24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਭਾਰਤ ਅਮਰੀਕਾ ਤੋਂ ਇੰਨਾ ਡਰਿਆ ਹੋਇਆ ਕਿਉਂ?

ਅਜੀਤ ਡੈਸਕ 23-06-2025

ਕੂਟਨੀਤਕ ਪੱਧਰ 'ਤੇ ਭਾਰਤ ਕਦੇ ਵੀ ਏਨੀ ਤਰਸਯੋਗ ਸਥਿਤੀ 'ਚ ਨਹੀਂ ਰਿਹਾ ਜਿਵੇਂ ਕਿ ਇਹ ਹੁਣ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਭਾਰਤ ਦਾ ਅਪਮਾਨ ਕਰ ਰਹੇ ਹਨ ਪਰ ਭਾਰਤ ਟਰੰਪ ਦੇ ਬਿਆਨਾਂ ਦਾ ਜਵਾਬ ਅਸਪੱਸ਼ਟ ਢੰਗ ਨਾਲ ਦੇ ਰਿਹਾ ਹੈ। ਹੁਣ ਜਾਂ ਤਾਂ ਟਰੰਪ ਸੱਚ ਬੋਲ ਰਿਹਾ ਹੈ ਕਿ ਉਸ ਨੇ ਵਪਾਰ ਅਤੇ ਟੈਰਿਫ਼ ਦਾ ਡਰ ਦਿਖਾ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਸੀ, ਇਸ ਲਈ ਭਾਰਤ ਉਸ ਨੂੰ ਝੂਠਾ ਸਾਬਿਤ ਕਰਨ 'ਚ ਅਸਮਰੱਥ ਹੈ ਪਰ ਜੇ ਟਰੰਪ ਝੂਠ ਬੋਲ ਰਿਹਾ ਹੈ ਤਾਂ ਭਾਰਤ ਏਨਾ ਡਰਿਆ ਹੋਇਆ ਕਿਉਂ ਹੈ ਕਿ ਉਹ ਉਸ ਦੇ ਝੂਠ ਨੂੰ ਝੂਠ ਨਹੀਂ ਕਹਿ ਪਾ ਰਿਹਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ 35 ਮਿੰਟ ਫ਼ੋਨ 'ਤੇ ਗੱਲਬਾਤ ਕੀਤੀ ਪਰ ਉਨ੍ਹਾਂ ਨੇ ਖ਼ੁਦ ਇਸ ਬਾਰੇ ਕੁਝ ਨਹੀਂ ਕਿਹਾ, ਜਦਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਰ ਵਿਦੇਸ਼ੀ ਨੇਤਾ ਨਾਲ ਹਰ ਟੈਲੀਫ਼ੋਨ ਗੱਲਬਾਤ ਦਾ ਵੇਰਵਾ ਦਿੰਦੇ ਸਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੋਦੀ ਤੇ ਟਰੰਪ ਵਿਚਕਾਰ ਹੋਈ ਗੱਲਬਾਤ ਦਾ ਵੇਰਵਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਸਿੱਧੇ ਢੰਗ ਨਾਲ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲ ਕਰਨ ਉਪਰੰਤ ਹੀ ਜੰਗਬੰਦੀ ਕੀਤੀ ਹੈ। ਮਿਸਰੀ ਨੇ ਇਹ ਗੱਲ ਸਵੇਰੇ ਕਹੀ ਤੇ ਸ਼ਾਮ ਤੱਕ ਟਰੰਪ ਨੇ 15ਵੀਂ ਵਾਰ ਦੁਹਰਾਇਆ ਕਿ ਉਸ ਨੇ ਹੀ ਜੰਗਬੰਦੀ ਕਰਵਾਈ ਹੈ। ਜੇਕਰ ਹੁਣ ਵੀ ਭਾਰਤ ਟਰੰਪ ਦਾ ਨਾਂਅ ਲੈ ਕੇ ਨਹੀਂ ਕਹਿੰਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ ਤਾਂ ਕੀ ਪ੍ਰਧਾਨ ਮੰਤਰੀ ਦੀਆਂ ਗੱਲਾਂ ਅਤੇ ਵਿਦੇਸ਼ ਸਕੱਤਰ ਦੇ ਬਿਆਨ ਦੀ ਭਰੋਸੇਯੋਗਤਾ ਬਚੇਗੀ?
ਕੂਟਨੀਤਕ ਖੇਤਰ 'ਚ ਭਾਰਤ ਨੂੰ ਇਕ ਹੋਰ ਝਟਕਾ
ਪਾਕਿਸਤਾਨ ਵਿਰੁੱਧ ਕੂਟਨੀਤਕ ਮੋਰਚੇ 'ਤੇ ਹਾਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਅੱਤਵਾਦੀ ਫੰਡਿੰਗ ਦੀ ਨਿਗਰਾਨੀ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਵੀ ਇਕ ਵੱਡਾ ਝਟਕਾ ਦਿੱਤਾ ਹੈ। ਇਸ ਨੇ ਪਾਕਿਸਤਾਨ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਦਰਅਸਲ ਐਫ.ਏ.ਟੀ.ਐਫ. ਨੇ ਪਹਿਲਗਾਮ ਘਟਨਾ ਤੋਂ 55 ਦਿਨ ਬਾਅਦ ਆਪਣਾ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਇਹ ਕੋਈ ਆਮ ਘਟਨਾ ਨਹੀਂ ਸੀ। ਅਜਿਹੀ ਘਟਨਾ ਲਈ ਪਰਦੇ ਪਿੱਛੇ ਤੋਂ ਵੱਡੀ ਫੰਡਿੰਗ ਦੀ ਲੋੜ ਹੁੰਦੀ ਹੈ। ਇਸ ਬਿਆਨ ਨੇ ਭਾਰਤ ਦੀਆਂ ਉਮੀਦਾਂ ਵਧਾ ਦਿੱਤੀਆਂ ਸਨ ਕਿ ਪਾਕਿਸਤਾਨ 'ਤੇ ਕਾਰਵਾਈ ਕੀਤੀ ਜਾਵੇਗੀ। ਪਰ ਪਹਿਲਗਾਮ 'ਤੇ ਬਿਆਨ ਤੋਂ ਇਕ ਦਿਨ ਬਾਅਦ ਐਫ.ਏ.ਟੀ.ਐਫ. ਨੇ ਪਾਕਿਸਤਾਨ 'ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਅਤੇ ਕਿਹਾ ਕਿ ਪਾਕਿਸਤਾਨ 2022 ਵਿਚ ਕੀਤੇ ਵਾਅਦਿਆਂ ਅਨੁਸਾਰ ਅੱਤਵਾਦੀ ਫੰਡਿੰਗ ਨੂੰ ਰੋਕਣ ਤੇ ਅੱਤਵਾਦ 'ਤੇ ਕਾਰਵਾਈ ਕਰਨ ਲਈ ਕੰਮ ਕਰ ਰਿਹਾ ਹੈ। ਐਫ.ਏ.ਟੀ.ਐਫ. ਦੀ ਇਕ ਮਹੱਤਵਪੂਰਨ ਮੀਟਿੰਗ ਅਗਸਤ ਵਿਚ ਹੋਣ ਵਾਲੀ ਹੈ, ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਨੂੰ ਸ਼ੱਕੀ ਦੇਸ਼ਾਂ ਦੀ 'ਗ੍ਰੇ ਲਿਸਟ' ਵਿਚ ਪਾਇਆ ਜਾਵੇ। ਇਸ ਦਾ ਅਸਰ ਇਹ ਹੁੰਦਾ ਹੈ ਕਿ ਬਿਨਾਂ ਕੁਝ ਕਹੇ ਹੀ 'ਗ੍ਰੇ ਲਿਸਟ' ਵਿਚ ਸ਼ਾਮਿਲ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੁਆਰਾ ਹੋਣ ਵਾਲੀ ਫੰਡਿੰਗ ਰੋਕ ਦਿੱਤੀ ਜਾਂਦੀ ਹੈ। ਧਿਆਨਯੋਗ ਹੈ ਕਿ ਹਾਲ ਹੀ ਵਿਚ ਆਈ.ਐਮ.ਐਫ., ਵਿਸ਼ਵ ਬੈਂਕ ਅਤੇ ਏ.ਡੀ.ਬੀ. ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੇ ਵੀ ਇਹ ਕਰਜ਼ਾ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸੇ ਵੀ ਵਿੱਤੀ ਸੰਸਥਾ ਨੇ ਭਾਰਤ ਦੀ ਗੱਲ ਨਹੀਂ ਸੁਣੀ। ਹੁਣ ਐਫ.ਏ.ਟੀ.ਐਫ. ਨੇ ਵੀ ਭਾਰਤ ਨੂੰ ਝਟਕਾ ਦੇ ਦਿੱਤਾ ਹੈ।
ਰੀਲਾਂ ਵਾਲੇ ਮੰਤਰੀਆਂ ਨਾਲ ਨਾਰਾਜ਼ਗੀ
ਪਤਾ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਇਹ ਮਹਿਸੂਸ ਕੀਤਾ ਹੈ ਜਾਂ ਨਹੀਂ, ਪਰ ਕਿਸੇ ਵੀ ਹਾਦਸੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਵਧ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇਸ ਨੂੰ ਠੀਕ ਨਹੀਂ ਮੰਨ ਰਹੇ, ਉਹ ਚਾਹੁੰਦੇ ਹਨ ਕਿ ਮੰਤਰੀ ਫ਼ੈਸਲਾਕੁੰਨ ਕਾਰਵਾਈ ਕਰਨ ਤੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਲੋਕ ਉਨ੍ਹਾਂ ਦੀਆਂ ਰੀਲਾਂ ਨਹੀਂ ਦੇਖਣਾ ਚਾਹੁੰਦੇ, ਭਾਜਪਾ ਸਮਰਥਕ ਵੀ ਇਸ ਦੀ ਆਲੋਚਨਾ ਕਰਦੇ ਹਨ। ਇਸ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨਿਸ਼ਾਨੇ 'ਤੇ ਹਨ। ਜਦੋਂ ਉਹ ਅਹਿਮਦਾਬਾਦ ਵਿਚ ਜਹਾਜ਼ ਹਾਦਸੇ ਵਾਲੀ ਥਾਂ 'ਤੇ ਗਏ ਤਾਂ ਉਨ੍ਹਾਂ ਦੀ ਰੀਲ ਬਣਾਈ ਗਈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਨਿਸ਼ਾਨੇ 'ਤੇ ਰਹੇ ਸਨ। ਬਾਲਾਸੋਰ ਰੇਲ ਹਾਦਸੇ ਮੌਕੇ ਉਨ੍ਹਾਂ ਦਾ ਰੀਲ ਬਣਾਉਣਾ ਲੋਕਾਂ ਨੂੰ ਪਸੰਦ ਨਹੀਂ ਆਇਆ। ਉਸ ਰੇਲ ਹਾਦਸੇ ਵਿਚ 297 ਲੋਕ ਮਾਰੇ ਗਏ ਸਨ ਤੇ ਕਿਸੇ ਨੂੰ ਵੀ ਉਸ ਲਈ ਜਵਾਬਦੇਹ ਨਹੀਂ ਠਹਿਰਾਇਆ ਗਿਆ ਅਤੇ ਹੁਣ ਜਹਾਜ਼ ਹਾਦਸੇ 'ਚ 275 ਲੋਕਾਂ ਦੀ ਮੌਤ ਹੋ ਗਈ ਹੈ, ਫਿਰ ਵੀ ਕਿਸੇ ਨੂੰ ਜਵਾਬਦੇਹ ਨਹੀਂ ਠਹਿਰਾਇਆ ਗਿਆ। ਕਿਸੇ ਨੇ ਵੀ ਕੋਈ ਅਸਤੀਫ਼ਾ ਨਹੀਂ ਦਿੱਤਾ। ਇਸ ਦੇ ਉਲਟ, ਕਈ ਐਂਗਲਾਂ ਤੋਂ ਸ਼ੂਟ ਕੀਤੀਆਂ ਗਈਆਂ ਮੰਤਰੀਆਂ ਦੀਆਂ ਰੀਲਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ 'ਚ 'ਸਲੋਅ ਮੋਸ਼ਨ' ਦੀ ਵਰਤੋਂ ਹੋਣ ਤੋਂ ਇਲਾਵਾ ਪਿੱਛੇ ਸੰਗੀਤ ਵੀ ਵੱਜ ਰਿਹਾ ਹੈ।
8ਵਾਂ ਤਨਖ਼ਾਹ ਕਮਿਸ਼ਨ ਨਹੀਂ ਬਣਿਆ
ਕੇਂਦਰ ਸਰਕਾਰ ਨੇ ਇਸ ਸਾਲ 16 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚਕਾਰ ਹੀ ਅੱਠਵੇਂ ਤਨਖ਼ਾਹ ਕਮਿਸ਼ਨ ਦਾ ਐਲਾਨ ਕੀਤਾ ਸੀ, ਜਿਸ ਦਾ ਉਸ ਨੂੰ ਬਹੁਤ ਫ਼ਾਇਦਾ ਹੋਇਆ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਸਰਕਾਰੀ ਕਰਮਚਾਰੀਆਂ ਦੇ ਦਬਦਬੇ ਵਾਲੀ ਨਵੀਂ ਦਿੱਲੀ ਸੀਟ ਤੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ ਪਰ ਐਲਾਨ ਦੇ ਪੰਜ ਮਹੀਨੇ ਬੀਤਣ 'ਤੇ ਵੀ ਅੱਠਵੇਂ ਤਨਖ਼ਾਹ ਕਮਿਸ਼ਨ ਬਾਰੇ ਕੋਈ ਪਹਿਲ ਨਹੀਂ ਕੀਤੀ ਗਈ। 16 ਜਨਵਰੀ ਦੇ ਐਲਾਨ 'ਚ ਕਿਹਾ ਗਿਆ ਸੀ ਕਿ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਜਨਵਰੀ 2026 ਤੋਂ ਲਾਗੂ ਕੀਤੀਆਂ ਜਾਣਗੀਆਂ। ਐਲਾਨ ਦੇ ਪੰਜ ਮਹੀਨੇ ਬੀਤਣ ਤੋਂ ਬਾਅਦ ਵੀ ਕਮਿਸ਼ਨ ਨਾ ਬਣਨ ਕਾਰਨ ਕਰਮਚਾਰੀਆਂ 'ਚ ਨਾਰਾਜ਼ਗੀ ਹੈ। ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ ਨੇ 9 ਜੁਲਾਈ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਫੈੱਡਰੇਸ਼ਨ ਨੇ ਕਿਹਾ ਹੈ ਕਿ ਸਰਕਾਰ ਕਮਿਸ਼ਨ ਦੇ ਗਠਨ 'ਚ ਦੇਰੀ ਕਰ ਰਹੀ ਹੈ ਤਾਂ ਜੋ ਉਸ ਨੂੰ ਜਨਵਰੀ 2026 ਤੋਂ ਕਰਮਚਾਰੀਆਂ ਨੂੰ ਇਸ ਦੇ ਲਾਭ ਨਾ ਦੇਣੇ ਪੈਣ। ਭਾਵੇਂ ਕਮਿਸ਼ਨ ਦੇਰ ਨਾਲ ਬਣਾਇਆ ਜਾਵੇ ਤੇ ਸਿਫ਼ਾਰਸ਼ਾਂ ਦੇਰ ਨਾਲ ਆਉਣ, ਉਦੋਂ ਵੀ ਸਰਕਾਰ ਜਨਵਰੀ 2026 ਤੋਂ ਇਸ ਦੇ ਲਾਭ ਦੇ ਸਕਦੀ ਹੈ, ਜਿਸ 'ਚ ਕਰਮਚਾਰੀਆਂ ਨੂੰ ਬਕਾਇਆ ਰਾਸ਼ੀ ਇਕਮੁਸ਼ਤ ਮਿਲੇਗੀ। ਪਰ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ। 16 ਜਨਵਰੀ ਨੂੰ ਕਮਿਸ਼ਨ ਦਾ ਐਲਾਨ ਕੀਤਾ ਸੀ ਤਾਂ ਇਸ ਨੂੰ ਬਣਾਉਣ ਵਿਚ ਏਨਾ ਸਮਾਂ ਕਿਉਂ ਲੱਗ ਰਿਹਾ ਹੈ? ਇਹ ਸਪੱਸ਼ਟ ਹੈ ਕਿ ਸਰਕਾਰ ਨੇ ਚੋਣਾਂ 'ਚ ਫ਼ਾਇਦਾ ਲਿਆ ਅਤੇ ਹੁਣ ਚੁੱਪੀ ਸਾਧ ਲਈ ਹੈ।
ਕਾਂਗਰਸ ਦਫ਼ਤਰ 'ਤੇ ਈ.ਡੀ. ਦੀ ਕਾਰਵਾਈ
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੁਣ ਵਿਰੋਧੀ ਧਿਰ ਦੇ ਆਗੂਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ 'ਤੇ ਵੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਸ਼ਰਾਬ ਨੀਤੀ ਘੁਟਾਲੇ 'ਚ ਆਮ ਆਦਮੀ ਪਾਰਟੀ ਅਤੇ ਫਿਰ ਕੇਰਲ ਵਿਚ ਸੀ.ਪੀ.ਐਮ. ਦੇ ਜ਼ਿਲ੍ਹਾ ਦਫ਼ਤਰ ਨੂੰ ਕਥਿਤ ਬੈਂਕ ਘੁਟਾਲੇ ਵਿਚ ਦੋਸ਼ੀ ਬਣਾਉਣ ਤੋਂ ਬਾਅਦ, ਹੁਣ ਖ਼ਬਰ ਹੈ ਕਿ ਈ.ਡੀ. ਨੇ ਛੱਤੀਸਗੜ੍ਹ ਦੇ ਸੁਕਮਾ ਵਿਚ ਕਾਂਗਰਸ ਦਫ਼ਤਰ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਈ.ਡੀ. ਨੇ ਕਾਂਗਰਸ ਆਗੂ ਤੇ ਸਾਬਕਾ ਮੰਤਰੀ ਕਵਾਸੀ ਲਖਮਾ ਨੂੰ ਛੱਤੀਸਗੜ੍ਹ ਦੇ ਕਥਿਤ ਸ਼ਰਾਬ ਘੁਟਾਲੇ ਵਿਚ ਮੁਲਜ਼ਮ ਬਣਾਇਆ ਹੈ। ਈ.ਡੀ. ਦਾ ਕਹਿਣਾ ਹੈ ਕਿ ਲਖਮਾ ਨੇ ਸ਼ਰਾਬ ਘੁਟਾਲੇ ਤੋਂ 65 ਲੱਖ ਰੁਪਏ ਪਾਰਟੀ ਦਫ਼ਤਰ ਬਣਾਉਣ ਲਈ ਵਰਤੇ ਸਨ, ਇਸ ਲਈ ਪਾਰਟੀ ਦਫ਼ਤਰ ਸੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਸੋਨੀਆ ਤੇ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਮੁਲਜ਼ਮ ਬਣਾਇਆ ਸੀ ਪਰ ਕਾਂਗਰਸ ਨੂੰ ਮੁਲਜ਼ਮ ਨਹੀਂ ਬਣਾਇਆ ਸੀ। ਹਾਲਾਂਕਿ ਨੈਸ਼ਨਲ ਹੈਰਾਲਡ ਮਾਮਲੇ ਵਿਚ ਈ.ਡੀ. ਨੇ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਦੋ ਬੈਂਕ ਖਾਤੇ ਸੀਲ ਕਰ ਕੇ ਇਸ ਦੇ ਪੈਸੇ ਦੇ ਸਰੋਤ ਨੂੰ ਰੋਕ ਦਿੱਤਾ ਸੀ। ਕਾਂਗਰਸ ਦੇ 100 ਕਰੋੜ ਰੁਪਏ ਤੋਂ ਵੱਧ ਖਾਤਿਆਂ ਵਿਚ ਫਸ ਗਏੇ ਸਨ। ਇਸ ਲਈ ਅਜਿਹਾ ਲੱਗਦਾ ਹੈ ਕਿ ਨੇਤਾਵਾਂ ਤੋਂ ਬਾਅਦ ਈ.ਡੀ. ਹੁਣ ਵਿਰੋਧੀ ਪਾਰਟੀਆਂ 'ਤੇ ਵੀ ਸ਼ਿਕੰਜਾ ਕਸੇਗੀ।

ਪਿਛਲੀ ਖ਼ਬਰ 23-06-2025 ਅਗਲੀ ਖ਼ਬਰ ਅਖ਼ਬਾਰਾਂ ਹੀ ਹਨ ਪੱਤਰਕਾਰੀ ਦੀ ਬੁਨਿਆਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।