(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਸ਼ੂਗਰ ਦੇ ਰੋਗੀਆਂ ਨੂੰ ਇਨਫੈਕਸ਼ਨ ਦਾ ਖ਼ਤਰਾ ਬਹੁਤ ਰਹਿੰਦਾ ਹੈ। ਜ਼ਖ਼ਮ ਉੱਤੇ ਸਾਫ਼ ਰੂੰ ਜਾਂ ਕੱਪੜੇ ਨੂੰ ਰੱਖ ਕੇ ਹੱਥ ਨਾਲ ਦਬਾਓ। ਇਸ ਨਾਲ ਖੂਨ ਵਗਣਾ ਰੋਕਣ ਵਿਚ ਮਦਦ ਮਿਲੇਗੀ। ਜ਼ਖ਼ਮੀ ਹੋ ਗਏ ਮਰੀਜ਼ ਨੂੰ ਜਿੰਨੀ ਛੇਤੀ ਸੰਭਵ ਹੋਵੇ, ਟੈਟਨੈੱਸ ਦਾ ਟੀਕਾ ਲਗਵਾ ਦੇਣਾ ਚਾਹੀਦਾ ਹੈ।
ਸ਼ੂਗਰ ਦੀ ਉੱਚ ਸਥਿਤੀ ਵਿਚ ਭਾਵ ਵਧੀ ਹੋਈ ਸ਼ੂਗਰ ਸਮੇਂ ਉਲਟੀਆਂ ਸ਼ੁਰੂ ਹੋ ਸਕਦੀਆਂ ਹਨ। ਜਦੋਂ ਸਰੀਰ ਵਿਚ ਲੋੜ ਨਾਲੋਂ ਘੱਟ ਇੰਸੂਲਿਨ ਹਾਸਲ ਹੁੰਦੀ ਹੈ ਉਦੋਂ ਖੂਨ ਦੀ ਸ਼ੱਕਰ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਨਹੀਂ ਜਾ ਪਾਉਂਦੀ। ਇਸ ਤਰ੍ਹਾਂ ਦੀ ਸਥਿਤੀ ਵਿਚ ਕੋਸ਼ਿਕਾਵਾਂ ਊਰਜਾ ਲਈ ਸਰੀਰ ਦੇ ਦੂਜੇ ਪੋਸ਼ਕ ਤੱਤਾਂ, ਖ਼ਾਸ ਕਰਕੇ ਚਰਬੀ ਦੀ ਵਰਤੋਂ ਕਰਦੀਆਂ ਹਨ। ਇਸ ਨਾਲ ਸਰੀਰ ਦੀ ਅਮਲਤਾ ਵਧ ਜਾਂਦੀ ਹੈ ਅਤੇ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਹਾਲਤ ਵਿਚ ਰੋਗੀ ਨੂੰ ਮਿੱਠਾ ਪੀਣ ਨੂੰ ਦੇਣਾ ਚਾਹੀਦਾ ਹੈ, ਉਸ ਨੂੰ ਪਿੱਠ ਦੇ ਭਾਰ ਲਿਟਾ ਕੇ ਤੁਰੰਤ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।
ਜੇਕਰ ਸ਼ੂਗਰ ਦਾ ਰੋਗੀ ਸ਼ਰਾਬ ਪੀਂਦਾ ਹੋਵੇ ਤਾਂ ਸਥਿਤੀ ਬੇਹੱਦ ਗੰਭੀਰ ਹੋ ਸਕਦੀ ਹੈ ਕਿਉਂਕਿ ਅਲਕੋਹਲ ਦੀ ਵਜ੍ਹਾ ਕਰਕੇ ਉਸ ਦੇ ਲਿਵਰ ਵਿਚ ਗੜਬੜੀ ਹੋ ਸਕਦੀ ਹੈ। ਇਸ ਕਾਰਨ ਸ਼ੂਗਰ ਦੀ ਦਵਾਈ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੀ।
ਜੇਕਰ ਗਰਭਵਤੀ ਔਰਤ ਸ਼ੂਗਰ ਤੋਂ ਪੀੜਤ ਹੋਵੇ ਤਾਂ ਇਹ ਹੰਗਾਮੀ ਹਾਲਤ ਹੁੰਦੀ ਹੈ। ਉਸ ਨੂੰ ਝੱਟ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਮਾਂ-ਬੱਚੇ, ਦੋਵਾਂ ਦੀ ਹੀ ਜਾਨ ਖ਼ਤਰੇ ਵਿਚ ਰਹਿੰਦੀ ਹੈ।
ਸ਼ੂਗਰ ਦੇ ਰੋਗੀਆਂ ਨੂੰ ਹੰਗਾਮੀ ਹਾਲਤ ਵਿਚ ਸੰਜਮ ਅਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਤਣਾਅਮੁਕਤ ਹੋ ਕੇ ਜ਼ਰੂਰੀ ਇਲਾਜ ਕਰਵਾਉਣਾ ਚਾਹੀਦਾ ਹੈ। (ਸਮਾਪਤ)
ਕਿਸ ਤਰ੍ਹਾਂ ਬਚੀਏ ਸ਼ੂਗਰ ਦੀਆਂ ਹੰਗਾਮੀ ਹਾਲਤਾਂ ਤੋਂ
ਅਜੀਤ ਡੈਸਕ
17-10-2025