ਸਿਹਤਮੰਦ ਰੱਖਣ ਦੇ ਨਾਲ-ਨਾਲ ਔਲਾ ਸਾਡੀ ਸੁੰਦਰਤਾ ਲਈ ਵੀ ਲਾਭਕਾਰੀ ਹੁੰਦਾ ਹੈ। ਇਸ ਦੀ ਰੋਜ਼ ਵਰਤੋਂ ਨਾਲ ਸਾਡੀ ਚਮੜੀ ਵਿਚ ਕਸਾਅ ਆਉਂਦਾ ਹੈ, ਵਾਲਾਂ ਵਿਚ ਚਮਕ ਆਉਂਦੀ ਹੈ ਅਤੇ ਵਾਲਾਂ ਦੀ ਸਿੱਕਰੀ ਦੀ ਸਮੱਸਿਆ ਦੂਰ ਰਹਿੰਦੀ ਹੈ। ਆਓ, ਜਾਣੀਏ ਸੁੰਦਰਤਾ ਬਰਕਰਾਰ ਰੱਖਣ ਲਈ ਇਸ ਦੇ ਗੁਣਾਂ ਨੂੰ :
ਐਕਨੇ ਦਾ ਦਾਗ਼ : ਆਉਲੇ ਦੀ ਰੋਜ਼ ਵਰਤੋਂ ਕਰਨ ਨਾਲ ਚਮੜੀ 'ਤੇ ਪਈਆਂ ਛਾਈਆਂ ਅਤੇ ਐਕਨੇ ਦੇ ਨਿਸ਼ਾਨ ਦੂਰ ਹੁੰਦੇ ਹਨ। ਔਲਾ-ਜੂਸ ਨੂੰ ਆਪਣੇ ਚਿਹਰੇ 'ਤੇ ਲਗਾ ਕੇ 30 ਮਿੰਟ ਲਈ ਛੱਡ ਦਿਓ। ਬਾਅਦ ਵਿਚ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਜੇਕਰ ਤੁਹਾਡੀ ਚਮੜੀ ਨਾਜ਼ੁਕ ਹੈ ਤਾਂ ਜੂਸ ਵਿਚ ਥੋੜ੍ਹਾ ਪਾਣੀ ਮਿਲਾ ਕੇ ਲਗਾਓ। ਚੰਗੇ ਨਤੀਜੇ ਲਈ ਇਸ ਦੀ ਵਰਤੋਂ ਰੋਜ਼ ਕਰੋ।
ਮਰੀ ਹੋਈ ਚਮੜੀ ਤੋਂ ਛੁਟਕਾਰਾ : ਔਲੇ ਦਾ ਜੂਸ ਸਾਡੀ ਚਮੜੀ 'ਤੇ ਇਕ ਸਕਰੱਬ ਦਾ ਕੰਮ ਵੀ ਕਰਦਾ ਹੈ। ਇਸ ਦੇ ਲਗਾਉਣ ਜਾਂ ਵਰਤੋਂ ਕਰਨ ਨਾਲ ਸਾਡੀ ਮਰੀ ਹੋਈ ਚਮੜੀ ਦੂਰ ਹੁੰਦੀ ਹੈ ਅਤੇ ਚਮੜੀ ਸਾਫ਼ ਅਤੇ ਸੁੰਦਰ ਲਗਦੀ ਹੈ। ਔਲੇ ਵਿਚ ਵਿਟਾਮਿਨ 'ਸੀ' ਅਤੇ ਐਂਟੀਆਕਸੀਡੈਂਟ ਗੁਣ ਹੋਣ ਕਾਰਨ ਚਮੜੀ ਵਿਚ ਕਸਾਅ ਆਉਂਦਾ ਹੈ ਅਤੇ ਚਮੜੀ ਦੀ ਰੰਗਤ ਵਿਚ ਸੁਧਾਰ ਆਉਂਦਾ ਹੈ। ਇਕ ਚਮਚ ਔਲਾ ਪਾਊਡਰ ਵਿਚ ਥੋੜ੍ਹਾ ਗਰਮ ਪਾਣੀ ਮਿਲਾ ਕੇ ਪੇਸਟ ਬਣਾਓ ਅਤੇ ਚਮੜੀ 'ਤੇ ਲਗਾਓ। ਹਥੇਲੀਆਂ ਦੀ ਸਹਾਇਤਾ ਨਾਲ ਰਗੜੋ ਅਤੇ ਪੰਜ ਮਿੰਟ ਬਾਅਦ ਚਿਹਰਾ ਧੋ ਲਓ। ਜੇਕਰ ਚਾਹੋ ਤਾਂ ਉਸ ਪੇਸਟ ਵਿਚ ਚੁਟਕੀ ਭਰ ਹਲਦੀ ਵੀ ਮਿਲਾ ਸਕਦੇ ਹੋ।
ਵਾਲਾਂ ਦਾ ਡਿੱਗਣਾ : ਜੇਕਰ ਵਾਲਾਂ ਦੇ ਡਿੱਗਣ ਦੀ ਸਮੱਸਿਆ ਤੋਂ ਤੁਸੀਂ ਪ੍ਰੇਸ਼ਾਨ ਹੋ ਤਾਂ ਸੁੱਕੇ ਔਲੇ ਨੂੰ ਚੰਗੀ ਤਰ੍ਹਾਂ ਉਬਾਲ ਲਓ। ਠੰਢਾ ਹੋਣ 'ਤੇ ਨਰਮ ਹੋਏ ਔਲੇ ਨੂੰ ਮਸਲ ਲਓ। ਇਸ ਨੂੰ ਸਿਰ ਦੀ ਚਮੜੀ ਜਾਂ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ ਅਤੇ ਵਾਲਾਂ 'ਤੇ ਵੀ। ਹਫ਼ਤੇ ਵਿਚ ਇਕ ਵਾਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਔਲਾ ਜੂਸ ਨੂੰ ਵਾਲਾਂ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ, ਫਿਰ ਧੋਵੋ। ਵਾਲਾਂ ਦੀ ਚਮਕ ਵਿਚ ਵਾਧਾ ਹੋਵੇਗਾ। ਖ਼ੁਸ਼ਕ ਵਾਲਾਂ ਵਿਚ ਸਿਰ ਧੋਣ ਤੋਂ ਪਹਿਲਾਂ ਔਲੇ ਦਾ ਤੇਲ ਲਗਾਓ, ਫਿਰ ਵਾਲ ਧੋ ਲਓ। ਆਉਲੇ ਦੀ ਵਰਤੋਂ ਵਾਲਾਂ 'ਤੇ ਕੰਡੀਸ਼ਨਰ ਦੇ ਰੂਪ ਵਿਚ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਵਾਲਾਂ ਦੀ ਚਮਕ ਬਰਕਰਾਰ ਰਹੇ।
ਘਰ 'ਚ ਬਣਾਓ ਔਲੇ ਦਾ ਤੇਲ : ਸਮੱਗਰੀ : ਇਕ ਕੱਪ ਤਾਜ਼ਾ ਔਲੇ ਦਾ ਜੂਸ, ਇਕ ਕੱਪ ਨਾਰੀਅਲ ਤੇਲ। ਤਾਜ਼ੇ ਔਲੇ ਦੇ ਬੀਜ ਆਉਲੇ ਤੋਂ ਵੱਖਰੇ ਕਰੋ। ਫਿਰ ਔਲੇ ਨੂੰ ਬਿਨਾਂ ਪਾਣੀ ਮਿਲਾਏ ਗ੍ਰਾਈਂਡ ਕਰੋ। ਫਿਰ ਔਲੇ ਦਾ ਜੂਸ ਇਕ ਭਾਂਡੇ ਵਿਚ ਛਾਣ ਕੇ ਕੱਢੋ। ਨਾਰੀਅਲ ਤੇਲ ਅਤੇ ਔਲੇ ਦੇ ਜੂਸ ਨੂੰ ਉਬਾਲੋ, 10-15 ਮਿੰਟ ਬਾਅਦ ਜੂਸ ਦਾ ਪਾਣੀ ਭਾਫ਼ ਬਣ ਕੇ ਉਡ ਜਾਵੇਗਾ ਅਤੇ ਭੂਰੇ ਰੰਗ ਦਾ ਪੇਸਟ ਪੈਨ ਵਿਚ ਹੇਠਾਂ ਬਚ ਜਾਵੇਗਾ। ਠੰਢਾ ਹੋਣ 'ਤੇ ਛਾਣੋ ਅਤੇ ਬੋਤਲ ਵਿਚ ਭਰ ਲਓ। ਸਿਰ ਧੋਣ ਤੋਂ 20 ਮਿੰਟ ਪਹਿਲਾਂ ਇਹ ਤੇਲ ਵਾਲਾਂ 'ਤੇ ਲਗਾਓ ਅਤੇ ਵਾਲ ਧੋ ਲਓ। ਵਾਲ ਸੰਘਣੇ, ਨਰਮ ਅਤੇ ਚਮਕਦਾਰ ਬਣਨਗੇ।
ਸਾਡੀ ਸੁੰਦਰਤਾ ਦਾ ਸਹਿਯੋਗੀ - ਔਲਾ
ਅਜੀਤ ਡੈਸਕ
17-10-2025