01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਵੇਲਾਂ ਦਾ ਆਸਰਾ ਭਾਲਦੇ ਰੁੱਖ

ਅਜੀਤ ਡੈਸਕ 18-06-2025

ਸਿਆਣੇ ਕਹਿੰਦੇ ਹਨ ਕਿ ਜੇਕਰ ਖੁਸ਼ੀ ਵਿਚ ਸ਼ਰੀਕ ਹੋਇਆ ਜਾਵੇ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਅਤੇ ਜੇਕਰ ਦਰਦ ਵੰਡਾਇਆ ਜਾਵੇ ਤਾਂ ਅੱਧਾ ਰਹਿ ਜਾਂਦਾ ਹੈ। ਜਦੋਂ ਚਿੱਠੀਆਂ ਦਾ ਜ਼ਮਾਨਾ ਸੀ, ਉਦੋਂ ਅਖ਼ਬਾਰ ਵਿਚ ਛਪੀ ਰਚਨਾ ਦੀ ਪ੍ਰਤੀਕਿਰਿਆ ਚਿੱਠੀ ਰਾਹੀਂ ਲੇਖਕ ਕੋਲ ਪਹੁੰਚਦੀ ਸੀ। ਹੁਣ ਮੋਬਾਈਲ ਰਾਹੀਂ ਸਿੱਧਾ ਸੰਪਰਕ ਹੋ ਜਾਂਦਾ ਹੈ। ਪਾਠਕਾਂ ਨਾਲ ਗੱਲਬਾਤ ਰਾਹੀਂ ਸਮਾਜ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਤਾਂ ਪਤਾ ਲਗਦਾ ਹੀ ਹੈ, ਨਾਲ ਦੀ ਨਾਲ ਲਿਖਣ ਲਈ ਕਈ ਨਵੇਂ ਵਿਸ਼ਿਆਂ ਦੀ ਦਿਮਾਗ ਵਿਚ ਉਧੇੜ-ਬੁਣ ਹੋਣ ਲੱਗ ਪੈਂਦੀ ਹਨ।
'ਅਜੀਤ' ਵਿਚ ਮੇਰੀ ਰਚਨਾ ਪੜ੍ਹ ਕੇ ਕਾਫ਼ੀ ਫ਼ੋਨ ਆਏ। ਇਨ੍ਹਾਂ ਵਿਚ ਜ਼ਿਆਦਾਤਰ ਸੇਵਾ-ਮੁਕਤ ਜਾਂ ਪੰਜਾਹ ਸਾਲ ਤੋਂ ਉੱਪਰ ਵਾਲੇ ਹੀ ਸਨ। ਇਕ ਬਜ਼ੁਰਗ ਦਾ ਫ਼ੋਨ ਆਉਂਦਾ ਹੈ। ਪਹਿਲਾਂ ਤਾਂ ਰਚਨਾ ਬਾਰੇ ਗੱਲਾਂ-ਬਾਤਾਂ ਹੁੰਦੀਆਂ ਹਨ। ਫਿਰ ਬਜ਼ੁਰਗ ਪੁੱਛਦਾ ਹੈ ਕਿ, ਕੀ ਤੁਹਾਡੇ ਕੋਲ ਸਮਾਂ ਹੈ, ਉਹ ਕੋਈ ਨਿੱਜੀ ਗੱਲ ਸਾਂਝੀ ਕਰਨ ਦਾ ਚਾਹਵਾਨ ਹੈ। ਐਤਵਾਰ ਦਾ ਦਿਨ ਹੋਣ ਕਰਕੇ ਮੈਂ ਹਾਮੀ ਭਰ ਦਿੰਦਾ ਹਾਂ। ਗੱਲਬਾਤ ਦਾ ਸਿਲਸਿਲਾ ਚਲਦਾ ਹੈ। ਬਜ਼ੁਰਗ ਦਾ ਇਕਲੌਤਾ ਬੇਟਾ ਵਿਦੇਸ਼ ਵਿਚ ਚੰਗਾ ਕਾਰੋਬਾਰੀ ਹੈ। ਪਿਤਾ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ ਪਰ ਨੂੰਹ ਦਾ ਰੁਖ਼ ਸਕਾਰਾਤਮਿਕ ਨਹੀਂ ਹੈ। ਪਿੰਡ ਵਿਚ ਜ਼ਮੀਨ-ਜਾਇਦਾਦ ਹੈ, ਗੱਡੀ ਹੈ। ਬੁਲਾਉਣ 'ਤੇ ਡਰਾਈਵਰ ਵੀ ਉਪਲਬਧ ਹੋ ਜਾਂਦਾ ਹੈ। ਸਾਧਨਾਂ ਪੱਖੋਂ ਕੋਈ ਕਮੀ ਨਹੀਂ ਹੈ। ਕਮੀ ਇਸ ਗੱਲ ਦੀ ਹੈ ਕਿ ਉਸ ਕੋਲ ਦਿਲ ਫਰੋਲਣ ਲਈ ਕੋਈ ਨਹੀਂ, ਧੀ ਵੀ ਨਹੀਂ ਹੈ। ਬਜ਼ੁਰਗ ਨੇ ਅਗਾਂਹ ਦੱਸਿਆ ਕਿ ਧੀਆਂ ਵਾਲੇ ਉਨ੍ਹਾਂ ਦੇ ਘਰ ਜਾ ਆਉਂਦੇ ਹਨ ਜਾਂ ਧੀਆਂ ਕੁਝ ਦਿਨ ਪੇਕੇ ਰਹਿ ਜਾਂਦੀਆਂ ਹਨ। ਦਿਲ ਦੀਆਂ ਗੱਲਾਂ ਕਰ ਕੇ ਕਿੰਨਾ ਹੌਲ਼ਾ ਫੁੱਲ ਹੋ ਜਾਂਦੇ ਹਨ ਧੀਆਂ ਵਾਲੇ। ਉਸ ਦੀਆਂ ਗੱਲਾਂ ਦਿਲ ਦੇ ਕਿਸੇ ਕੋਨੇ ਵਿਚ ਘਰ ਕਰ ਗਏ ਕਿਸੇ ਖਲਾਅ ਦੀ ਨਿਸ਼ਾਨਦੇਹੀ ਕਰ ਰਹੀਆਂ ਸਨ। ਬਜ਼ੁਰਗ ਨਾਲ ਹੋਈ ਵਾਰਤਾਲਾਪ ਆਪਣੇ ਪਿੱਛੇ ਕਿੰਨੇ ਸਵਾਲ ਛੱਡ ਗਈ ਸੀ। ਹਾਲੇ ਇਨ੍ਹਾਂ ਸਵਾਲਾਂ ਦੀ ਘੁੰਮਣ-ਘੇਰੀ ਵਿਚ ਹੀ ਸਾਂ ਕਿ ਫੇਸਬੁਕ ਐਪ 'ਤੇ ਉਂਗਲੀ ਵੱਜਦੇ ਸਾਰ ਸਤਨਾਮ ਸਿੰਘ ਮਾਣਕ ਵਲੋਂ ਪੋਸਟ ਕੀਤੀ ਕਵਿਤਾ 'ਦਿਲ ਨਹੀਂ ਕਰਦਾ' ਧਿਆਨ ਖਿੱਚਦੀ ਹੈ:
ਆਪਣੀ ਧਰਤੀ ਛੱਡਣ ਨੂੰ ਦਿਲ ਨਹੀਂ ਕਰਦਾ,
ਬੁੱਢੇ ਹੋਏ ਸਰੀਰ ਇਕੱਲਿਆਂ ਵੀ ਨਹੀਂ ਸਰਦਾ।
ਰੋਟੀ ਰੋਜ਼ੀ ਨਾਲ ਬੱਝੇ ਬੱਚਿਆਂ ਪਰਤਣਾ ਨਹੀਂ,
'ਜ੍ਰਰ' ਵਾਂਗੂ ਪ੍ਰਦੇਸ ਮਰਨ ਨੂੰ ਦਿਲ ਨਹੀਂ ਕਰਦਾ।

ਅਜੋਕੇ ਹਾਲਾਤ ਦੀ ਤਰਜ਼ਮਾਨੀ ਕਰਦੀਆਂ ਇਹ ਸਤਰਾਂ ਉਨ੍ਹਾਂ ਵੱਡੀ ਗਿਣਤੀ ਲੋਕਾਂ ਦੇ ਢਿੱਡ ਦੀ ਗੱਲ ਕਰਦੀਆਂ ਪ੍ਰਤੀਤ ਹੁੰਦੀਆਂ ਹਨ, ਜੋ ਦੁਚਿੱਤੀ ਦੀ ਘੁੰਮਣ-ਘੇਰੀ ਵਿਚ ਫਸੇ ਹੋਏ ਹਨ। ਫਿਰ ਕੁਮੈਂਟਾਂ ਵੱਲ ਧਿਆਨ ਜਾਂਦਾ ਹੈ। ਇਕ ਟਿੱਪਣੀਕਾਰ ਲਿਖਦਾ ਹੈ ਕਿ ਉਹ ਅਤੇ ਉਸ ਦੀ ਧਰਮ ਪਤਨੀ ਬੇਟੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਗਏ ਤਾਂ ਜ਼ਿਆਦਾਤਰ ਬਜ਼ੁਰਗ ਇਕੱਲੇ ਹੀ ਮਿਲੇ। ਉਨ੍ਹਾਂ ਵਿਚੋਂ ਇਕ ਨੇ ਜ਼ੋਰ ਪਾਇਆ ਕਿ ਅੱਜ ਦੀ ਰਾਤ ਸਾਡੇ ਕੋਲ ਅਟਕ ਜਾਓ। ਬੈਠ ਕੇ ਦੁੱਖ-ਸੁੱਖ ਕਰਾਂਗੇ। ਉਨ੍ਹਾਂ ਦਾ ਇਕੱਲਾਪਣ ਅਤੇ ਉਦਾਸੀ ਦੇਖ ਕੇ ਅਸੀਂ ਵੀ ਉਦਾਸ ਹੋ ਗਏ। ਬਦਲਾਅ ਦਾ ਦੌਰ ਹੈ। ਨਵੀਂ ਪੀੜ੍ਹੀ ਦਾ ਰੁਖ਼ ਵਿਦੇਸ਼ਾਂ ਵੱਲ ਹੈ। ਉਨ੍ਹਾਂ ਦਾ ਲੰਮਾ ਅਰਸਾ ਸੰਘਰਸ਼ ਵਿਚ ਨਿਕਲ ਜਾਂਦਾ ਹੈ। ਵਿਦੇਸ਼ਾਂ ਵਿਚ ਜੰਮੀ-ਪਲ਼ੀ ਅਗਲੀ ਪੀੜ੍ਹੀ ਜਦੋਂ ਜਵਾਨੀ ਵਿਚ ਕਦਮ ਰੱਖ ਰਹੀ ਹੁੰਦੀ ਹੈ, ਉਦੋਂ ਪਿਛਲੀ ਪੀੜ੍ਹੀ ਆਸਵੰਦ ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਬਣੇਗੀ। ਵਿਚਕਾਰ ਵਾਲੀ ਪੀੜ੍ਹੀ ਆਪਣੇ-ਆਪ ਨੂੰ ਦੋ ਪੁੜਾਂ ਵਿਚਾਲੇ ਮਹਿਸੂਸ ਕਰਦੀ ਹੈ। ਬਦਲਾਅ ਕੁਦਰਤ ਦਾ ਨਾ-ਬਦਲਣਯੋਗ ਨਿਯਮ ਹੈ। ਵਿਦੇਸ਼ ਭੇਜੇ ਬੱਚਿਆਂ ਦੇ ਮਾਪਿਆਂ ਨੇ ਹੁਣ ਕਾਫ਼ੀ ਹੱਦ ਤੱਕ ਸਵੀਕਾਰ ਕਰ ਲਿਆ ਹੈ ਕਿ ਇਕ ਨਾ ਇਕ ਦਿਨ ਸਾਨੂੰ ਹੀ ਬੱਚਿਆਂ ਕੋਲ ਵਿਦੇਸ਼ ਜਾਣਾ ਪੈਣਾ ਹੈ। ਮੋਹ ਦੀਆਂ ਤੰਦਾਂ ਅਟੁੱਟ ਹਨ। ਅੰਤ ਸਤਿੰਦਰ ਸਰਤਾਜ ਦੀਆਂ ਸਤਰਾਂ ਨਾਲ:
ਇਹ ਮੁਹੱਬਤਾਂ ਦੇ ਆਪਣੇ ਹੀ ਦੁੱਖ ਨੇ,
ਪਿਆਰਿਆਂ ਦੀ ਲੋੜ ਹੁੰਦੀ ਏ,
ਇਨ੍ਹਾਂ ਵੇਲਾਂ ਦੇ ਤਾਂ ਆਸਰੇ ਹੀ ਰੁੱਖ ਨੇ,
ਸਹਾਰਿਆਂ ਦੀ ਲੋੜ ਹੁੰਦੀ ਏ।

ਪਿੰਡ+ਡਾਕ-ਕਾਲੇਵਾਲ ਬੀਤ, ਤਹਿ.-ਗੜ੍ਹਸ਼ੰਕਰ (ਹੁਸ਼ਿਆਰਪੁਰ)।
ਮੋਬਾ: 94638-51568
ਈ-ਮੇਲ: amrikdayal@gmail.com

ਪਿਛਲੀ ਖ਼ਬਰ ਭਾਰਤ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ ਸੜਕਾਂ ਦਾ ਨਿਰਮਾਣ ਅਗਲੀ ਖ਼ਬਰ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।