25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਜੇ ਪੰਜਾਬ ਵਿਚ ਨਹੀਂ ਆ ਰਹੀਆਂ ਵਿਦੇਸ਼ੀ ਯੂਨੀਵਰਸਿਟੀਆਂ!

ਅਜੀਤ ਡੈਸਕ 17-10-2025

ਉਨਕੇ ਬਸ ਮੇਂ ਹੈ ਨਹੀਂ ਯੇ ਹਮਕੋ ਭੀ ਮਾਲੂਮ ਹੈ,
ਫਿਰ ਭੀ ਉਨਸੇ ਚਾਂਦ ਕੀ ਹਮ ਜੁਸਤਜੂ ਕਰਤੇ ਹੈਂ ਕਯੂੰ?

ਕਈ ਵਾਰ ਪਤਾ ਹੁੰਦਾ ਹੈ ਕਿ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਪਰ ਫਿਰ ਵੀ ਬੰਦਾ ਵਾਰ-ਵਾਰ ਕੋਸ਼ਿਸ਼ ਕਰਦਾ ਹੈ ਕਿ ਸ਼ਾਇਦ ਇਸ ਵਾਰ ਤੇਲ ਨਿਕਲ ਹੀ ਆਵੇਗਾ। ਅਜਿਹੀ ਹੀ ਆਦਤ ਮੇਰੇ ਵਰਗੇ ਲੇਖਕਾਂ ਦੀ ਬਣ ਜਾਂਦੀ ਹੈ ਜੋ ਵਾਰ-ਵਾਰ ਵਕਤ ਦੇ ਹੁਕਮਰਾਨਾਂ ਨੂੰ ਕੁਝ ਕਰਨ ਲਈ ਕਹਿੰਦੇ ਰਹਿੰਦੇ ਹਨ, ਭਾਵੇਂ ਉਨ੍ਹਾਂ ਦੇ ਕਹਿਣ ਦਾ ਉਹ ਕੌਡੀ ਮੁੱਲ ਨਾ ਪਾਉਂਦੇ ਹੋਣ। ਵਿੱਦਿਆ ਬਾਰੇ ਮਹਾਨ ਇਨਕਲਾਬੀ ਨੈਲਸਨ ਮੰਡੇਲਾ ਦੇ ਲਫ਼ਜ਼ ਹਨ, 'ਗਿਆਨ ਉਹ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨਾਲ ਤੁਸੀਂ ਪੂਰੀ ਦੁਨੀਆ ਬਦਲ ਸਕਦੇ ਹੋ।'
ਭਾਰਤ ਦੀ ਪਰੰਪਰਾ ਰਹੀ ਹੈ ਕਿ ਇਥੇ ਤਾਲਿਬ-ਏ-ਇਲਮ (ਵਿਦਿਆਰਥੀ) ਤਕਸ਼ਿਲਾ ਤੇ ਨਾਲੰਦਾ ਵਰਗੇ ਵਿਸ਼ਵ ਵਿਦਿਆਲਿਆਂ (ਯੂਨੀਵਰਸਿਟੀਆਂ) ਵਿਚ ਜਾ ਕੇ ਉੱਚ ਵਿੱਦਿਆ ਹਾਸਲ ਕਰਦੇ ਸਨ। ਪੰਜਾਬ ਅਤੇ ਸਿੱਖਾਂ ਲਈ ਵੀ ਵਿੱਦਿਆ ਦਾ ਕੀ ਮਹੱਤਵ ਹੈ, ਇਸ ਬਾਰੇ ਗੁਰਬਾਣੀ ਵਿਚ ਸਪੱਸ਼ਟ ਵਰਨਣ ਹੈ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੋਣਵੇਂ ਸਿੱਖਾਂ ਨੂੰ ਭਾਰਤੀ ਦਰਸ਼ਨ ਤੇ ਸੰਸਕ੍ਰਿਤ ਦੀ ਵਿੱਦਿਆ ਹਾਸਿਲ ਕਰਨ ਲਈ ਕਾਸ਼ੀ ਭੇਜਣਾ (ਕਾਸ਼ੀ, ਉਸ ਵੇਲੇ ਭਾਰਤੀ ਦਰਸ਼ਨ ਤੇ ਸਿੱਖਿਆ ਦਾ ਕੇਂਦਰ ਸੀ) ਵੀ ਇਸ ਦੀ ਇਕ ਮਿਸਾਲ ਹੈ। ਅਜੋਕੇ ਯੁੱਗ ਵਿਚ ਪੰਜਾਬ ਦੇ ਵਿਦਿਆਰਥੀ ਦੇਸ਼ ਦੇ ਤਿੰਨ ਪਹਿਲੇ ਰਾਜਾਂ ਵਿਚ ਆਉਂਦੇ ਹਨ, ਜੋ ਪੜ੍ਹਨ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਪਰ ਅਫ਼ਸੋਸ ਇਹ ਕਿ ਉਨ੍ਹਾਂ ਵਿਚੋਂ ਬਹੁਤੇ ਪੜ੍ਹਨ ਲਈ ਨਹੀਂ ਸਗੋਂ ਸਿਰਫ਼ ਪੀ.ਆਰ. ਤੇ ਫਿਰ ਸਿਟੀਜ਼ਨ ਬਣਨ ਲਈ ਜਾਂਦੇ ਹਨ ਤੇ ਉਨ੍ਹਾਂ ਦੀ ਪਹਿਲੀ ਪੀੜ੍ਹੀ ਪੰਜਾਬ ਵਿਚ ਆਏ ਪੂਰਬੀ ਮਜ਼ਦੂਰਾਂ ਵਾਂਗ ਮਜ਼ਦੂਰੀ ਹੀ ਕਰਦੀ ਹੈ। ਖ਼ੈਰ ਇਹ ਅੱਜ ਦਾ ਵਿਸ਼ਾ ਨਹੀਂ ਹੈ। ਵਿਸ਼ਾ ਤਾਂ ਪੰਜਾਬੀਆਂ ਲਈ ਵਿਸ਼ਵ ਪੱਧਰ ਦੀ ਸਿੱਖਿਆ ਦਾ ਹੈ। ਜਿਸ ਵਿਚ ਸਾਡਾ ਪੰਜਾਬ ਲਗਾਤਾਰ ਪਛੜਦਾ ਜਾ ਰਿਹਾ ਹੈ। ਇਸ ਵਿਚ ਕਸੂਰ ਸਿਰਫ਼ ਮੌਜੂਦਾ ਸਰਕਾਰ ਦਾ ਹੀ ਨਹੀਂ ਸਗੋਂ ਪਿਛਲੀਆਂ ਸਰਕਾਰਾਂ ਦਾ ਵੀ ਹੈ।
ਪਿਛਲੇ ਦਿਨੀਂ ਕੌਮੀ ਅਖ਼ਬਾਰਾਂ ਵਿਚ ਇਕ ਖ਼ਬਰ ਦੇਖੀ ਜੋ ਪੰਜਾਬ ਦੇ ਬਹੁਤੇ ਅਖ਼ਬਾਰਾਂ ਵਿਚ ਦਿਖਾਈ ਨਹੀਂ ਦਿੱਤੀ, ਹਾਲਾਂਕਿ ਪੰਜਾਬ ਵਿਚ ਇਸ ਨੂੰ ਪੰਜਾਬ ਦੇ ਨੁਕਤਾਨਿਗਾਹ ਤੋਂ ਵੱਧ ਮਹੱਤਤਾ ਮਿਲਣੀ ਚਾਹੀਦੀ ਸੀ ਤੇ ਇਸ ਖ਼ਬਰ ਵੱਲ ਪੰਜਾਬ ਸਰਕਾਰ ਦਾ ਧਿਆਨ ਜਾਣਾ ਵੀ ਜ਼ਰੂਰੀ ਹੈ। ਖ਼ਬਰ ਇਹ ਹੈ ਕਿ ਵਿਸ਼ਵ ਦੀਆਂ ਚੋਟੀ ਦੀਆਂ 17 ਦੇ ਕਰੀਬ ਯੂਨੀਵਰਸਿਟੀਆਂ ਭਾਰਤ ਵਿਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ ਤੇ ਇਨ੍ਹਾਂ ਵਿਚੋਂ ਇਕ ਵੀ ਪੰਜਾਬ ਵਿਚ ਨਹੀਂ ਖੋਲ੍ਹਿਆ ਜਾ ਰਿਹਾ।
ਅਸਲ ਵਿਚ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਐਨ.ਈ.ਪੀ. 2020 ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ 'ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਾਂ ਦੀ ਸਥਾਪਨ ਅਤੇ ਸੰਚਾਲਨ' ਲਈ ਬਣਾਏ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵਿਸ਼ਵ ਦੀਆਂ 500 ਉਪਰਲੇ ਦਰਜੇ ਦੀਆਂ ਯੂਨੀਵਰਸਿਟੀਆਂ ਲਈ ਰਸਤਾ ਖੋਲ੍ਹਿਆ ਗਿਆ ਹੈ, ਕਿ ਉਹ ਭਾਰਤ ਵਿਚ ਆਪਣੇ 'ਭੌਤਿਕ' ਕੈਂਪਸ ਬਣਾਉਣ। ਇਹ ਨਿਯਮ 2047 ਤੱਕ ਵਿਕਸਤ ਤੇ ਸਿਖਿਅਤ ਭਾਰਤ ਦੇ ਨਿਸ਼ਾਨੇ ਦੀ ਪ੍ਰਾਪਤੀ ਦਾ ਹਿੱਸਾ ਹਨ। ਇਹ ਕੈਂਪਸ ਭਾਰਤੀ ਵਿਦਿਆਰਥੀਆਂ ਨੂੰ ਵਿਸ਼ਵ ਦ੍ਰਿਸ਼ਟੀਕੋਣ, ਐਕਸਪੋਜ਼ਰ ਅਤੇ ਨਵੀਆਂ ਖੋਜਾਂ ਦੇ ਹਾਣ ਦਾ ਬਣਾਉਣ ਦੇ ਮੌਕੇ ਪ੍ਰਦਾਨ ਕਰਨਗੇ। ਇਥੇ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਮਜ਼ਦੂਰੀ ਨਹੀਂ ਕਰਨੀ ਪਵੇਗੀ ਉਹ ਆਪਣੇ ਦੇਸ਼ ਵਿਚ ਵੀ ਉੱਚ ਦਰਜੇ ਦੇ ਰੁਜ਼ਗਾਰ ਦੇ ਹੱਕਦਾਰ ਬਣ ਜਾਣਗੇ। ਬਾਹਰਲੇ ਦੇਸ਼ ਵੀ ਉਨ੍ਹਾਂ ਨੂੰ ਸਿੱਧੀ ਪੀ.ਆਰ. ਹੀ ਨਹੀਂ ਦੇਣਗੇ ਸਗੋਂ ਨੌਕਰੀਆਂ ਦੀ ਪੇਸ਼ਕਸ਼ ਕਰਨੀ ਵੀ ਉਨ੍ਹਾਂ ਦੀ ਲੋੜ ਹੋਵੇਗੀ, ਕਿਉਂਕਿ ਇਨ੍ਹਾਂ ਕੈਂਪਸਾਂ ਵਿਚ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਡਿਗਰੀ ਸਿਰਫ਼ ਭਾਰਤ ਵਿਚ ਹੀ ਮਾਨਤਾ ਪ੍ਰਾਪਤ ਨਹੀਂ ਹੋਵੇਗੀ ਸਗੋਂ ਉਸ ਦੇਸ਼ ਵਿਚ ਵੀ ਮਾਨਤਾ ਪ੍ਰਾਪਤ ਹੋਵੇਗੀ, ਜਿਸ ਦੇਸ਼ ਦੀ ਯੂਨੀਵਰਸਿਟੀ ਦਾ ਕੈਂਪਸ ਹੋਵੇਗਾ। ਇਨ੍ਹਾਂ ਕੈਂਪਸ ਵਿਚ ਆਨਲਾਈਨ ਤੇ ਦੂਰ ਰਹਿ ਕੇ ਪੜ੍ਹਾਈ ਭਾਵ ਡਿਸਟੈਂਸ ਵਿੱਦਿਆ ਲਈ ਕੋਈ ਖਾਸ ਜਗ੍ਹਾ ਨਹੀਂ ਹੋਵੇਗੀ, ਸਗੋਂ ਵਿਦਿਆਰਥੀਆਂ ਨੂੰ ਕੈਂਪਸਾਂ ਵਿਚ ਰਹਿ ਕੇ ਪੜ੍ਹਾਈ ਕਰਨੀ ਪਵੇਗੀ। ਗੌਰਤਲਬ ਹੈ ਕਿ ਹੁਣ ਤੱਕ ਭਾਰਤ ਵਿਚ ਕਰੀਬ 17 ਯੂਨੀਵਰਸਿਟੀਆਂ ਜਿਨ੍ਹਾਂ ਵਿਚ ਕਵੀਨਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਸਰੀ, ਕਾਵੈਂਟਰੀ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਲਿਵਰਪੂਲ, ਯੂਨੀਵਰਸਿਟੀ ਆਫ਼ ਸਾਊਥੈਂਪਟਨ, ਯੂਨੀਵਰਸਿਟੀ ਆਫ਼ ਐਡਰਬੀਨ, ਯੂਨੀਵਰਸਿਟੀ ਆਫ਼ ਯੌਰਕ ਜੋ ਯੂ.ਕੇ. ਦੀਆਂ ਯੂਨੀਵਰਸਿਟੀਆਂ ਹਨ, ਯੂਨੀਵਰਸਿਟੀ ਆਫ਼ ਵਲੌਨਗੌਂਗ, ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ ਯੂਨੀਵਰਸਿਟੀ ਤੇ ਵੈਸਟਰਨ ਸਿਡਨੀ ਯੂਨੀਵਰਸਿਟੀ ਵਰਗੀਆਂ ਆਸਟ੍ਰੇਲਿਆਈ ਯੂਨੀਵਰਸਿਟੀਆਂ ਤੋਂ ਇਲਾਵਾ ਇਲੀਨਾਇਜ਼ ਇੰਸਟੀਚਿਊਟ ਆਫ਼ ਤਕਨਾਲੋਜੀ (ਯੂ.ਐਸ.ਏ.) ਇੰਸਟੀਚਿਊਟ ਆਫ਼ ਯੂਰਪੀਨ ਡਿਜ਼ਾਈਨ (ਇਟਲੀ), ਲਿੰਕਨ ਯੂਨੀਵਰਸਿਟੀ (ਮਲੇਸ਼ੀਆ) ਅਤੇ ਲਾ-ਟਰੋਬ ਯੂਨੀਵਰਸਿਟੀ ਵੀ ਸ਼ਾਮਿਲ ਹਨ, ਇਹ ਭਾਰਤ ਵਿਚ ਜਾਂ ਤਾਂ ਕੈਂਪਸ ਖੋਲ੍ਹ ਚੁੱਕੀਆਂ ਹਨ ਜਾਂ ਜਲਦੀ ਹੀ ਖੋਲ੍ਹ ਰਹੀਆਂ ਹਨ। ਇਨ੍ਹਾਂ ਵਿਚੋਂ 6 ਜਾਂ 7 ਤਾਂ ਇਕੱਲੇ ਗੁਜਰਾਤ ਵਿਚ ਤੇ 3 ਤੋਂ 4 ਇਕੱਲੇ ਮਹਾਰਾਸ਼ਟਰ ਵਿਚ ਕੈਂਪਸ ਖੋਲ੍ਹ ਰਹੀਆਂ ਹਨ। ਜਦੋਂਕਿ ਇਕ ਤਾਮਿਲਨਾਡੂ ਤੇ ਇਕ ਉੱਤਰ ਪ੍ਰਦੇਸ਼ ਵਿਚ, ਇਕ ਹਰਿਆਣਾ ਵਿਚ, ਇਕ ਤੇਲੰਗਾਨਾ ਵਿਚ ਤੇ 2 ਕਰਨਾਟਕ ਵਿਚ ਕੈਂਪਸ ਬਣਾ ਰਹੀਆਂ ਹਨ। ਪਰ ਅਫਸੋਸ ਪੰਜਾਬ ਵਿਚ ਇਕ ਵੀ ਯੂਨੀਵਰਸਿਟੀ ਅਜੇ ਤੱਕ ਨਹੀਂ ਆਈ।
ਪਰ ਅਜੇ ਮੌਕਾ ਹੈ ਕਿ ਪੰਜਾਬ ਸਰਕਾਰ ਆਪਣੇ ਤੌਰ 'ਤੇ ਕੁਝ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਸੰਪਰਕ ਕਰਕੇ, ਇਥੇ ਉਨ੍ਹਾਂ ਦੇ ਕੈਂਪਸ ਖੁੱਲ੍ਹਵਾਏ ਤਾਂ ਜੋ ਪੰਜਾਬੀ ਜੋ ਵਿੱਦਿਆ ਦੇ ਖੇਤਰ ਵਿਚ ਪਹਿਲਾਂ ਹੀ ਏਨੇ ਪਛੜ ਚੁੱਕੇ ਹਨ ਕਿ ਅੱਜ ਉਹ ਆਈ.ਏ.ਐਸ., ਪੀ.ਸੀ.ਐਸ. ਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਵਿਚ ਬਿਹਾਰ ਵਰਗੇ ਰਾਜਾਂ ਤੋਂ ਵੀ ਬਹੁਤ ਪਿੱਛੇ ਹਨ। ਜੇ ਅਸੀਂ ਇਹ ਮੌਕਾ ਨਾ ਸੰਭਾਲਿਆ ਤਾਂ ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ। ਪੰਜਾਬੀ ਬਹੁਤ ਪਛੜ ਜਾਣਗੇ।
ਅਭੀ ਭੀ ਵਕਤ ਹੈ ਤੁਮ ਸੋਚ ਲੋ
ਏਕ ਬਾਰ ਫਿਰ ਸੇ ਮੇਰੇ ਹਮਦਮ
ਅਰੇ ਤਾਰੀਖ਼ ਕੇ ਮਾਥੇ ਕੇ
ਦਾਗ਼ੋਂ ਮੇਂ ਗਿਨੇ ਜਾਓਗੇ ਤੁਮ ਭੀ।
(ਲਾਲ ਫਿਰੋਜ਼ਪੁਰੀ)
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਤੇ ਨਵਾਂ ਅਕਾਲੀ ਦਲ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 3 ਨਵੰਬਰ ਨੂੰ ਹੋ ਰਹੀ ਹੈ, ਇਸ ਵਾਰ ਵੀ ਜਿੱਤ ਅਕਾਲੀ ਦਲ ਬਾਦਲ ਦੀ ਹੋਣੀ ਲਗਭਗ ਯਕੀਨੀ ਹੈ, ਕਿਉਂਕਿ ਕਮੇਟੀ ਵਿਚ ਬਾਦਲ ਦਲ ਦੇ ਚੁਣੇ ਮੈਂਬਰਾਂ ਦੀ ਹੀ ਵੱਡੀ ਬਹੁਗਿਣਤੀ ਹੈ। ਸ਼੍ਰੋਮਣੀ ਕਮੇਟੀ ਵਿਚ ਬਾਦਲ ਦਲ ਦਾ ਪ੍ਰਮੁੱਖ ਵਿਰੋਧੀ ਦਲ ਨਵਾਂ ਬਣਿਆ ' ਅਕਾਲੀ ਦਲ (ਪੁਨਰ ਸੁਰਜੀਤ)' ਅਜੇ ਤੱਕ ਪ੍ਰਧਾਨ ਦੀ ਚੋਣ ਲੜਨ ਜਾਂ ਨਾ ਲੜਨ ਦੀ ਦੁਚਿੱਤੀ ਵਿਚ ਫਸਿਆ ਨਜ਼ਰ ਆ ਰਿਹਾ ਹੈ। ਭਾਵੇਂ ਇਸ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਾਨੂੰ ਦੱਸਿਆ ਹੈ ਕਿ ਇਸ ਬਾਰੇ ਫੈਸਲਾ ਦੀਵਾਲੀ ਤੋਂ ਬਾਅਦ ਪਾਰਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ। ਪਰ ਜੋ ਸੂਚਨਾਵਾਂ ਸਾਡੇ ਕੋਲ ਹਨ, ਉਨ੍ਹਾਂ ਅਨੁਸਾਰ ਇਸ ਪਾਰਟੀ ਵਿਚ ਇਸ ਚੋਣ ਨੂੰ ਲੈ ਕੇ ਬਿਲਕੁਲ ਵੱਖੋ-ਵੱਖਰੀ ਸੋਚ ਵਾਲੇ ਦੋ ਧੜੇ ਹਨ। ਇਕ ਵੱਡਾ ਧੜਾ ਚਾਹੁੰਦਾ ਹੈ ਕਿ ਜਦੋਂ ਸਾਨੂੰ ਇਹ ਪਤਾ ਹੈ ਕਿ ਅਸੀਂ ਜਦੋਂ ਤੱਕ ਜਨਰਲ ਹਾਊਸ ਦੀ ਦੁਬਾਰਾ ਚੋਣ ਨਹੀਂ ਕਰਵਾ ਲੈਂਦੇ, ਜਿੱਤ ਨਹੀਂ ਸਕਦੇ ਤਾਂ ਇਸ ਚੋਣ ਵਿਚ ਹਿੱਸਾ ਲੈਣ ਦਾ ਕੋਈ ਮਤਲਬ ਨਹੀਂ। ਪਰ ਇਕ ਦੂਜਾ ਧੜਾ ਮੈਦਾਨ ਖਾਲੀ ਛੱਡਣ ਦੇ ਹੱਕ ਵਿਚ ਨਹੀਂ ਹੈ। ਸਾਡੀ ਜਾਣਕਾਰੀ ਅਨੁਸਾਰ ਪਾਰਟੀ ਵਿਚ ਦਬਾਅ ਬਣ ਰਿਹਾ ਹੈ ਕਿ ਪ੍ਰਧਾਨਗੀ ਚੋਣ ਦਾ ਬਾਈਕਾਟ ਕਰਕੇ ਪਾਰਟੀ ਦੇ ਪ੍ਰਮੁੱਖ ਨੇਤਾ ਉਸ ਦਿਨ ਦਿੱਲੀ ਵਿਚ ਰੋਸ ਪ੍ਰਗਟ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀਆਂ ਨਵੀਆਂ ਚੋਣਾਂ ਦੀ ਮੰਗ ਕਰਨ। ਹਾਲਾਂਕਿ ਇਹ ਚਰਚਾ ਵੀ ਹੈ ਕਿ ਇਸ ਵਾਰ ਜੇਕਰ ਅਕਾਲੀ ਦਲ (ਪੁਨਰ ਸੁਰਜੀਤ) ਨੇ ਪ੍ਰਧਾਨ ਦੀ ਚੋਣ ਲੜਨ ਦਾ ਮਨ ਬਣਾਇਆ ਤਾਂ ਸ਼ਾਇਦ ਬੀਬੀ ਜਗੀਰ ਕੌਰ ਇਸ ਵਾਰ ਉਮੀਦਵਾਰ ਨਹੀਂ ਹੋਣਗੇ, ਜਦੋਂਕਿ ਇਕ ਹੋਰ ਸਾਬਕ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉਮੀਦਵਾਰ ਹੋਣ ਦੇ ਅਸਾਰ ਬਣ ਸਕਦੇ ਹਨ।
ਇਹ ਮੁੱਦਾ, ਮੁੱਦਾ ਹੀ ਨਹੀਂ ਹੋਣਾ ਚਾਹੀਦਾ
ਹੈਰਾਨੀ ਦੀ ਗੱਲ ਹੈ ਕਿ ਟੀ.ਵੀ. ਚੈਨਲਾਂ, ਵੈੱਬ ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਨਿੱਕੀਆਂ-ਨਿੱਕੀਆਂ ਅਜਿਹੀਆਂ ਗੱਲਾਂ ਨੂੰ ਇਸ ਤਰ੍ਹਾਂ ਕਿਉਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਕੋਈ ਬਹੁਤ ਵੱਡੇ ਮੁੱਦੇ ਹੋਣ।
ਸਾਡੇ ਸਾਹਮਣੇ ਹੈ ਕਿ ਨਵਨੀਤ ਚਤੁਰਵੇਦੀ ਨਾਂਅ ਦੇ ਇਕ ਰਾਜਸਥਾਨੀ ਵਿਅਕਤੀ ਨੇ 10 'ਆਪ' ਵਿਧਾਇਕਾਂ ਦੇ ਜਾਅਲੀ ਜਾਂ ਅਸਲੀ ਦਸਤਖਤ ਕਰਵਾ ਕੇ ਪੰਜਾਬ ਦੀ ਰਾਜ ਸਭਾ ਸੀਟ ਲਈ ਕਾਗਜ਼ ਨਾਮਜ਼ਦਗੀ ਭਰੇ ਸਨ, ਪਰ ਵਿਧਾਇਕਾਂ ਨੇ ਕਿਹਾ ਕਿ ਸਾਡੇ ਦਸਤਖ਼ਤ ਨਹੀਂ ਹਨ। ਪੰਜਾਬ ਪੁਲਿਸ ਨੇ ਕੇਸ ਦਰਜ ਕਰ ਲਿਆ, ਚੰਡੀਗੜ੍ਹ ਪੁਲਿਸ ਚਤੁਰਵੇਦੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਕਾਫ਼ੀ ਸਰਗਰਮ ਨਜ਼ਰ ਆਈ। ਇਹ ਠੀਕ ਹੈ ਕਿ ਮਾਮਲਾ ਬਹੁਤ ਨਾਟਕੀ ਰੂਪ ਧਾਰਨ ਕਰ ਗਿਆ ਹੈ ਪਰ ਸਾਰੇ ਘਟਨਾਕ੍ਰਮ ਤੋਂ ਇਸ ਤਰ੍ਹਾਂ ਹੀ ਜਾਪਦਾ ਹੈ ਕਿ ਕੋਈ ਧਿਰ ਇਸ ਮੁੱਦਾਵਿਹੀਨ ਮਾਮਲੇ ਨੂੰ ਵੱਡੀ ਚਰਚਾ ਵਿਚ ਲਿਆਉਣਾ ਚਾਹੁੰਦੀ ਹੈ, ਭਾਵੇਂ ਕਿ ਇਸ ਨਾਲ ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਹਿੱਤਾਂ ਜਾਂ ਆਮ ਆਦਮੀ ਪਾਰਟੀ ਦੀ ਹਾਰ-ਜਿੱਤ ਨੂੰ ਵੀ ਕੋਈ ਫਰਕ ਨਹੀਂ ਪੈਣਾ। ਫਿਰ ਲਗਾਤਾਰ ਇਸ 'ਤੇ ਬਹਿਸ ਕਿਉਂ ਕੀਤੀ ਜਾ ਰਹੀ ਹੈ, ਇਹ ਗੱਲ ਸਮਝ ਵਿਚ ਨਹੀਂ ਆਈ। ਇਸ ਸਮੇਂ ਬਹਿਸ ਦਾ ਵਿਸ਼ਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਉਮੀਦਵਾਰ ਰਾਜ ਸਭਾ ਵਿਚ ਭੇਜੇ ਜਾ ਰਹੇ ਹਨ ਤੇ ਕਿਉਂ? ਕਿਤੇ ਇਹ ਬਹਿਸ ਇਸੇ ਬਿਰਤਾਂਤ ਨੂੰ ਭਟਕਾਉਣ ਤੇ ਪਿੱਛੇ ਪਾਉਣ ਦੀ ਨੂਰਾ-ਕੁਸ਼ਤੀ ਤਾਂ ਨਹੀਂ? ਇਹ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਦੂਰ ਕਰਕੇ ਡਰਾਮੇਬਾਜ਼ੀ ਵਿਚ ਉਲਝਾਉਣ ਦੀ ਕੋਈ ਚਾਲ ਤਾਂ ਨਹੀਂ? ਸੋ, ਸਾਡੀ ਪੰਜਾਬ-ਪ੍ਰਸਤ ਮੀਡੀਆ ਨੂੰ ਅਜਿਹੇ ਮੁੱਦਾ ਵਿਹੀਨ ਮੁੱਦਿਆਂ ਨੂੰ ਬਹਿਸ ਦਾ ਵਿਸ਼ਾ ਬਣਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਬੇਮਤਲਬ ਬਾਤੇਂ ਕਰਤੇ ਰਹਿਤੇ ਹੋ,
ਕਿਸਕਾ ਮਤਲਬ ਪੂਰਾ ਕਰਤੇ ਰਹਿਤੇ ਹੋ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

ਪਿਛਲੀ ਖ਼ਬਰ ਜੁਰਮਾਂ ਤੇ ਮਨੁੱਖੀ ਹੱਕਾਂ ਦੇ ਘਾਣ ਦੀ ਜੜ੍ਹ ਹੈ ਗ਼ਰੀਬੀ ਅਗਲੀ ਖ਼ਬਰ ਰੇਬੀਜ਼ ਮੁਕਤ ਦੇਸ਼ ਦਾ ਟੀਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।