ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿਚ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕਨਾਨਾਸਕਿਸ ਵਿਚ ਜੀ-7 ਸਿਖ਼ਰ ਸੰਮੇਲਨ ਦੌਰਾਨ ਹੋਈ ਦੁਵੱਲੀ ਮੀਟਿੰਗ ਤੋਂ ਬਾਅਦ ਵੱਡਾ ਸੁਧਾਰ ਆਇਆ ਹੈ। ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਵਿਚ ਦੋਵੇਂ ਦੇਸ਼ ਆਪੋ-ਆਪਣੇ ਸਫ਼ੀਰ ਮੁੜ ਤੋਂ ਕ੍ਰਮਵਾਰ ਓਟਾਵਾ ਤੇ ਨਵੀਂ ਦਿੱਲੀ ਵਿਚ ਨਿਯੁਕਤ ਕਰਨ ਲਈ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਨੇ ਆਪਸੀ ਵਪਾਰ ਸੰਬੰਧੀ ਰੁਕੀ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਅਤੇ ਊਰਜਾ, ਤਕਨਾਲੋਜੀ, ਡਿਜੀਟਲ, ਬੁਨਿਆਦੀ ਢਾਂਚੇ, ਏ.ਆਈ. ਤੇ ਖ਼ੁਰਾਕ ਸੁਰੱਖਿਆ ਆਦਿ ਖੇਤਰਾਂ ਵਿਚ ਵੀ ਤੇਜ਼ੀ ਨਾਲ ਮੁੜ ਤੋਂ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਅਵਸਰ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੋਵਾਂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਬੇਹੱਦ ਅਹਿਮ ਹਨ। ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਲੋਂ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ। ਇਸ ਨੂੰ ਕਈ ਪੱਖਾਂ ਤੋਂ ਬੇਹੱਦ ਸਫ਼ਲ ਦੌਰਾ ਕਿਹਾ ਜਾ ਸਕਦਾ ਹੈ। ਸਾਈਪ੍ਰਸ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਵਿਚ ਜੀ-7 ਦੇ ਹੋ ਰਹੇ ਸਿਖ਼ਰ ਸੰਮੇਲਨ ਵਿਚ ਹਿੱਸਾ ਲਿਆ ਹੈ। ਇਸ ਸੰਗਠਨ ਵਿਚ ਦੁਨੀਆ ਦੇ 7 ਵੱਡੀ ਆਰਥਿਕ ਵਿਵਸਥਾ ਵਾਲੇ ਦੇਸ਼ ਸ਼ਾਮਿਲ ਹਨ, ਜੋ ਹਰ ਸਾਲ ਕਿਸੇ ਨਾ ਕਿਸੇ ਮੁਲਕ ਵਿਚ ਇਕੱਠੇ ਹੁੰਦੇ ਹਨ। ਇਹ ਸੰਗਠਨ ਪਿਛਲੇ 50 ਸਾਲ ਤੋਂ ਬਣਿਆ ਹੋਇਆ ਹੈ। ਪਹਿਲਾਂ ਇਸ ਵਿਚ ਰੂਸ ਵੀ ਸ਼ਾਮਿਲ ਹੁੰਦਾ ਸੀ, ਪਰ ਸਾਲ 2014 ਵਿਚ ਪੁਤਿਨ ਵਲੋਂ ਯੂਕਰੇਨ ਦੇ ਇਕ ਵੱਡੇ ਇਲਾਕੇ ਕਰੀਮਿਆ 'ਤੇ ਕਬਜ਼ਾ ਕਰਨ ਤੋਂ ਬਾਅਦ ਇਸ ਗਰੁੱਪ ਵਿਚੋਂ ਰੂਸ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਇਨ੍ਹਾਂ ਸਿਖ਼ਰ ਸੰਮੇਲਨਾਂ ਵਿਚ ਕੁਝ ਹੋਰ ਦੇਸ਼ਾਂ ਦੇ ਮੁਖੀਆਂ ਨੂੰ ਵੀ ਮਹਿਮਾਨਾਂ ਵਜੋਂ ਬੁਲਾਇਆ ਜਾਂਦਾ ਹੈ, ਜੋ ਆਪੋ ਆਪਣੇ ਵਿਚਾਰਾਂ ਨਾਲ ਇਸ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਭਾਰਤ ਨੂੰ ਵੀ ਇਸ ਵਿਚ ਬੁਲਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਿਖ਼ਰ ਸੰਮੇਲਨ ਵਿਚ ਛੇਵੀਂ ਵਾਰ ਸ਼ਿਰਕਤ ਕੀਤੀ ਹੈ। ਇਸ ਵਾਰ ਕਿਉਂਕਿ ਇਹ ਸੰਮੇਲਨ ਕੈਨੇਡਾ ਵਿਚ ਆਯੋਜਿਤ ਹੋ ਰਿਹਾ ਸੀ, ਇਸ ਲਈ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਵਿਚ ਸ਼ਮੂਲੀਅਤ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਸਨ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਨਾਲ ਭਾਰਤ ਦੇ ਚੰਗੇ ਕੂਟਨੀਤਕ ਸੰਬੰਧ ਨਾ ਰਹੇ ਹੋਣ ਕਰਕੇ ਇਹ ਖ਼ਦਸ਼ਾ ਪ੍ਰਗਟ ਕੀਤਾ ਜਾਂਦਾ ਰਿਹਾ ਸੀ, ਕਿ ਸ਼ਾਇਦ ਇਸ ਵਾਰ ਕੈਨੇਡਾ ਵਲੋਂ ਭਾਰਤ ਨੂੰ ਇਸ ਸਿਖ਼ਰ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਸੱਦਾ ਨਾ ਦਿੱਤਾ ਜਾਏ।
ਸਤੰਬਰ, 2023 ਵਿਚ ਦੋਹਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ, ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੋਈ ਹੱਤਿਆ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ। ਜਸਟਿਨ ਟਰੂਡੋ ਦੇ ਕੈਨੇਡਾ ਵਿਚ 10 ਸਾਲਾਂ ਦੇ ਰਾਜ ਦੌਰਾਨ ਦੋਹਾਂ ਦੇਸ਼ਾਂ ਦੇ ਸੰਬੰਧ ਇਸ ਮਸਲੇ ਅਤੇ ਕਈ ਹੋਰ ਮੁੱਦਿਆਂ 'ਤੇ ਖਿਚਾਅਪੂਰਨ ਜ਼ਰੂਰ ਰਹੇ ਸਨ, ਕਿਉਂਕਿ ਭਾਰਤ ਸਰਕਾਰ ਦਾ ਇਹ ਦੋਸ਼ ਸੀ ਕਿ ਟਰੂਡੋ ਸਰਕਾਰ ਕੈਨੇਡਾ ਵਿਚ ਵਸੇ ਹੋਏ ਖਾਲਿਸਤਾਨੀਆਂ ਨੂੰ ਭਾਰਤ ਵਿਰੁੱਧ ਲਾਮਬੰਦੀ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਪਰ ਨਿੱਝਰ ਦੀ ਹੱਤਿਆ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੂਟਨੀਤਕ ਸੰਬੰਧਾਂ ਵਿਚ ਹੋਰ ਵੀ ਵਧੇਰੇ ਤਣਾਅ ਪੈਦਾ ਹੋ ਗਿਆ ਸੀ। ਪਰ ਟਰੂਡੋ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਉਸ ਦੀ ਪਾਰਟੀ ਵਲੋਂ ਦਬਾਅ ਪਾਏ ਜਾਣ ਕਰਕੇ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਅਤੇ ਉਸ ਦੀ ਥਾਂ 'ਤੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਜਿਸ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੀ ਛੇਤੀ ਹੋਈਆਂ ਚੋਣਾਂ ਵਿਚ ਉਸ ਦੀ ਲਿਬਰਲ ਪਾਰਟੀ ਨੂੰ ਮੁੜ ਜਿੱਤ ਪ੍ਰਾਪਤ ਹੋਈ ਅਤੇ ਉਹ ਮੁੜ ਪ੍ਰਧਾਨ ਮੰਤਰੀ ਬਣ ਗਏ। ਕੈਨੇਡਾ ਸਰਕਾਰ ਵਲੋਂ ਚਾਹੇ ਦੇਰ ਨਾਲ ਹੀ ਸਹੀ ਪਰ ਪਹਿਲਾਂ ਦੀ ਪਰੰਪਰਾ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ-7 ਸਿਖ਼ਰ ਸੰਮੇਲਨ ਲਈ ਸੱਦਾ ਦਿੱਤਾ ਗਿਆ। ਹੁਣ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਕੈਨੇਡਾ ਦੇ ਸ਼ਹਿਰ ਕਨਾਨਾਸਕਿਸ ਵਿਚ ਹੋ ਰਹੇ ਇਸ ਸਿਖ਼ਰ ਸੰਮੇਲਨ ਦੌਰਾਨ ਆਪਸੀ ਗੱਲਬਾਤ ਜਿਸ ਸਦਭਾਵਨਾ ਭਰੇ ਮਾਹੌਲ ਵਿਚ ਹੋਈ ਹੈ, ਉਸ ਤੋਂ ਨੇੜ ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਸੰਬੰਧ ਮੁੜ ਸੁਖਾਵੇਂ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਬਿਨਾਂ ਸ਼ੱਕ ਇਹ ਘਟਨਾਕ੍ਰਮ ਦੋਹਾਂ ਮੁਲਕਾਂ ਲਈ ਇਕ ਚੰਗਾ ਸੁਨੇਹਾ ਹੈ।
ਪਿਛਲੇ ਲੰਮੇ ਸਮਿਆਂ ਵਿਚ ਦੋਹਾਂ ਦਾ ਆਪਸੀ ਵਪਾਰ ਅਤੇ ਬਹੁਤੇ ਖੇਤਰਾਂ ਵਿਚ ਆਪਸੀ ਸਹਿਯੋਗ ਸਿਖ਼ਰਾਂ 'ਤੇ ਰਿਹਾ ਹੈ। ਕੈਨੇਡਾ ਵਿਚ ਅੱਜ 30 ਲੱਖ ਤੋਂ ਵੀ ਵਧੇਰੇ ਭਾਰਤੀ ਮੂਲ ਦੇ ਲੋਕ ਵਸੇ ਹੋਏ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸ਼ਾਮਿਲ ਹਨ। ਅੱਜ ਦੁਨੀਆ ਭਰ ਵਿਚ ਜਿਸ ਤਰ੍ਹਾਂ ਦਾ ਮਾਹੌਲ ਉਸਰ ਰਿਹਾ ਹੈ, ਉਸ ਵਿਚ ਦੋਹਾਂ ਦੇਸ਼ਾਂ ਦਾ ਨੇੜੇ ਆਉਣਾ ਇਕ ਸ਼ੁਭ ਸੁਨੇਹਾ ਹੀ ਕਿਹਾ ਜਾ ਸਕਦਾ ਹੈ। ਅੱਜ ਜਦੋਂ ਕਿ ਰੂਸ ਅਤੇ ਯੂਕਰੇਨ ਵਿਚ ਲੰਮੇ ਸਮੇਂ ਤੋਂ ਸਖ਼ਤ ਲੜਾਈ ਚੱਲ ਰਹੀ ਹੈ, ਇਸੇ ਹੀ ਤਰ੍ਹਾਂ ਇਜ਼ਰਾਈਲ ਦੀ ਗਾਜ਼ਾ ਪੱਟੀ ਵਿਚ ਹਮਾਸ ਦੇ ਨਾਲ-ਨਾਲ ਹੁਣ ਈਰਾਨ ਨਾਲ ਵੀ ਉਸਦੀ ਜੰਗ ਸ਼ੁਰੂ ਹੋ ਗਈ ਹੈ ਜੇਕਰ ਇਹ ਜੰਗ ਲੰਮੀ ਹੁੰਦੀ ਹੈ ਤਾਂ ਇਸ ਦੇ ਬੇਹੱਦ ਭਿਆਨਕ ਨਤੀਜੇ ਨਿਕਲਣਗੇ। ਪਰ ਜੇਕਰ ਇਸ ਜੰਗ ਵਿਚ ਹੋਰ ਦੇਸ਼ ਵੀ ਸ਼ਾਮਿਲ ਹੋ ਜਾਂਦੇ ਹਨ ਤਾਂ ਇਹ ਹੋਰ ਵੀ ਤਬਾਹਕੁੰਨ ਸਾਬਿਤ ਹੋਵੇਗੀ। ਇਨ੍ਹਾਂ ਜੰਗਾਂ ਨੂੰ ਰੋਕਣ ਲਈ ਸ਼ਕਤੀਸ਼ਾਲੀ ਅਤੇ ਵੱਡੇ ਦੇਸ਼ਾਂ ਨੂੰ ਹਰ ਪੱਖੋਂ ਆਪਣਾ ਯੋਗਦਾਨ ਪਾਉਣ ਦੀ ਜ਼ਰੂਰਤ ਹੋਵੇਗੀ, ਤਾਂ ਜੋ ਹੋ ਰਹੀ ਇਸ ਤਬਾਹੀ ਨੂੰ ਰੋਕਿਆ ਜਾ ਸਕੇ। ਭਾਰਤ ਨਾਲ ਇਨ੍ਹਾਂ ਸਾਰੇ ਦੇਸ਼ਾਂ ਦੇ ਪਹਿਲਾਂ ਹੀ ਚੰਗੇ ਸੰਬੰਧ ਹਨ। ਹੁਣ ਤੱਕ ਇਸ ਨੇ ਇਕ ਤਵਾਜ਼ਨ ਬਣਾ ਕੇ ਇਨ੍ਹਾਂ ਲੜਾਈਆਂ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੌਮਾਂਤਰੀ ਮੰਚਾਂ 'ਤੇ ਇਸ ਦੀ ਆਵਾਜ਼ ਸੁਣੀ ਵੀ ਜਾ ਰਹੀ ਹੈ। ਬਿਨਾਂ ਸ਼ੱਕ ਸਮੁਚੇ ਰੂਪ ਵਿਚ ਅਜਿਹੇ ਯਤਨ ਭਾਰਤ ਵਲੋਂ ਜਾਰੀ ਰਹਿਣੇ ਚਾਹੀਦੇ ਹਨ।
-ਬਰਜਿੰਦਰ ਸਿੰਘ ਹਮਦਰਦ