24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਅਖ਼ਬਾਰਾਂ ਹੀ ਹਨ ਪੱਤਰਕਾਰੀ ਦੀ ਬੁਨਿਆਦ

ਅਜੀਤ ਡੈਸਕ 23-06-2025

ਇਕ ਪ੍ਰਸਿੱਧ ਟੈਲੀਵਿਜ਼ਨ ਐਂਕਰ ਦੀ ਵੀਡੀਓ ਵੇਖ ਰਿਹਾ ਸਾਂ। ਉਹ ਕਹਿ ਰਿਹਾ ਸੀ ਅਖ਼ਬਾਰਾਂ ਪੱਤਰਕਾਰੀ ਦੀ ਬੁਨਿਆਦ ਹਨ, ਆਤਮਾ ਹਨ। ਜੇ ਤੁਸੀਂ ਖ਼ੁਦ ਨੂੰ ਅਪਡੇਟ ਰੱਖਣਾ ਚਾਹੁੰਦੇ ਹੋ ਤਾਂ ਅਖ਼ਬਾਰਾਂ ਤੋਂ ਬਿਹਤਰ ਕੋਈ ਮਾਧਿਅਮ ਨਹੀਂ। ਅਖ਼ਬਾਰਾਂ ਜਾਣਕਾਰੀ ਦੀ ਯੂਨੀਵਰਸਿਟੀ ਹਨ। ਇਹ ਗੱਲ ਹਰ ਕੋਈ ਮੰਨਦਾ ਤੇ ਸਮਝਦਾ ਹੈ। ਟੈਲੀਵਿਜ਼ਨ ਚੈਨਲਾਂ ਵਾਲੇ ਵੀ, ਡਿਜੀਟਲ ਵਾਲੇ ਵੀ, ਪਾਠਕ ਦਰਸ਼ਕ ਵੀ।
ਅੱਜ ਖ਼ਬਰਾਂ ਦੀ ਜਾਨ ਨਿਕਲ ਗਈ ਹੈ। ਖ਼ਬਰ ਕੇਵਲ ਅਖ਼ਬਾਰਾਂ ਵਿਚ ਹੀ ਬਚੀ ਹੈ। ਅਖ਼ਬਾਰ ਬਹੁਤ ਮਹੱਤਵਪੂਰਨ ਹੈ। ਡਿਜੀਟਲ ਤੋਂ ਇਕ ਸੁਰਖੀ ਪੜ੍ਹ ਕੇ ਲੋਕ ਸਮਝਦੇ ਹਨ ਕਿ ਖ਼ਬਰ ਪੜ੍ਹ ਲਈ ਹੈ। ਪਰ ਉੱਥੇ ਖ਼ਬਰ ਕਿੱਥੇ ਹੈ? ਖ਼ਬਰ ਤਾਂ ਅਖ਼ਬਾਰਾਂ ਦੇ ਪੰਨਿਆਂ 'ਤੇ ਹੀ ਪਈ ਹੁੰਦੀ ਹੈ।
ਅਖ਼ਬਾਰਾਂ ਨੀਂਹ ਦਾ ਪੱਥਰ ਅਤੇ ਪੱਤਰਕਾਰੀ ਦਾ ਆਧਾਰ ਇਸ ਲਈ ਵੀ ਹਨ ਕਿ ਇਹ ਖ਼ਬਰਾਂ ਜਾਣਕਾਰੀ ਅਤੇ ਵਿਚਾਰਾਂ ਦੇ ਨਾਲ-ਨਾਲ ਜ਼ਿੰਦਗੀ ਦੇ ਹਰੇਕ ਮਹੱਤਵਪੂਰਨ ਪੱਖ ਤੇ ਪਹਿਲੂ ਦੀ ਗੱਲ ਕਰਦੀਆਂ ਹਨ। ਲੋਕਾਂ ਨੂੰ ਜਾਗਰੂਕ ਕਰਦਿਆਂ ਸਹਿਜ ਢੰਗ ਨਾਲ ਸੰਤੁਲਿਤ ਜਾਣਕਾਰੀ ਮੁਹੱਈਆ ਕਰਦੀਆਂ ਹਨ।
ਅੱਜ ਹਰ ਕੋਈ ਹਰ ਵੇਲੇ ਵੱਖ-ਵੱਖ ਤਰ੍ਹਾਂ ਦੀ ਪੱਤਰਕਾਰੀ ਦੇ ਸੰਪਰਕ ਵਿਚ ਹੈ। ਟੈਲੀਵਿਜ਼ਨ ਹੈ, ਰੇਡੀਓ ਹੈ, ਸੋਸ਼ਲ ਮੀਡੀਆ ਹੈ, ਅਖ਼ਬਾਰਾਂ ਹਨ, ਡਿਜੀਟਲ ਮੀਡੀਆ ਹੈ, ਮੈਗਜ਼ੀਨ ਹਨ, ਆਨਲਾਈਨ ਸ਼੍ਰੇਣੀ ਵਿਚ ਨਵੇਂ-ਨਵੇਂ ਰੂਪ ਹੋਂਦ ਵਿਚ ਆ ਰਹੇ ਹਨ। ਅਸੀਂ ਸੂਚਨਾ-ਕ੍ਰਾਂਤੀ ਦੇ ਦੌਰ ਵਿਚ ਜੀਅ ਰਹੇ ਹਾਂ। ਪਰ ਕਿਸੇ ਮਾਹਿਰ ਦੁਆਰਾ ਅਖ਼ਬਾਰ ਵਿਚ ਲਿਖਿਆ ਗਿਆ ਆਰਟੀਕਲ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਪਹਿਲਾਂ ਹੁੰਦਾ ਸੀ। ਕਿਸੇ ਪ੍ਰਤੀਬੱਧ ਪੱਤਰਕਾਰ ਦੁਆਰਾ ਤਿਆਰ ਕੀਤੀ ਗਈ ਅਖ਼ਬਾਰ ਦੀ ਸੁਰਖੀ ਤੇ ਸਟੋਰੀ ਓਨੀ ਹੀ ਅਹਿਮ ਹੈ, ਜਿੰਨੀ ਦਹਾਕਿਆਂ ਪਹਿਲਾਂ ਹੁੰਦੀ ਸੀ।
ਅਖ਼ਬਾਰੀ ਪੱਤਰਕਾਰੀ ਭਰੋਸੇ ਅਤੇ ਵਿਸ਼ਵਾਸ 'ਤੇ ਟਿਕੀ ਹੈ। ਨੈਤਿਕ ਕਦਰਾਂ-ਕੀਮਤਾਂ, ਮਰਿਆਦਾ ਅਤੇ ਭਰੋਸੇਯੋਗਤਾ ਦੇ ਥੰਮ੍ਹ ਇਸ ਦਾ ਮਜ਼ਬੂਤ ਸਹਾਰਾ ਹਨ। ਸਟੀਕਤਾ, ਨਿਰਪੱਖਤਾ, ਪਾਰਦਰਸ਼ਤਾ ਤੇ ਜਵਾਬਦੇਹੀ, ਇਨ੍ਹਾਂ ਥੰਮ੍ਹਾਂ ਦੀਆਂ ਸ਼ਾਖਾਵਾਂ ਦੀ ਭੂਮਿਕਾ ਨਿਭਾਉਂਦੇ ਹਨ। ਸੰਪਾਦਕੀ ਨੀਤੀ ਅਖ਼ਬਾਰਾਂ ਦੀ ਸ਼ਕਤੀ ਬਣਦੀ ਹੈ। ਸੂਚਨਾ-ਕ੍ਰਾਂਤੀ ਦੇ ਇਸ ਦੌਰ ਵਿਚ ਭਰੋਸੇਯੋਗਤਾ ਬੜੀ ਵੱਡੀ ਤਾਕਤ ਹੈ।
ਇਕ ਪਾਸੇ ਪੱਤਰਕਾਰੀ ਦੀ ਮਰਿਆਦਾ ਹੈ, ਦੂਸਰੇ ਪਾਸੇ ਫ਼ਰਜ਼ੀ ਖ਼ਬਰਾਂ ਦਾ ਬੋਲਬਾਲਾ ਹੈ, ਉਲਾਰ ਤੇ ਪੱਖਪਾਤੀ ਰੁਝਾਨ ਹੈ। ਤਰ੍ਹਾਂ-ਤਰ੍ਹਾਂ ਦੇ ਦਬਾਅ ਹਨ। ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਹਨ, ਇਸ ਸਭ ਕੁਝ ਦੇ ਬਾਵਜੂਦ ਅਖ਼ਬਾਰਾਂ ਸਮਾਜ ਪ੍ਰਤੀ, ਲੋਕਾਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ।
ਤਕਨੀਕ ਦੇ ਇਸ ਦੌਰ ਵਿਚ ਅਖ਼ਬਾਰਾਂ ਵੀ ਤਕਨੀਕੀ ਤੌਰ 'ਤੇ ਬਹੁਤ ਤਰੱਕੀ ਕਰ ਗਈਆਂ ਹਨ। ਡਾਟਾ ਐਨਾਲਿਰਿਕਸ ਅਤੇ ਡਿਜ਼ੀਟਲ ਪਲੇਟਫਾਰਮ ਜਿਹੀਆਂ ਅਤਿ-ਆਧੁਨਿਕ ਸਹੂਲਤਾਂ ਦੀ ਆਮਦ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਅਜੋਕੇ ਡਿਜੀਟਲ ਸਮਿਆਂ ਵਿਚ ਅਖ਼ਬਾਰਾਂ ਨੂੰ ਪ੍ਰਸੰਗਕ ਤੇ ਪ੍ਰਭਾਵੀ ਬਣਾਈ ਰੱਖਣ ਲਈ ਲੋੜੀਂਦੇ ਬਦਲਾਅ ਜ਼ਰੂਰੀ ਹੋ ਗਏ ਹਨ।
ਇੰਟਰਨੈੱਟ ਅਤੇ ਐਪ ਦੀ ਸਹੂਲਤ ਨਾਲ ਅਖ਼ਬਾਰਾਂ ਅੱਜ ਦੇਸ਼ ਅਤੇ ਦੁਨੀਆ ਦੇ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਆਨਲਾਈਨ ਐਡੀਸ਼ਨ ਕਿਉਂਕਿ ਪੂਰੀ ਦੁਨੀਆ ਤੱਕ ਪਹੁੰਚਦਾ ਹੈ, ਇਸ ਲਈ ਉਸ ਦੇ ਪਾਠਕਾਂ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਅਖ਼ਬਾਰਾਂ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ, ਬਦਲਣ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
ਅਖ਼ਬਾਰਾਂ ਸਮਾਜਿਕ, ਸਭਿਆਚਾਰਕ, ਪਰਿਵਾਰਕ ਅਤੇ ਰਾਜਨੀਤਕ ਮੁੱਦਿਆਂ, ਮਸਲਿਆਂ 'ਤੇ ਸੰਜੀਦਾ ਤੇ ਸੰਤੁਲਿਤ ਵਿਚਾਰ-ਚਰਚਾ ਕਰਵਾਉਣ ਵਿਚ ਵੀ ਅੱਗੇ ਹਨ। ਪਾਠਕ ਇਨ੍ਹਾਂ ਨਾਲ ਭਾਵਨਾਤਮਕ ਪੱਧਰ 'ਤੇ ਇਕ ਸਾਂਝ, ਇਕ ਜੁੜਾਅ ਮਹਿਸੂਸ ਕਰਦੇ ਹਨ।
ਇਸ਼ਤਿਹਾਰਬਾਜ਼ੀ ਪੱਖੋਂ ਵੀ ਹੋਰ ਕੋਈ ਮਾਧਿਅਮ ਅਖ਼ਬਾਰਾਂ ਜਿੰਨਾ ਕਾਰਗਰ ਤੇ ਪ੍ਰਭਾਵਸ਼ਾਲੀ ਨਹੀਂ, ਕਿਉਂਕਿ ਅਖ਼ਬਾਰ ਸਿੱਧੀ ਸੰਬੰਧਿਤ ਖਿੱਤੇ ਅਤੇ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ। ਮਨੁੱਖੀ ਮਨ 'ਤੇ ਜੋ ਪ੍ਰਭਾਵ ਲਿਖਤੀ ਸਮੱਗਰੀ ਦਾ ਪੈਂਦਾ ਹੈ, ਉਹ ਸਕਰੀਨ 'ਤੇ ਵੇਖਣ-ਪੜ੍ਹਨ ਨਾਲ ਨਹੀਂ ਪੈਂਦਾ। ਅਖ਼ਬਾਰ ਦੀ ਪਹੁੰਚ ਉਨ੍ਹਾਂ ਲੋਕਾਂ ਤੱਕ ਵੀ ਹੁੰਦੀ ਹੈ, ਜਿਹੜੇ ਤਕਨੀਕੀ ਮੁਹਾਰਤ ਨਹੀਂ ਰੱਖਦੇ। ਜਿਹੜੇ ਇੰਟਰਨੈੱਟ, ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ।
ਪ੍ਰਿੰਟ ਰੂਪ ਵਿਚ ਸਮੱਗਰੀ ਨੂੰ ਪੜ੍ਹਨਾ, ਸਮਝਣਾ ਤੇ ਸੰਭਾਲਣਾ ਆਸਾਨ ਹੁੰਦਾ ਹੈ, ਆਰਾਮਦਾਇਕ ਹੁੰਦਾ ਹੈ, ਚੰਗਾ ਲਗਦਾ ਹੈ।
ਅਜੋਕੇ ਡਿਜੀਟਲ ਦੌਰ ਵਿਚ ਅਖ਼ਬਾਰਾਂ ਦੀ ਸਫ਼ਲਤਾ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆਈਆਂ ਹਨ। 'ਦਾ ਨਿਊਯਾਰਕ ਟਾਈਮਜ਼' ਅਜਿਹੀ ਅਖ਼ਬਾਰ ਹੈ, ਜਿਸ ਨੇ ਪ੍ਰਿੰਟ ਰੂਪ ਵਿਚ ਵੀ ਆਪਣੀ ਸਰਕੂਲੇਸ਼ਨ ਨੂੰ ਬਰਕਰਾਰ ਰੱਖਿਆ ਹੈ ਅਤੇ ਆਨਲਾਈਨ ਪਾਠਕ-ਗਿਣਤੀ ਨੂੰ ਵੀ ਲਗਾਤਾਰ ਵਧਾਇਆ ਹੈ।
ਅੱਜ ਦੇ ਤੇਜ਼ ਤਰਾਰ ਤਕਨੀਕੀ ਸਮੇਂ ਵਿਚ ਭਾਵੇਂ ਡਿਜੀਟਲ ਮੀਡੀਆ ਦੇ ਮਹੱਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਪ੍ਰਿੰਟ ਮੀਡੀਆ ਦੀ ਭੂਮਿਕਾ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਦਰਅਸਲ ਸਮਾਂ ਦੋਹਾਂ ਦੇ ਸੁਮੇਲ ਦਾ ਹੈ। ਡਿਜੀਟਲ ਮੀਡੀਆ 'ਤੇ ਇਕ ਪੰਛੀ ਝਾਤ ਮਾਰਨ ਤੋਂ ਬਾਅਦ ਵਿਸਥਾਰ ਤੇ ਅਸਲੀਅਤ ਜਾਨਣ ਲਈ ਅਖ਼ਬਾਰ ਦੇ ਪੰਨਿਆਂ 'ਤੇ ਜਾਣਾ ਪੈਂਦਾ ਹੈ। ਇੰਝ ਕਰਕੇ ਹੀ ਅਸੀਂ ਖ਼ਬਰ ਨੂੰ, ਦੁਨੀਆ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਾਂ।

ਈ-ਮੇਲ : prof_kulbir@yahoo.com

ਪਿਛਲੀ ਖ਼ਬਰ ਭਾਰਤ ਅਮਰੀਕਾ ਤੋਂ ਇੰਨਾ ਡਰਿਆ ਹੋਇਆ ਕਿਉਂ? ਅਗਲੀ ਖ਼ਬਰ ਕਿਸ ਤਰ੍ਹਾਂ ਦੇ ਲੋਕਤੰਤਰ ਵਿਚ ਰਹਿ ਰਹੇ ਹਨ ਲੋਕ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।