ਲਾਂ ਦੀ ਪੂਰੀ ਤੁੜਾਈ ਤੱਕ ਟਰੈਪਾਂ ਨੂੰ ਬਾਗਾਂ ਵਿੱਚ ਹੀ ਟੰਗੋ ਅਤੇ ਇਨ੍ਹਾਂ ਟਰੈਪਾਂ ਨੂੰ ਬੂਟਿਆਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1-1.5 ਮੀਟਰ ਉੱਚੇ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ ਦੀ ਮਦਦ ਨਾਲ ਟੰਗੋ।
ਜੇਕਰ ਫ਼ਲਾਂ 'ਤੇ ਮੱਖੀ ਦਾ ਤਾਜ਼ਾ ਹਮਲਾ ਬਾਗ ਵਿੱਚ ਟਰੈਪ ਲਾਉਣ ਤੋਂ ਬਾਅਦ ਜ਼ਿਆਦਾ ਹੋਵੇ ਤਾਂ ਟਰੈਪ ਵਿਚ ਖ਼ੁਸ਼ਬੂ ਦੀ ਨਵੀਂ ਟਿੱਕੀ ਜ਼ਰੂਰ ਲਗਾਓ।
ਪੀ.ਏ.ਯੂ. ਫਰੂਟ ਫ਼ਲਾਈ ਟਰੈਪ ਦੀ ਮਹੱਤਵਤਾ:
ਬਾਗਾਂ ਵਿਚ ਇਸ ਦੀ ਵਰਤੋਂ ਇਕ ਵਾਤਾਵਰਨ-ਸਹਾਈ ਤਕਨੀਕ ਹੈ ਅਤੇ ਕੀਟਨਾਸ਼ਕਾਂ ਤੇ ਆਉਂਦੇ ਖ਼ਰਚ ਦੇ ਮੁਕਾਬਲੇ ਇਹ ਸਸਤਾ ਤਰੀਕਾ ਹੈ। ਕੀਟਨਾਸ਼ਕਾਂ ਦੇ ਮੁਕਾਬਲੇ ਟਰੈਪ ਦੀ ਵਰਤੋਂ ਨਾਲ ਬਾਗਾਂ ਵਿਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ। ਇਸ ਤਕਨੀਕ ਰਾਹੀ ਪਾਣੀ ਦੀ ਬੇਲੋੜੀ ਵਰਤੋਂ ਜੋ ਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਕੀਤੀ ਜਾਂਦੀ ਹੈ, ਬਹੁਤ ਘੱਟ ਜਾਂਦੀ ਹੈ।
ਫ਼ਲਾਂ ਦੀ ਗੁਣਵਤਾ ਅਤੇ ਝਾੜ੍ਹ ਵੱਧਦੇ ਹਨ ਜਿਸ ਦਾ ਸਿੱਧਾ ਪ੍ਰਭਾਵ ਮੰਡੀਕਰਨ ਯੋਗ ਫ਼ਲ 'ਤੇ ਪੈਂਦਾ ਹੈ । ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ 'ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ।
ਮੱਖੀਆਂ ਦੇ ਸੰਯੁਕਤ ਕੀਟ ਪ੍ਰਬੰਧ ਵਿੱਚ ਟਰੈਪਾਂ ਦੀ ਵਰਤੋਂ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ ਅਤੇ ਟਰੈਪ ਬਰਸਾਤਾਂ ਵਿਚ ਵੀ ਕਾਮਯਾਬ ਹੁੰਦੇ ਹਨ।
ਟਰੈਪਾਂ ਨੂੰ ਫ਼ਲਾਂ ਦੀ ਤੁੜਾਈ ਖਤਮ ਹੋਣ ਤੋਂ ਬਾਅਦ ਵੱਖ-ਵੱਖ ਫ਼ਲਾਂ ਦੇ ਬਾਗਾਂ ਵਿਚ ਵਰਤਿਆ ਜਾ ਸਕਦਾ ਹੈ ਪਰ ਲੋੜ ਪੈਣ 'ਤੇ ਖ਼ੁਸ਼ਬੂ ਦੀ ਟਿੱਕੀ ਬਦਲੋ।
ਨਰ ਮੱਖੀਆਂ ਲਗਭਗ 6000 ਦੇ ਕਰੀਬ ਇਸ ਤਕਨੀਕ ਦੀ ਵਰਤੋਂ ਨਾਲ ਥੋੜ੍ਹੇ ਸਮੇਂ ਵਿਚ ਹੀ ਟਰੈਪ ਵਿਚ ਫ਼ਸ ਕੇ ਮਰ ਜਾਂਦੀਆਂ ਹਨ, ਜਿਸ ਕਰਕੇ ਨਰ ਅਤੇ ਮਾਦਾ ਮੱਖੀਆਂ ਦੇ ਸੰਭੋਗ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ ਅਤੇ ਨਵੀਆਂ ਮੱਖੀਆਂ ਦੀ ਪੈਦਾਵਾਰ ਬਹੁਤ ਘੱਟ ਜਾਂਦੀ ਹੈ।
ਇਹ ਟਰੈਪ ਪੀ.ਏ.ਯੂ. ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਵਿਚ ਉਪਲਬਧ ਹਨ।
-ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।