ਅਵਾਰਾ ਕੁੱਤਿਆਂ ਅਤੇ ਉਨ੍ਹਾਂ ਦੁਆਰਾ ਵੱਢੇ ਗਏ ਲੋਕਾਂ ਵਿਚ ਹਲਕਾਅ (ਰੇਬੀਜ਼) ਰੋਗ ਦੀ ਵਧਦੀ ਸੰਖਿਆ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਕ ਵਾਰ ਫਿਰ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਇਸ ਵਾਰ ਇਸ ਲਈ ਵੀ ਜ਼ਿਆਦਾ ਗੰਭੀਰ ਨਜ਼ਰ ਆਉਂਦੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਖ਼ੁਦ ਸੂਬਾ ਸਰਕਾਰਾਂ ਨੂੰ ਇਸ ਸੰਬੰਧੀ ਵਿਸਥਾਰਤ ਕਾਰਜ-ਯੋਜਨਾ ਤਿਆਰ ਕਰ ਕੇ ਕੇਂਦਰ ਤੱਕ ਪਹੁੰਚਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਇਸ ਕਾਰਜ ਨੂੰ 31 ਅਕਤੂਬਰ ਤੱਕ ਮੁਕੰਮਲ ਕਰ ਲੈਣ ਦਾ ਅਲਟੀਮੇਟਮ ਵੀ ਦਿੱਤਾ ਹੈ। ਕੇਂਦਰ ਦੇ ਇਸ ਅਲਟੀਮੇਟਮ ਦਾ ਮਹੱਤਵ ਇਸ ਲਈ ਵੀ ਵਧ ਜਾਂਦਾ ਹੈ, ਕਿਉਂਕਿ ਸਰਕਾਰ ਨੇ ਅਗਲੇ 5 ਸਾਲਾਂ ਤੱਕ ਦੇਸ਼ ਨੂੰ ਰੇਬੀਜ਼ ਮੁਕਤ ਬਣਾਉਣ ਲਈ ਇਕ ਪ੍ਰਭਾਵੀ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਕਾਰਜ ਯੋਜਨਾ ਤਹਿਤ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ, ਕੁੱਤਿਆਂ ਦੁਆਰਾ ਵੱਢੇ ਜਾਂਦੇ ਲੋਕਾਂ ਅਤੇ ਰੇਬੀਜ਼ ਰੋਗੀਆਂ ਦੀ ਵਧਦੀ ਗਿਣਤੀ ਦਾ ਪੂਰਾ ਵੇਰਵਾ ਸੰਬੰਧਿਤ ਸੂਬਾ ਸਰਕਾਰ ਨੂੰ ਦਰਜ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਇਸ ਸਮੱਸਿਆ ਨੇ ਲੋਕਾਂ ਨੂੰ ਬਹੁਤ ਸਮੇਂ ਤੋਂ ਪ੍ਰੇਸ਼ਾਨ ਕੀਤਾ ਹੋਇਆ ਹੈ। ਕੁੱਤਿਆਂ ਦੀ ਦਹਿਸ਼ਤ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰਾਂ ਹੁਣ ਤੱਕ ਵਧੇਰੇ ਕਰਕੇ ਅਵੇਸਲੀਆਂ ਹੀ ਰਹੀਆਂ ਹਨ। ਇਥੋਂ ਤੱਕ ਕਿ ਪਿਛਲੇ ਮਹੀਨੇ ਤਾਂ ਦੇਸ਼ ਦੀ ਸਰਬਉੱਚ ਅਦਾਲਤ ਨੇ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਨੂੰ ਕੁੱਤਿਆਂ ਦੀ ਦਹਿਸ਼ਤ ਤੋਂ ਮੁਕਤ ਕਰਵਾਉਣ ਲਈ ਇਕ ਸਖ਼ਤ ਆਦੇਸ਼ ਤੱਕ ਪਾਸ ਕਰ ਦਿੱਤਾ ਸੀ, ਹਾਲਾਂਕਿ ਅਦਾਲਤ ਨੇ ਬਾਅਦ ਵਿਚ ਇਸ ਆਦੇਸ਼ 'ਚ ਸੋਧ ਕਰਦਿਆਂ ਫਿਲਹਾਲ ਇਸ ਨੂੰ ਕੁਝ ਹਦਾਇਤਾਂ ਨਾਲ ਜੋੜ ਕੇ ਵਾਪਸ ਲੈ ਲਿਆ ਸੀ। ਪਰ ਸਰਕਾਰਾਂ ਅਦਾਲਤ ਦੀ ਇਸ ਖੁੱਲ੍ਹ ਨੂੰ ਪਹਿਲਾਂ ਵਾਂਗ ਹਲਕੇ ਵਿਚ ਲੈ ਕੇ ਇਕ ਵਾਰ ਮੁੜ ਤੋਂ ਅਵੇਸਲੀਆਂ ਹੋਣ ਲੱਗੀਆਂ ਸਨ।
ਸ਼ਾਇਦ ਇਸੇ ਲਈ ਕੇਂਦਰ ਨੇ ਇਕ ਵਾਰ ਮੁੜ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਪ੍ਰਸ਼ਾਸਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਕਿ ਅਦਾਲਤ ਇਕ ਵਾਰ ਮੁੜ ਤੋਂ ਨਿਰਣਾਇਕ ਰੌਂਅ ਵਿਚ ਆ ਜਾਵੇ, ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਇਸ ਨਿਰਦੇਸ਼ ਦੇ ਨਾਲ ਇਹ ਵੀ ਜੋੜ ਦਿੱਤਾ ਹੈ ਕਿ ਰੇਬੀਜ਼ ਰੋਗ ਦੇ ਸੰਬੰਧ ਵਿਚ ਕੇਂਦਰ ਵਲੋਂ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਨੂੰ ਅਗਲੇ ਸਾਲ ਤੋਂ ਇਸ ਸਮੱਸਿਆ ਨੂੰ ਸੁਲਝਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਨਾਲ ਜੋੜ ਕੇ ਦੇਖਿਆ ਜਾਵੇਗਾ। ਜਿਨ੍ਹਾਂ ਸੂਬਿਆਂ ਦੀ ਕਾਰਜ ਯੋਜਨਾ ਜ਼ਿਆਦਾ ਸਪੱਸ਼ਟ ਤੇ ਕਾਰਜਸ਼ੀਲ ਹੋਵੇਗੀ, ਉਨ੍ਹਾਂ ਨੂੰ ਸਹਾਇਤਾ ਰਾਸ਼ੀ ਦੇਣ ਵਿਚ ਪਹਿਲ ਤੇ ਉਚੇਚੀ ਤਰਜੀਹ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੀ ਇਹ ਪਹਿਲ ਇਸ ਲਈ ਵੀ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ ਸਰਬਉੱਚ ਅਦਾਲਤ ਦੇ ਨਿਰਦੇਸ਼ ਦੇ ਬਾਵਜੂਦ ਦੇਸ਼ ਦੇ ਕਈ ਸੂਬਿਆਂ ਵਿਚ ਨਾ ਸਿਰਫ਼ ਅਵਾਰਾ ਕੁੱਤਿਆਂ ਦੀ ਗਿਣਤੀ ਵਧੀ ਹੈ, ਸਗੋਂ ਕੁੱਤਿਆਂ ਦੁਆਰਾ ਵੱਢੇ ਜਾਣ ਦੀਆਂ ਘਟਨਾਵਾਂ ਅਤੇ ਇਸ ਕਾਰਨ ਰੇਬੀਜ਼ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।
ਦੇਸ਼ ਦੀ ਇਸ ਗੰਭੀਰ ਸਮੱਸਿਆ ਦਾ ਸੇਕ ਦੇਸ਼ ਦੇ ਬਾਹਰ ਮਤਲਬ ਵਿਦੇਸ਼ਾਂ ਤੱਕ ਪਹੁੰਚ ਜਾਣਾ ਵੀ ਇਕ ਚਿੰਤਾਜਨਕ ਮੁੱਦਾ ਹੈ। ਪਿਛਲੇ ਮਹੀਨੇ 27 ਸਤੰਬਰ ਨੂੰ ਰਾਜਧਾਨੀ ਦਿੱਲੀ ਦੇ ਇਕ ਸਟੇਡੀਅਮ ਵਿਚ ਦੋ ਵਿਦੇਸ਼ੀ ਕੋਚਾਂ ਨੂੰ ਦੋ ਵੱਖ-ਵੱਖ ਘਟਨਾਵਾਂ ਦੌਰਾਨ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ, ਪੀੜਤ ਇਕ ਔਰਤ ਤੇ ਇਕ ਪੁਰਸ਼ ਕੋਚ ਸਨ। ਇਧਰ ਅਦਾਲਤ ਅੰਦਰ ਵਾਪਰੇ ਅਜਿਹੇ ਇਕ ਹੋਰ ਘਟਨਾਕ੍ਰਮ ਦੇ ਸੰਬੰਧ ਵਿਚ ਪੰਜਾਬ-ਹਰਿਆਣਾ ਹਾਈ ਕੋਰਟ ਦੁਆਰਾ ਅਵਾਰਾ ਕੁੱਤਿਆਂ ਸੰਬੰਧੀ ਸਭ ਮਾਣਹਾਨੀ ਪਟੀਸ਼ਨਾਂ ਨੂੰ ਸਰਬਉੱਚ ਅਦਾਲਤ ਨੂੰ ਭੇਜਣ ਦੇ ਫ਼ੈਸਲੇ ਨੇ ਇਸ ਮਾਮਲੇ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸ ਨਾਲ ਸਰਬਉੱਚ ਅਦਾਲਤ ਦੇ ਨਾਰਾਜ਼ ਹੋਣ ਅਤੇ ਕੋਈ ਹੋਰ ਨਵਾਂ ਆਦੇਸ਼ ਜਾਰੀ ਕਰ ਦੇਣ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਪ੍ਰਤੀਤ ਹੋ ਰਹੀਆਂ ਹਨ।
ਬਿਨਾਂ ਸ਼ੱਕ ਇਹ ਸਮੱਸਿਆ ਪਿਛਲੇ ਸਮੇਂ ਵਿਚ ਕਾਫ਼ੀ ਗੰਭੀਰ ਹੋਈ ਹੈ। ਇਕ ਅੰਦਾਜ਼ੇ ਦੇ ਅਨੁਸਾਰ ਦੇਸ਼ ਵਿਚ ਹਰ ਸਾਲ 20 ਹਜ਼ਾਰ ਤੋਂ ਜ਼ਿਆਦਾ ਲੋਕ ਰੇਬੀਜ਼ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ ਅਤੇ ਲੱਖਾਂ ਹੋਰ ਲੋਕ ਕੁੱਤਿਆਂ ਦੇ ਵੱਢੇ ਜਾਣ ਨਾਲ ਜ਼ਖ਼ਮੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣਾ ਪੈਂਦਾ ਹੈ। ਇਹ ਵੀ ਸੱਚ ਹੈ ਕਿ ਰੇਬੀਜ਼ ਹੋ ਜਾਣ 'ਤੇ ਮੌਤ ਯਕੀਨੀ ਹੈ ਕਿਉਂਕਿ ਇਸ ਦਾ ਇਲਾਜ ਅਜੇ ਤੱਕ ਉਪਲੱਬਧ ਨਹੀਂ ਹੈ। ਇਸ ਰੋਗ ਤੋਂ ਬਚਣ ਦਾ ਇਕਮਾਤਰ ਉਪਾਅ ਕਿਸੇ ਕੁੱਤੇ ਦੁਆਰਾ ਵੱਢੇ ਜਾਣ ਤੋਂ ਤੁਰੰਤ ਬਾਅਦ ਸੁਰੱਖਿਆ ਤੇ ਬਚਾਅ ਦੇ ਢੰਗ ਅਪਣਾ ਲੈਣ ਵਿਚ ਹੈ। ਅਜਿਹੀ ਸਥਿਤੀ ਵਿਚ ਅਵਾਰਾ ਕੁੱਤਿਆਂ ਦੀ ਨਸਬੰਦੀ, ਉਨ੍ਹਾਂ ਦਾ ਵਸੇਬਾ ਰਿਹਾਇਸ਼ੀ ਆਬਾਦੀ ਤੋਂ ਬਾਹਰ ਕਰਨ ਜਿਹੇ ਕੋਈ ਹੋਰ ਉਪਾਅ ਅਪਨਾਉਣ ਨਾਲ ਹੀ ਰੇਬੀਜ਼ ਰੋਗ ਤੋਂ ਸੁਰੱਖਿਅਤ ਹੋਇਆ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦੇ ਰੇਬੀਜ਼-ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਜਿਹੇ ਉਪਾਅ ਜਿੰਨੀ ਜਲਦੀ ਤੇ ਪ੍ਰਤੀਬੱਧਤਾ ਨਾਲ ਕੀਤੇ ਜਾਣਗੇ, ਓਨਾ ਹੀ ਦੇਸ਼ ਲਈ ਠੀਕ ਹੋਵੇਗਾ।
ਰੇਬੀਜ਼ ਮੁਕਤ ਦੇਸ਼ ਦਾ ਟੀਚਾ
ਅਜੀਤ ਡੈਸਕ
17-10-2025