25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜੁਰਮਾਂ ਤੇ ਮਨੁੱਖੀ ਹੱਕਾਂ ਦੇ ਘਾਣ ਦੀ ਜੜ੍ਹ ਹੈ ਗ਼ਰੀਬੀ

ਅਜੀਤ ਡੈਸਕ 17-10-2025

ਅੱਜ ਕੌਮਾਂਤਰੀ ਗ਼ਰੀਬੀ ਹਟਾਓ ਦਿਵਸ 'ਤੇ ਵਿਸ਼ੇਸ਼
ਇਹ ਇਕ ਪ੍ਰਮਾਣਿਤ ਤੱਥ ਹੈ ਕਿ ਗ਼ਰੀਬੀ ਅਸਲ ਵਿਚ ਅਨੇਕਾਂ ਦੁੱਖਾਂ, ਜੁਰਮਾਂ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਮੂਲ ਜੜ੍ਹ ਹੈ। ਅੱਜ ਵੀ ਸਾਡੀ ਇਸ ਦੁਨੀਆ ਵਿਚ ਚੰਦ ਅਰਬਪਤੀਆਂ ਜਾਂ ਖ਼ਰਬਪਤੀਆਂ ਦੇ ਹੱਥਾਂ ਵਿਚ ਦੁਨੀਆ ਦਾ 65 ਫ਼ੀਸਦੀ ਤੋਂ ਵੱਧ ਸਰਮਾਇਆ ਹੈ ਤੇ ਇਸ ਤੋਂ ਬਿਲਕੁਲ ਉਲਟ ਇਸੇ ਦੁਨੀਆਂ ਅੰਦਰ ਕਈ ਕਰੋੜ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਕੇ ਭੁੱਖਣ-ਭਾਣੇ ਸੌਂ ਜਾਂਦੇ ਹਨ। ਅਜੋਕੇ ਸੰਸਾਰ ਦੇ ਸਿਆਸਤਦਾਨਾਂ ਤੇ ਸਰਮਾਇਆਦਾਰਾਂ ਦੇ ਨਾਪਾਕ ਗੱਠਜੋੜ ਸਦਕਾ ਅਮੀਰਾਂ ਤੇ ਗ਼ਰੀਬਾਂ ਦਰਮਿਆਨ ਪਾੜਾ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਅੱਜ 'ਕੌਮਾਂਤਰੀ ਗ਼ਰੀਬੀ ਹਟਾਓ ਦਿਵਸ' ਹੈ ਅਤੇ ਇਸ ਦਿਵਸ ਦਾ ਆਰੰਭ ਸੰਨ 1987 ਵਿਚ ਉਸ ਵੇਲੇ ਹੋਇਆ, ਜਦੋਂ ਕੋਈ ਇਕ ਲੱਖ ਦੇ ਕਰੀਬ ਲੋਕ ਪੈਰਿਸ ਵਿਖੇ ਸਥਿਤ ਉਸ ਸਥਾਨ 'ਤੇ ਇਕੱਤਰ ਹੋਏ, ਜਿੱਥੇ 1948 ਵਿਚ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਐਲਾਨਨਾਮੇ 'ਤੇ ਦਸਤਖ਼ਤ ਕੀਤੇ ਗਏ ਸਨ। ਉੱਥੇ ਇਕੱਤਰ ਹੋਏ ਲੋਕਾਂ ਦਾ ਇਹ ਮੰਨਣਾ ਸੀ ਕਿ ਗ਼ਰੀਬੀ ਅਸਲ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਤੇ ਉਨ੍ਹਾਂ ਨੇ ਅੱਜ ਦੇ ਹੀ ਦਿਨ ਪ੍ਰਣ ਕੀਤਾ ਸੀ, ਕਿ ਹਰ ਸਾਲ ਉਹ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਇਹ ਦਿਵਸ ਬੜੇ ਜ਼ੋਰ-ਸ਼ੋਰ ਨਾਲ ਮਨਾਉਣਗੇ ਅਤੇ ਉਕਤ ਸਥਾਨ 'ਤੇ ਵੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਗ਼ਰੀਬੀ ਹਟਾਉਣ ਲਈ ਤੇ ਗ਼ਰੀਬਾਂ ਦੇ ਭਲੇ ਲਈ ਹਾਅ ਦਾ ਨਾਅਰਾ ਬੁਲੰਦ ਕਰਨਗੇ। ਉਂਝ ਸੰਯੁਕਤ ਰਾਸ਼ਟਰ ਸੰਘ ਵਲੋਂ 22 ਦਸੰਬਰ, 1992 ਨੂੰ ਇਹ ਮਤਾ ਪ੍ਰਵਾਨ ਕੀਤਾ ਗਿਆ ਸੀ ਕਿ ਸੰਸਾਰ ਭਰ ਵਿਚ ਹਰ ਸਾਲ 17 ਅਕਤੂਬਰ ਦਾ ਦਿਨ 'ਕੌਮਾਂਤਰੀ ਗ਼ਰੀਬੀ ਹਟਾਓ ਦਿਵਸ' ਵਜੋਂ ਮਨਾਇਆ ਜਾਵੇਗਾ। ਇਸ ਵਾਰ ਇਸ ਦਿਵਸ ਦਾ 2025 ਲਈ ਮਿੱਥਿਆ ਗਿਆ ਥੀਮ 'ਗ਼ਰੀਬ ਪਰਿਵਾਰਾਂ ਲਈ ਸਨਮਾਨ ਤੇ ਮਦਦ ਸੁਨਿਸ਼ਚਿਤ ਕਰਕੇ ਸਮਾਜਿਕ ਅਤੇ ਸੰਸਥਾਗਤ ਦੁਰਵਿਹਾਰ ਦਾ ਹੋਵੇ ਖ਼ਾਤਮਾ' ਹੈ।
ਸੰਸਾਰ ਦੇ ਤਿੰਨ ਸਿਖਰਲੇ ਗ਼ਰੀਬ ਮੁਲਕਾਂ 'ਚ ਪਹਿਲਾ ਮੁਲਕ ਦੱਖਣੀ ਸੂਡਾਨ ਦਾ ਹੈ, ਜਿੱਥੋਂ ਦੇ ਵਾਸੀਆਂ ਦੀ ਪ੍ਰਤੀ ਦਿਨ ਆਮਦਨੀ 1.25 ਡਾਲਰ ਭਾਵ 109 ਰੁਪਏ ਹੈ। ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਮੁਲਕਾਂ ਵਿਚ ਈਥੋਪੀਆ ਅਤੇ ਬਰੂੰਡੀ ਦੇਸ਼ਾਂ ਦੇ ਨਾਂਅ ਸ਼ਾਮਿਲ ਹਨ, ਜਿੱਥੋਂ ਦੇ ਨਾਗਰਿਕਾਂ ਦੀ ਪ੍ਰਤੀ ਦਿਨ ਆਮਦਨੀ ਕ੍ਰਮਵਾਰ 197 ਰੁਪਏ ਅਤੇ 217 ਰੁਪਏ ਬਣਦੀ ਹੈ। ਵਿਸ਼ਵ ਦੇ ਸਭ ਤੋਂ ਗ਼ਰੀਬ ਲੋਕਾਂ ਦੀ ਕੁੱਲ ਗਿਣਤੀ 'ਚੋਂ ਅੱਧੋਂ ਵੱਧ ਲੋਕ ਦੁਨੀਆ ਦੇ ਕੇਵਲ ਪੰਜ ਮੁਲਕਾਂ ਭਾਰਤ, ਨਾਈਜੀਰੀਆ, ਕਾਂਗੋ, ਈਥੋਪੀਆ ਤੇ ਬੰਗਲਾਦੇਸ਼ ਵਿਚ ਵਸਦੇ ਹਨ। ਗ਼ਰੀਬੀ ਕਾਰਨ ਹਰ ਸਾਲ ਪੰਜ ਸਾਲ ਤੋਂ ਛੋਟੀ ਉਮਰ ਦੇ 2,97,000 ਬੱਚੇ ਦਮ ਤੋੜ ਜਾਂਦੇ ਹਨ।
ਗ਼ਰੀਬੀ ਦੇ ਸੰਬੰਧ ਵਿਚ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇਸ਼ਵਾਸੀਆਂ ਨੇ ਸਦੀਆਂ ਤੱਕ ਜਰਵਾਣਿਆਂ, ਲੁਟੇਰਿਆਂ ਅਤੇ ਅੰਗਰੇਜ਼ਾਂ ਦਾ ਸ਼ਾਸਨ ਹੰਢਾਇਆ ਹੈ, ਜੋ ਇੱਥੋਂ ਦੇ ਧਨ-ਮਾਲ ਨੂੰ ਲੁੱਟ ਕੇ ਆਪਣੇ ਮੁਲਕਾਂ ਵਿਚ ਲੈ ਗਏ ਸਨ ਤੇ ਸੋਨੇ ਦੀ ਚਿੜੀ ਆਖੇ ਜਾਂਦੇ ਇਸ ਮੁਲਕ ਨੂੰ ਕੰਗਾਲ ਕਰ ਗਏ ਸਨ। ਭਾਰਤ ਨੇ 1876 ਤੋਂ 1879 ਤੱਕ ਪਏ ਕਾਲ ਦੌਰਾਨ ਭੁੱਖਮਰੀ ਕਾਰਨ 60 ਲੱਖ ਲੋਕਾਂ ਦੀਆਂ ਮੌਤਾਂ ਵੇਖੀਆਂ ਸਨ ਅਤੇ 1943 ਵਿਚ ਬੰਗਾਲ 'ਚ ਆਏ ਭਿਆਨਕ ਕਾਲ ਨੂੰ ਵੀ ਆਪਣੇ ਪਿੰਡੇ 'ਤੇ ਹੰਢਾਇਆ ਸੀ। ਭਾਰਤ ਵਿਚ ਸੰਨ 1990 ਵਿਚ 43 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ, ਜਦਕਿ 2024 ਵਿਚ ਇਹ ਅੰਕੜਾ 23.4 ਕਰੋੜ ਸੀ। ਇੱਥੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਚੋਣ ਲਈ ਤੈਅ ਮਾਪਦੰਡਾਂ 'ਚੋਂ ਸਭ ਤੋਂ ਅਹਿਮ ਮਾਪਦੰਡ 32 ਰੁਪਏ ਦਿਹਾੜੀ ਕਮਾਉਣਾ ਹੈ, ਜਿਸ ਨੂੰ ਬੜਾ ਹੀ ਕੋਝਾ ਮਜ਼ਾਕ ਆਖਿਆ ਜਾ ਸਕਦਾ ਹੈ। ਚੇਤੇ ਰਹੇ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ 1946 ਵਿਚ ਆਪਣੀ ਪੁਸਤਕ 'ਡਿਸਕਵਰੀ ਆਫ਼ ਇੰਡੀਆ' ਵਿਚ ਲਿਖ਼ਿਆ ਸੀ, 'ਇੱਥੇ ਰੋਟੀ, ਕੱਪੜਾ ਤੇ ਮਕਾਨ ਸਣੇ ਮਨੁੱਖੀ ਹੋਂਦ ਲਈ ਲੋੜੀਂਦੇ ਕਈ ਹੋਰ ਤੱਤਾਂ ਦੀ ਘਾਟ ਹੈ। ਦੇਸ਼ ਦੀ ਵਿਕਾਸ ਨੀਤੀ ਦਾ ਉਦੇਸ਼ ਲੋਕਾਂ ਨੂੰ ਗ਼ਰੀਬੀ ਤੋਂ ਛੁਟਕਾਰਾ ਦਿਵਾਉਣਾ ਹੋਣਾ ਚਾਹੀਦਾ ਹੈ।'
ਬੇਹੱਦ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਅੱਜ ਦੇਸ਼ ਦੀ ਕੁੱਲ 146 ਕਰੋੜ ਦੀ ਆਬਾਦੀ 'ਚੋਂ 82 ਕਰੋੜ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਾਡੇ ਸੂਝਵਾਨ ਸਿਆਸਤਦਾਨਾਂ ਨੇ ਉਨ੍ਹਾਂ ਦੀ ਆਮਦਨੀ ਵਧਾਉਣ ਜਾਂ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਦੀ ਥਾਂ ਉਨ੍ਹਾਂ ਨੂੰ ਪੰਜ ਕਿੱਲੋ ਅਨਾਜ ਲੈਣ ਲਈ ਕਤਾਰਾਂ ਵਿਚ ਖੜ੍ਹੇ ਕਰ ਦਿੱਤਾ ਹੈ। ਭਾਰਤੀ ਅਰਥਵਿਵਸਥਾ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਡੁਗਡੁਗੀ ਵਜਾਉਣ ਵਾਲੇ ਸਿਆਸਤਦਾਨ ਅਤੇ ਉਨ੍ਹਾਂ ਦਾ ਸਾਥੀ ਮੀਡੀਆ ਇਹ ਹਰਗ਼ਿਜ਼ ਨਹੀਂ ਦੱਸਦੇ ਕਿ ਸਾਲ 2024 ਵਿਚ ਸਾਡਾ ਮਹਾਨ ਦੇਸ਼ 'ਭੁੱਖਮਰੀ ਸੂਚਕ ਅੰਕ' ਵਿਚ 127 ਮੁਲਕਾਂ 'ਚੋਂ 105ਵੇਂ ਸਥਾਨ 'ਤੇ ਖੜ੍ਹਾ ਸੀ ਅਤੇ ਵਿਸ਼ਵ ਦੇ ਅਰਥਸ਼ਾਸਤਰੀਆਂ ਨੇ ਭਾਰਤ ਦੇ ਇਸ ਦਰਜੇ ਨੂੰ 'ਬੇਹੱਦ ਗੰਭੀਰ' ਐਲਾਨਿਆ ਸੀ।
ਅੰਤ ਵਿਚ ਇਹ ਦੱਸਣਾ ਬਣਦਾ ਹੈ ਕਿ ਸੰਸਾਰ ਦੇ ਨਾਮਵਰ ਆਗੂ ਜੇ.ਐੱਫ. ਕੈਨੇਡੀ ਨੇ ਕਿਹਾ ਸੀ, 'ਜੇਕਰ ਸਾਡਾ ਸਮਾਜ ਗ਼ਰੀਬਾਂ ਦੀ ਮਦਦ ਨਹੀਂ ਕਰ ਸਕਦਾ, ਤਾਂ ਫਿਰ ਇਹ ਸਮਾਜ ਉਨ੍ਹਾਂ ਚੰਦ ਲੋਕਾਂ ਨੂੰ ਵੀ ਨਹੀਂ ਬਚਾਅ ਪਾਏਗਾ, ਜਿਹੜੇ ਅਮੀਰ ਹਨ।' ਇਸੇ ਤਰ੍ਹਾਂ ਨਾਮਵਰ ਸ਼ਖ਼ਸੀਅਤ ਨੈਲਸਨ ਮੰਡੇਲਾ ਨੇ ਕਿਹਾ ਸੀ, 'ਜਿੰਨਾ ਚਿਰ ਤੱਕ ਸਾਡੀ ਦੁਨੀਆ ਵਿਚ ਗ਼ਰੀਬੀ, ਅਨਿਆਂ ਤੇ ਨਾਬਰਾਬਰੀ ਦੀ ਹੋਂਦ ਰਹੇਗੀ, ਉਦੋਂ ਤੱਕ ਸਾਡੇ 'ਚੋਂ ਕਿਸੇ ਨੂੰ ਵੀ ਆਰਾਮ ਨਹੀਂ ਕਰਨਾ ਚਾਹੀਦਾ।' ਯੂਨੈਸਕੋ ਦਾ ਤਾਂ ਸਾਫ਼ ਸ਼ਬਦਾਂ 'ਚ ਕਹਿਣਾ ਹੈ, 'ਗ਼ਰੀਬੀ ਹਟਾਉਣ ਦਾ ਮਤਲਬ ਗ਼ਰੀਬਾਂ ਦੀ ਪੈਸੇ ਨਾਲ ਮਦਦ ਕਰਨਾ ਨਹੀਂ, ਸਗੋਂ ਹਰ ਮਰਦ ਅਤੇ ਔਰਤਾਂ ਨੂੰ ਮਾਣ ਤੇ ਸ਼ਾਨ ਨਾਲ ਜੀਵਨ ਜਿਊਣ ਦੇ ਕਾਬਿਲ ਬਣਾਉਣਾ ਹੈ।'

-410, ਚੰਦਰ ਨਗਰ, ਬਟਾਲਾ।
ਮੋਬਾ: 97816-46008

ਪਿਛਲੀ ਖ਼ਬਰ ਅਜੋਕੀ ਸਥਿਤੀ ਵਿਚ ਭਾਰਤ-ਅਫ਼ਗਾਨਿਸਤਾਨ ਸੰਬੰਧ ਕਿੰਨੀ ਅਹਿਮੀਅਤ ਰੱਖਦੇ ਹਨ? ਅਗਲੀ ਖ਼ਬਰ ਅਜੇ ਪੰਜਾਬ ਵਿਚ ਨਹੀਂ ਆ ਰਹੀਆਂ ਵਿਦੇਸ਼ੀ ਯੂਨੀਵਰਸਿਟੀਆਂ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।