ਨਿਹੰਗ ਸਿੰਘ ਦਾ ਬਾਣਾਧਾਰਨ ਕਰਨ ਵਾਲੇ ਇਕ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਪ੍ਰਭਾਵਕਾਰ (ਇਨਫ਼ਲੂਐਂਸਰ) ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਬੜੇ ਸਾਜਿਸ਼ ਭਰੇ ਢੰਗ ਨਾਲ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਹੋਰ ਸੋਸ਼ਲ ਮੀਡੀਆ ਪ੍ਰਭਾਵਕਾਰ ਲੜਕੀਆਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਫਿਰ ਉਹ ਵਿਦੇਸ਼ ਭੱਜ ਗਿਆ। ਉਸ ਨੇ ਆਪਣੀ ਧਮਕੀਆਂ ਦੇਣ ਸੰਬੰਧੀ ਜਾਰੀ ਕੀਤੀ ਵੀਡੀਓ ਵਿਚ ਕਿਹਾ ਹੈ ਕਿ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਤੋਂ ਬਾਅਦ ਹੁਣ ਉਨ੍ਹਾਂ ਦੀ ਵਾਰੀ ਹੈ ਅਤੇ ਇਹ ਵੀ ਕਿ ਪਾਰਕਿੰਗਾਂ ਸਿਰਫ਼ ਬਠਿੰਡਾ ਵਿਚ ਹੀ ਨਹੀਂ ਹਨ, ਹੋਰ ਥਾਵਾਂ 'ਤੇ ਵੀ ਹਨ ਤੇ ਜ਼ਰੂਰੀ ਨਹੀਂ ਕਿ ਅਗਲੀ ਵਾਰ ਲਾਸ਼ ਵੀ ਮਿਲ ਜਾਏ। ਬਿਨਾਂ ਸ਼ੱਕ ਅਜਿਹੀਆਂ ਧਮਕੀਆਂ ਨਾਲ ਯੂ-ਟਿਊਬਰਾਂ ਵਿਚ ਇਕ ਦਮ ਡਰ ਦਾ ਮਾਹੌਲ ਪੈਦਾ ਹੋਇਆ ਹੈ। ਇਸੇ ਮਹੀਨੇ 12 ਜੂਨ ਨੂੰ ਕੰਚਨ ਕੁਮਾਰੀ ਦੀ ਲਾਸ਼ ਬਠਿੰਡਾ ਦੀ ਇਕ ਕਾਰ ਪਾਰਕਿੰਗ ਵਿਚ ਖੜ੍ਹੀ ਕਾਰ 'ਚੋਂ ਮਿਲੀ ਸੀ। ਉਸ ਦਾ ਬੇਰਹਿਮੀ ਨਾਲ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ। ਕੁਝ ਮਹੀਨੇ ਪਹਿਲਾਂ ਇਕ ਮਸ਼ਹੂਰ ਗੈਂਗਸਟਰ ਅਰਸ਼ ਡੱਲਾ ਦੇ ਗਰੁੱਪ ਵਲੋਂ ਵੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਕੰਚਨ ਕੁਮਾਰੀ ਲੁਧਿਆਣਾ ਦੀ ਰਹਿਣ ਵਾਲੀ ਸੀ। ਉਸ ਦੀ ਮਾਤਾ ਸਮੇਤ 2 ਭੈਣਾਂ ਅਤੇ 2 ਭਰਾ ਹਨ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਨੂੰ ਪਿਛਲੇ ਕਾਫ਼ੀ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਉਸ ਦੀਆਂ ਪਾਈਆਂ ਪੋਸਟਾਂ ਬਾਰੇ ਧਮਕੀਆਂ ਮਿਲਦੀਆਂ ਰਹੀਆਂ ਸਨ। ਉਸ ਨੇ 'ਕੌਮ ਦੇ ਰਾਖੇ' ਨਾਂਅ ਦਾ ਇਕ ਗਰੁੱਪ ਬਣਾਇਆ ਹੋਇਆ ਹੈ, ਜਿਹੜਾ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਇਤਰਾਜ਼ਯੋਗ ਪੋਸਟਾਂ ਜਾਂ ਵੀਡੀਓਜ਼ ਨੂੰ ਦੇਖਣ ਦਾ ਦਾਅਵਾ ਕਰਦਾ ਹੈ ਅਤੇ ਫਿਰ ਸੰਬੰਧਿਤ ਲੋਕਾਂ ਨੂੰ ਅਜਿਹੀ ਸਮੱਗਰੀ ਡੀਲੀਟ ਕਰਨ ਅਤੇ ਨਾ ਮੰਨਣ ਦੀ ਸੂਰਤ ਵਿਚ ਮਾਰਨ ਦੀ ਧਮਕੀ ਦਿੰਦਾ ਰਿਹਾ ਹੈ। ਇਸ ਨੇ ਅਤੇ ਇਸ ਦੇ ਕੁਝ ਸਾਥੀਆਂ ਨੇ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਉੱਪਰ ਸਥਾਪਤ ਕੀਤੇ ਗਏ ਪੰਜਾਬੀ ਸੱਭਿਆਚਾਰ ਭੰਗੜਾ, ਗਿੱਧਾ ਜਾਂ ਹੋਰ ਇਸ ਤਰ੍ਹਾਂ ਦੇ ਬੁੱਤਾਂ ਨੂੰ ਤੋੜ ਦਿੱਤਾ ਸੀ। ਉਸ 'ਤੇ ਸਾਲ 2021 ਵਿਚ ਜ਼ਿਲ੍ਹਾ ਬਰਨਾਲਾ ਦੇ ਧਨੌਲਾ ਪੁਲਿਸ ਸਟੇਸ਼ਨ ਵਿਚ ਇਕ ਫਿਲਮਾਏ ਗਾਣੇ ਸੰਬੰਧੀ ਪ੍ਰੋਡਿਊਸਰ ਨੂੰ ਧਮਕੀਆਂ ਦੇਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਉਹ ਇਕ ਅਕਾਲੀ ਧੜੇ ਦੇ ਟਿਕਟ 'ਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਿਆ ਸੀ। ਬਿਨਾਂ ਸ਼ੱਕ ਕੰਚਨ ਕੁਮਾਰੀ ਦੀ ਹੱਤਿਆ ਤੋਂ ਬਾਅਦ ਕੁਝ ਹੋਰ ਲੜਕੀਆਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਪਿੱਛੋਂ ਸੂਬੇ ਦੇ ਮਾਹੌਲ ਵਿਚ ਸਹਿਮ ਪੈਦਾ ਹੋਇਆ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੋਸ਼ਲ ਮੀਡੀਆ 'ਤੇ ਪਾਈਆਂ ਜਾਂਦੀਆਂ ਅਸ਼ਲੀਲ ਤੇ ਲੱਚਰ ਸਮੱਗਰੀਅਜੋਕੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ, ਇਸ ਨੂੰ ਹੱਲ ਕਰਨ ਲਈ ਅਤੇ ਖ਼ਾਸ ਕਰਕੇ ਅਜਿਹੀਆਂ ਵੀਡੀਓਜ਼ ਜਾਂ ਪੋਸਟਾਂ ਪਾਉਣ ਵਾਲਿਆਂ ਦੀ ਨਿਸਚਤ ਸਮੇਂ ਵਿਚ ਜਵਾਬਦੇਹੀ ਤੈਅ ਕਰਨ ਲਈ ਪ੍ਰਭਾਵੀ ਵਿਵਸਥਾ ਬਨਾਉਣ ਦੀ ਲੋੜ ਹੈ, ਪਰ ਇਕ ਜਮਹੂਰੀ ਤੇ ਕਾਨੂੰਨ ਦੇ ਸ਼ਾਸਨ ਵਾਲੇ ਦੇਸ਼ ਵਿਚ ਕਿਸੇ ਨੂੰ ਇਹ ਹੱਕ ਬਿਲਕੁਲ ਨਹੀਂ ਹੈ ਕਿ ਉਹ ਕਿਸੇ ਦੀ ਹੱਤਿਆ ਕਰੇ ਜਾਂ ਹੱਤਿਆ ਕਰਨ ਦੀਆਂ ਧਮਕੀਆਂ ਦੇਵੇ।
ਪਿਛਲੇ ਕਈ ਦਹਾਕਿਆਂ ਤੋਂ ਕਿਸੇ ਨਾ ਕਿਸੇ ਧਰਮ ਦੇ ਆਪਣੇ ਵਲੋਂ ਰਾਖੇ ਅਖਵਾਉਣ ਵਾਲੇ ਅਨਸਰਾਂ ਵਲੋਂ ਆਪੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦੇ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਆਪੇ ਬਣਾਏ ਸੰਗਠਨਾਂ ਨੂੰ ਸਰਕਾਰ ਪ੍ਰਸ਼ਾਸਨ ਜਾਂ ਸਮਾਜ ਦੀ ਪ੍ਰਵਾਹ ਨਹੀਂ ਹੈ। ਉਹ ਆਪਣੀ ਧੁਨ ਵਿਚ ਵਿਚਰਦੇ ਹੋਏ ਜਦੋਂ ਵੀ ਚਾਹੁਣ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਪ੍ਰਸ਼ਾਸਨ ਦੇ ਸਾਹਮਣੇ ਸ਼ਰ੍ਹੇਆਮ ਦਿਖਾਈ ਜਾਂਦੀ ਅਜਿਹੀ ਹੂੜ੍ਹਮੱਤ ਨੇ ਵੱਡੀਆਂ ਚੁਣੌਤੀਆਂ ਖੜੀਆਂ ਕੀਤੀਆਂ ਹਨ। ਜੇਕਰ ਆਪੇ ਥਾਪੇ ਇਨ੍ਹਾਂ ਵਿਅਕਤੀਆਂ ਨੂੰ ਕਿਸੇ ਵੀ ਗੱਲ 'ਤੇ ਇਤਰਾਜ਼ ਹੈ ਤਾਂ ਉਹ ਪੁਲਿਸ ਜਾਂ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦੀ ਥਾਂ 'ਤੇ ਆਪ ਹੀ ਆਪੇ ਬਣਾਏ ਕਾਨੂੰਨਾਂ 'ਤੇ ਬੇਖ਼ੌਫ਼ ਹੋ ਕੇ ਚੱਲਣ ਨੂੰ ਤਰਜੀਹ ਦਿੰਦੇ ਹਨ। ਇਹ ਸਵੀਕਾਰਨ ਯੋਗ ਨਹੀਂ ਹੈ।
ਕੰਚਨ ਦੇ ਕਤਲ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਇਕ ਵੱਡੇ ਗ੍ਰੰਥੀ ਨੇ ਮਹਿਰੋਂ ਵਲੋਂ ਕੀਤੀ ਗਈ ਇਸ ਕਾਰਵਾਈ ਨੂੰ ਸਹੀ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੇ ਨੌਜਆਨਾਂ ਨੂੰ ਅਜਿਹੀ ਸਮੱਗਰੀ ਨਹੀਂ ਦੇਖਣੀ ਚਾਹੀਦੀ। ਇਸ ਸੰਬੰਧ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਇਹ ਜ਼ਰੂਰ ਕਿਹਾ ਹੈ ਕਿ ਖ਼ਾਲਸਾ ਪੰਥ ਕਿਸੇ ਵੀ ਨਿਹੱਥੇ ਵਿਅਕਤੀ 'ਤੇ ਹਮਲਾ ਨਹੀਂ ਕਰਦਾ। ਔਰਤ 'ਤੇ ਤਾਂ ਬਿਲਕੁਲ ਨਹੀਂ, ਨਿਹੱਥੀ ਔਰਤ 'ਤੇ ਹਮਲਾ ਕਰਨਾ ਬੇਹੱਦ ਇਤਰਾਜ਼ਯੋਗ ਹੈ। ਸਾਡੀ ਵੀ ਇਹ ਰਾਇ ਹੈ ਕਿ ਕਿਸੇ ਔਰਤ 'ਤੇ ਵਾਰ ਕਰਨਾ ਸਿੱਖੀ ਦੀ ਮਰਿਆਦਾ ਨਹੀਂ ਹੈ ਅਤੇ ਨਾ ਹੀ ਇਹ ਇਸ ਸਮੱਸਿਆ ਦਾ ਹੱਲ ਹੈ। ਇਤਿਹਾਸ ਵਿਚ ਸਿੱਖ ਯੋਧਿਆਂ ਨੇ ਅਬਲਾ ਔਰਤਾਂ ਦੀ ਹਮੇਸ਼ਾਂ ਰਾਖੀ ਕਰਨ ਨੂੰ ਆਪਣੀ ਅਣਖ਼ ਦਾ ਇਕ ਹਿੱਸਾ ਬਣਾਇਆ ਸੀ। ਬਿਨਾਂ ਸ਼ੱਕ ਅਜਿਹੀ ਕਾਰਵਾਈ ਸਿੱਖ ਪਰੰਪਰਾਵਾਂ ਦੇ ਪੂਰੀ ਤਰ੍ਹਾਂ ਉਲਟ ਹੈ। ਇੱਥੇ ਹੀ ਬਸ ਨਹੀਂ, ਅਜਿਹਾ ਕੰਮ ਸਿੱਖੀ ਦੀ ਭਾਵਨਾ ਨੂੰ ਵੀ ਠੇਸ ਲਾਉਣ ਦੇ ਬਰਾਬਰ ਹੈ।
ਅਸੀਂ ਸਮਝਦੇ ਹਾਂ ਕਿ ਸਰਕਾਰੀ ਪ੍ਰਸ਼ਾਸਨ ਨੂੰ ਇਸ ਸੰਬੰਧੀ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੁਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਅਜਿਹੇ ਗ਼ੈਰ ਸਮਾਜਿਕ ਅਨਸਰਾਂ ਨੂੰ ਇਕ ਸਪੱਸ਼ਟ ਅਤੇ ਸਖ਼ਤ ਸੰਦੇਸ਼ ਮਿਲ ਸਕੇ।
ਬਰਜਿੰਦਰ ਸਿੰਘ ਹਮਦਰਦ