25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਜੋਕੀ ਸਥਿਤੀ ਵਿਚ ਭਾਰਤ-ਅਫ਼ਗਾਨਿਸਤਾਨ ਸੰਬੰਧ ਕਿੰਨੀ ਅਹਿਮੀਅਤ ਰੱਖਦੇ ਹਨ?

ਅਜੀਤ ਡੈਸਕ 17-10-2025

ਕੁਝ ਸਾਲ ਪਹਿਲਾਂ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਅਜਿਹੀ ਇਕ ਪਹਿਲਕਦਮੀ ਤਹਿਤ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਾਕੀ 9 ਅਕਤੂਬਰ ਨੂੰ ਆਪਣੇ 8 ਦਿਨਾਂ ਦੇ ਸਰਕਾਰੀ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ, ਜੋ ਭਾਰਤੀ ਵਿਦੇਸ਼ ਨੀਤੀ ਵਿਚ ਇਕ ਮਹੱਤਵਪੂਰਨ ਮੋੜ ਹੈ। ਮੁਤਾਕੀ ਦੀਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਬੈਠਕਾਂ ਤੋਂ ਬਾਅਦ ਆਗਰਾ ਤੇ ਦੇਵਬੰਦ ਵਿਚ ਇਸਲਾਮੀ ਮਦਰੱਸਿਆਂ ਦਾ ਦੌਰਾ ਕਰਨਾ, ਨਵੇਂ ਤਾਲਿਬਾਨ ਸ਼ਾਸਨ ਨਾਲ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਅਹਿਮ ਸੰਪਰਕ ਹੈ। ਨਵੀਂ ਦਿੱਲੀ ਵਲੋਂ ਕਾਬੁਲ ਵਿਚ ਆਪਣਾ ਪੂਰਨ ਦੂਤਾਵਾਸ ਸਥਾਪਿਤ ਕਰਨ ਲਈ ਸਹਿਮਤੀ ਦੇਣਾ ਭਾਰਤ-ਤਾਲਿਬਾਨ ਸਬੰਧਾਂ ਵਿਚ ਇਕ ਵੱਡਾ ਬਦਲਾਅ ਹੈ। ਮੁੱਤਾਕੀ ਦਾ ਇਹ ਦੌਰਾ ਬਦਲਦੀ ਖੇਤਰੀ ਗਤੀਸ਼ੀਲਤਾ ਅਤੇ ਭਾਰਤ ਦੀਆਂ ਆਪਣੀਆਂ ਸੁਰੱਖਿਆ ਜ਼ਰੂਰਤਾਂ ਤੋਂ ਪ੍ਰੇਰਿਤ ਇਕ ਵਿਹਾਰਕ ਪੁਨਰ-ਸੰਤੁਲਨ ਦਾ ਸੰਕੇਤ ਦਿੰਦਾ ਹੈ। ਫਿਰ ਵੀ ਇਹ ਪਹੁੰਚ ਕੰਡੇਦਾਰ ਸਵਾਲਾਂ ਦੇ ਨਾਲ ਆਉਂਦੀ ਹੈ, ਕਿ ਭਾਰਤ ਔਰਤਾਂ ਪ੍ਰਤੀ ਦਮਨਕਾਰੀ ਵਿਵਹਾਰ ਤੇ ਕੱਟੜ ਨੀਤੀਆਂ ਲਈ ਬਦਨਾਮ ਸ਼ਾਸਨ ਨਾਲ ਮੇਲਜੋਲ ਕਿਵੇਂ ਅੱਗੇ ਵਧਾਏਗਾ?
ਅਮੀਰ ਖਾਨ ਮੁੱਤਾਕੀ ਕੌਣ ਹੈ, ਇਹ ਜਾਣਨਾ ਵੀ ਦਿਲਚਸਪ ਹੈ। ਅਫਗਾਨਿਸਤਾਨ ਦੇ ਹੇਲਮੰਡ ਸੂਬੇ ਵਿਚ 1970 'ਚ ਪੈਦਾ ਹੋਏ ਮੁੱਤਾਕੀ ਦੀ ਜੀਵਨ ਕਹਾਣੀ ਬਹੁਤ ਸਾਰੇ ਤਾਲਿਬਾਨ ਨੇਤਾਵਾਂ ਦੇ ਜੀਵਨ ਦੀ ਤਸਵੀਰ ਪੇਸ਼ ਕਰਦੀ ਹੈ। ਜੋ ਦਹਾਕਿਆਂ ਤੋਂ ਦੇਸ਼ ਵਿਚ ਚਲੇ ਆ ਰਹੇ ਸੰਘਰਸ਼ ਦੌਰਾਨ ਵੱਡੇ ਹੋਏ ਹਨ। ਉਹ 9 ਸਾਲ ਦੀ ਉਮਰ ਵਿਚ ਦੇਸ਼ 'ਤੇ ਹੋਏ ਸੋਵੀਅਤ ਹਮਲੇ ਤੋਂ ਬਾਅਦ ਪਾਕਿਸਤਾਨ ਭੱਜ ਗਿਆ ਸੀ। ਉਹ ਸ਼ਰਨਾਰਥੀ ਸਕੂਲਾਂ ਵਿਚ ਆਪਣੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਕਮਿਊਨਿਸਟ ਸਰਕਾਰ ਵਿਰੁੱਧ ਲੜਾਈ ਵਿਚ ਸ਼ਾਮਿਲ ਹੋ ਗਿਆ ਸੀ। ਜਦੋਂ 1994 ਵਿਚ ਤਾਲਿਬਾਨ ਲਹਿਰ ਉਭਰਨ ਬਾਅਦ ਜੰਗਬਾਜ਼ਾਂ ਨੇ ਕੰਧਾਰ 'ਤੇ ਕਬਜ਼ਾ ਕੀਤਾ ਤਾਂ ਮੁੱਤਾਕੀ ਮੋਹਰੀ ਤਾਲਿਬਾਨ ਆਗੂਆਂ ਵਿਚ ਸ਼ਾਮਿਲ ਸੀ। ਉਸ ਦੀ ਅਮਰੀਕਾ ਨਾਲ 2019 ਦੀ ਗੱਲਬਾਤ ਵਿਚ ਭਾਗੀਦਾਰੀ ਅਤੇ 2021 ਦੌਰਾਨ ਤਾਲਿਬਾਨ ਦੇ ਮੁੜ ਸੱਤਾ ਵਿਚ ਆਉਣ 'ਤੇ ਮੁੱਤਾਕੀ ਦੀ ਕਾਰਜਕਾਰੀ ਵਿਦੇਸ਼ ਮੰਤਰੀ ਵਜੋਂ ਨਿਯੁਕਤੀ, ਤਾਲਿਬਾਨ ਅੰਦਰ ਉਸ ਦੇ ਸਥਾਈ ਪ੍ਰਭਾਵ ਨੂੰ ਦਰਸਾਉਂਦੀ ਹੈ। ਤਾਲਿਬਾਨ ਨਾਲ ਭਾਰਤ ਦਾ ਇਤਿਹਾਸ ਸ਼ੁਰੂ ਤੋਂ ਹੀ ਤਣਾਅਪੂਰਨ ਰਿਹਾ ਹੈ। 1999 ਵਿਚ ਕੰਧਾਰ ਵਿਚ ਇੰਡੀਅਨ ਏਅਰਲਾਈਨਜ਼ ਦੀ ਉਡਾਨ ਆਈ.ਸੀ.-814 ਨੂੰ ਅਗਵਾ ਕਰਨ 'ਤੇ ਤਤਕਾਲੀ ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਤਾਲਿਬਾਨ ਦੇ ਵਿਦੇਸ਼ ਮੰਤਰੀ ਵਕੀਲ ਅਹਿਮਦ ਮੁਤਾਵਕੀਲ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਅਵਿਨਾਸ਼ ਪਾਲੀਵਾਲ ਦੁਆਰਾ ਭਾਰਤ ਦੀ ਅਫਗਾਨਿਸਤਾਨ ਨੀਤੀ 'ਤੇ ਲਿਖੀ ਕਿਤਾਬ ਭਾਰਤ ਨੂੰ ਦਰਪੇਸ਼ ਚੁਣੌਤੀਆਂ ਨੂੰ ਦਰਸਾਉਂਦੀ ਹੈ। ਜਦੋਂ ਤਾਲਿਬਾਨ ਦੇ ਪ੍ਰਤੀਨਿਧੀ ਮੁੱਲਾ ਅਬਦੁਲ ਸਲੀਮ ਜ਼ੈਫ਼ ਵਲੋਂ ਇਸਲਾਮਾਬਾਦ ਵਿਚ ਭਾਰਤੀ ਰਾਜਦੂਤ ਵਿਜੇ ਕੇ. ਨੰਬਿਆਰ ਨਾਲ ਦੋਸਤਾਨਾ ਮਾਹੌਲ 'ਚ ਕੀਤੀ ਮੁਲਾਕਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ ਨੰਬਿਆਰ ਨੇ ਸਿੱਟਾ ਕੱਢਿਆ ਸੀ ਕਿ ਭਾਰਤ ਤੇ ਤਾਲਿਬਾਨ ਵਿਚਕਾਰ ਸਚਾਈ ਅਧਾਰਿਤ ਸਮਝ ਬਣਨ ਵਿਚ ਸਭ ਤੋਂ ਵੱਡੀ ਰੁਕਾਵਟ ਤਾਲਿਬਾਨ ਅੰਦੋਲਨ 'ਤੇ ਪਾਕਿਸਤਾਨ ਦਾ ਪ੍ਰਭਾਵ ਹੈ। ਅਗਸਤ 2021 ਵਿਚ ਤਾਲਿਬਾਨ ਦੀ ਕਾਬੁਲ ਸੱਤਾ 'ਤੇ ਵਾਪਸੀ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਸਾਵਧਾਨੀ ਭਰੇ ਸਬੰਧਾਂ ਨੂੰ ਬਣਾਈ ਰੱਖਿਆ। ਅਮਰੀਕੀ ਫ਼ੌਜਾਂ ਦੇ ਚਲੇ ਜਾਣ ਤੋਂ ਕੁਝ ਘੰਟੇ ਬਾਅਦ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਕਤਰ ਦੇ ਦੋਹਾ ਸਥਿਤ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟੇਨਕਜ਼ਈ ਨਾਲ ਮੁਲਾਕਾਤ ਕੀਤੀ। ਸਟੇਨਕਜ਼ਈ ਨੇ 1980 ਦੇ ਦਹਾਕੇ ਵਿਚ ਦੇਹਰਾਦੂਨ ਸਥਿਤ ਭਾਰਤੀ ਸੈਨਿਕ ਅਕੈਡਮੀ ਵਿਚ ਇਕ ਦੁਵੱਲੇ ਰੱਖਿਆ ਪ੍ਰੋਗਰਾਮ ਦੇ ਤਹਿਤ ਸਿਖਲਾਈ ਲਈ ਸੀ। ਇਹ ਬੈਠਕ ਤਾਲਿਬਾਨ ਦੀ ਬੇਨਤੀ 'ਤੇ ਸਟੇਨਕਜ਼ਈ ਦੁਆਰਾ ਜਨਤਕ ਤੌਰ 'ਤੇ ਭਾਰਤ ਦੇ ਖੇਤਰੀ ਮਹੱਤਵ 'ਤੇ ਜ਼ੋਰ ਦੇਣ ਅਤੇ ਭਾਰਤ ਨਾਲ ਅਫ਼ਗਾਨਿਸਤਾਨ ਦੇ ਸੱਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਵਪਾਰਕ ਸੰਬੰਧਾਂ ਨੂੰ ਬਣਾਈ ਰੱਖਣ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਹੋਈ ਸੀ।
ਇਨ੍ਹਾਂ ਕੂਟਨੀਤਕ ਪਹਿਲਕਦਮੀਆਂ ਦੇ ਬਾਵਜੂਦ ਭਾਰਤ ਕਦੇ ਵੀ ਤਾਲਿਬਾਨ ਸ਼ਾਸਨ ਬਾਰੇ ਚਿੰਤਾ ਪ੍ਰਗਟਾਉਣ ਤੋਂ ਨਹੀਂ ਝਿਜਕਿਆ। ਜਦੋਂ ਤਾਲਿਬਾਨ ਨੇ ਔਰਤਾਂ ਤੇ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਤੋਂ ਬਿਨਾਂ ਮੰਤਰੀ-ਮੰਡਲ ਦਾ ਐਲਾਨ ਕੀਤਾ ਸੀ ਤਾਂ ਭਾਰਤ ਨੇ ਸਭ ਦੀ ਸ਼ਮੂਲੀਅਤ ਵਾਲੀ ਸਰਕਾਰ ਦੀ ਮੰਗ ਕੀਤੀ। ਜਦੋਂ ਸਤੰਬਰ 2021 ਵਿਚ ਭਾਰਤ ਨੇ ਅਧਿਕਾਰਤ ਤੌਰ 'ਤੇ ਤਾਲਿਬਾਨ ਨੂੰ ਅਫਗਾਨਿਸਤਾਨ ਵਿਚ ਸੱਤਾ ਸੰਭਾਲਣ ਵਾਲੇ ਲੋਕਾਂ ਵਜੋਂ ਮਾਨਤਾ ਦਿੱਤੀ ਤਾਂ ਇਹ ਪ੍ਰਵਾਨਗੀ ਰਸਮੀ ਮਾਨਤਾ ਤੋਂ ਘੱਟ ਸੀ। ਭਾਰਤ ਦੀ ਰਣਨੀਤੀ ਤਾਲਿਬਾਨ ਸ਼ਾਸਨ ਅਤੇ ਅਫ਼ਗਾਨ ਲੋਕਾਂ ਵਿਚ ਫਰਕ ਕਰਨ 'ਤੇ ਕੇਂਦ੍ਰਿਤ ਰਹੀ ਹੈ। ਭਾਰਤ ਨੇ ਆਮ ਅਫ਼ਗਾਨਾਂ ਪ੍ਰਤੀ ਮਾਨਵਤਾਵਾਦੀ ਯਤਨਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਸ਼ਾਸਕਾਂ ਨਾਲ ਸੀਮਤ ਅਧਿਕਾਰਤ ਸੰਪਰਕ ਬਣਾਈ ਰੱਖਿਆ ਅਤੇ ਦਸੰਬਰ 2021 ਵਿਚ ਅਫਗਾਨਿਸਤਾਨ ਨੂੰ ਜ਼ਰੂਰੀ ਦਵਾਈਆਂ ਭੇਜਣ ਤੋਂ ਇਲਾਵਾ ਜੂਨ 2022 ਵਿਚ ਮਾਨਵਤਾਵਾਦੀ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਤੇ ਦੂਤਾਵਾਸ ਕਾਰਜਾਂ ਨੂੰ ਬਣਾਈ ਰੱਖਣ ਲਈ ਕਾਬੁਲ ਵਿਚ ਇਕ ਤਕਨੀਕੀ ਟੀਮ ਤਾਇਨਾਤ ਕੀਤੀ। ਜਦੋਂ ਦਸੰਬਰ 2022 ਵਿਚ ਤਾਲਿਬਾਨ ਨੇ ਔਰਤਾਂ ਦੇ ਯੂਨੀਵਰਸਿਟੀਆਂ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਤਾਂ ਭਾਰਤ ਨੇ ਚਿੰਤਾ ਪ੍ਰਗਟ ਕੀਤੀ। ਭਾਰਤ ਵਿਚ ਅਫ਼ਗਾਨ ਦੂਤਾਵਾਸ ਨੇ 2023 ਦੇ ਅੰਤ ਵਿਚ ਭਾਰਤ ਸਰਕਾਰ ਤੋਂ ਸਮਰਥਨ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਵੀ ਗੱਲਬਾਤ ਜਾਰੀ ਰਹੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਜਨਵਰੀ 2025 ਵਿਚ ਦੁਬਈ ਵਿਚ ਮੁੱਤਾਕੀ ਨਾਲ ਮੁਲਾਕਾਤ ਕੀਤੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਈ 2025 ਵਿਚ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ, ਜਦੋਂ ਭਾਰਤ ਤੇ ਪਾਕਿਸਤਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਏ ਸਨ। ਕੁਦਰਤੀ ਤੌਰ 'ਤੇ ਸਵਾਲ ਉੱਠਦਾ ਹੈ ਕਿ ਹੁਣ ਗੱਲਬਾਤ ਕਿਉਂ ਅਤੇ ਇੰਨੀ ਜਨਤਕ ਤੌਰ 'ਤੇ ਕਿਉਂ? ਇਸ ਦਾ ਜਵਾਬ ਨਾਟਕੀ ਢੰਗ ਨਾਲ ਬਦਲੇ ਹੋਏ ਖੇਤਰੀ ਦ੍ਰਿਸ਼ ਵਿਚ ਹੈ, ਕਿਉਂਕਿ ਪਾਕਿਸਤਾਨ ਜੋ ਕਦੇ ਤਾਲਿਬਾਨ ਦਾ ਮੁੱਖ ਸਮਰਥਕ ਸੀ, ਹੁਣ ਉਸ ਦਾ ਵਿਰੋਧੀ ਬਣ ਗਿਆ ਹੈ। ਈਰਾਨ ਆਪਣੀਆਂ ਚੁਣੌਤੀਆਂ ਤੇ ਘਟਦੇ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਹੈ। ਰੂਸ ਯੂਕਰੇਨ ਨਾਲ ਆਪਣੀ ਜੰਗ ਵਿਚ ਰੁੱਝਿਆ ਹੋਇਆ ਹੈ। ਅਮਰੀਕਾ ਨੇ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਫਗਾਨਿਸਤਾਨ ਲਈ ਇਕ ਵੱਖਰੀ ਪਹੁੰਚ ਅਪਣਾਈ ਹੋਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਨੇ ਤਾਲਿਬਾਨ ਨਾਲ ਰਸਮੀ ਕੂਟਨੀਤਕ ਸਬੰਧ ਸਥਾਪਤ ਕਰਨ, ਰਾਜਦੂਤਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਅਫਗਾਨਿਸਤਾਨ ਦੇ ਭਵਿੱਖ ਵਿਚ ਆਪਣੇ ਆਪ ਨੂੰ ਇਕ ਮੁੱਖ ਖਿਡਾਰੀ ਵਜੋਂ ਸਥਾਪਿਤ ਕਰਨ ਵੱਲ ਕਦਮ ਚੁੱਕੇ ਹਨ। ਭਾਰਤ ਦਾ ਮੰਨਣਾ ਹੈ ਕਿ ਹੁਣ ਪਿੱਛੇ ਹਟਣ ਨਾਲ ਉਸ ਦੇ ਸੁਰੱਖਿਆ ਹਿੱਤਾਂ ਲਈ ਮਹੱਤਵਪੂਰਨ ਦੇਸ਼ ਵਿਚ ਉਸ ਦਾ ਸਾਲਾਂ ਦਾ ਨਿਵੇਸ਼ ਅਤੇ ਪ੍ਰਭਾਵ ਦੇ ਖ਼ਤਮ ਹੋਣ ਦਾ ਖ਼ਤਰਾ ਹੈ। ਭਾਰਤ ਦਾ ਅਫਗਾਨਿਸਤਾਨ ਨੂੰ ਸਮਰਥਨ ਹਮੇਸ਼ਾ ਅਹਿਮ ਤੇ ਸਪੱਸ਼ਟ ਰਿਹਾ ਹੈ। ਭਾਰਤ ਨੇ 50 ਹਜ਼ਾਰ ਮੀਟ੍ਰਿਕ ਟਨ ਕਣਕ, ਸੈਂਕੜੇ ਟਨ ਦਵਾਈਆਂ ਅਤੇ ਭੂਚਾਲ ਰਾਹਤ ਸਮੱਗਰੀ, ਕੀਟਨਾਸ਼ਕ, 10 ਕਰੋੜ ਤੋਂ ਵੱਧ ਪੋਲੀਓ ਟੀਕੇ ਦੀਆਂ ਖੁਰਾਕਾਂ, ਕੋਵਿਡ ਟੀਕੇ, ਅਤੇ ਨਸ਼ਾ ਛੁਡਾਊ ਪ੍ਰੋਗਰਾਮਾਂ ਲਈ ਕਿੱਟਾਂ ਭੇਜੀਆਂ ਹਨ। ਦੋਹਾਂ ਦੇਸ਼ਾਂ ਵਿਚ ਖੇਡਾਂ ਲਈ ਸਹਿਯੋਗ ਖਾਸ ਕਰਕੇ ਕ੍ਰਿਕਟ ਲਈ ਬਹੁਤ ਜ਼ਿਆਦਾ ਹੈ। ਦੋਵੇਂ ਦੇਸ਼ਾਂ ਨੇ ਵਪਾਰ ਨੂੰ ਸੁਚਾਰੂ ਬਣਾਉਣ ਅਤੇ ਮਾਨਵਤਾਵਾਦੀ ਸਹਾਇਤਾ ਲਈ ਈਰਾਨ ਦੇ ਚਾਬਹਾਰ ਬੰਦਰਗਾਹ ਦੀ ਵਰਤੋਂ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ, ਭਾਰਤ ਨੇ ਸਾਰੇ 34 ਅਫ਼ਗਾਨ ਸੂਬਿਆਂ ਵਿਚ ਵਿਕਾਸ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਲਈ ਹਾਮੀ ਭਰੀ ਹੈ।
ਤਾਲਿਬਾਨ ਨੇ ਭਾਰਤ ਨੂੰ ਅਫ਼ਗਾਨ ਕਾਰੋਬਾਰੀਆਂ, ਮਰੀਜ਼ਾਂ ਤੇ ਵਿਦਿਆਰਥੀਆਂ ਲਈ ਵੀਜ਼ੇ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਭਾਰਤ ਦੀ ਰਸਮੀ ਮਾਨਤਾ ਦੀ ਘਾਟ, ਅਫਗਾਨਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਲਈ ਸੁਰੱਖਿਆ ਚਿੰਤਾਵਾਂ ਅਤੇ ਉਸ ਦੇ ਕਾਬੁਲ ਦੂਤਾਵਾਸ ਵਿਚ ਵੀਜ਼ਾ ਕਾਰਜਾਂ ਦੀ ਅਣਹੋਂਦ ਨੂੰ ਦੇਖਦਿਆਂ ਅਜਿਹੇ ਵਿਹਾਰਕ ਮਾਮਲਿਆਂ 'ਤੇ ਚਰਚਾ ਹੋਣੀ ਦਰਸਾਉਂਦੀ ਹੈ ਕਿ ਇਹ ਰਿਸ਼ਤਾ ਪਿਛਲੇ ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਕਿੰਨੇ ਵੱਖਰੇ ਢੰਗ ਨਾਲ ਵਿਕਸਤ ਹੋਇਆ ਹੈ। ਭਾਰਤ ਹੁਣ ਵਿਵਹਾਰਕ ਸ਼ਮੂਲੀਅਤ ਅਤੇ ਤਾਲਿਬਾਨ ਦੁਆਰਾ ਔਰਤਾਂ ਤੇ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਵਿਵਹਾਰ ਦੇ ਸਿਧਾਂਤਕ ਵਿਰੋਧ ਦੇ ਵਿਚਕਾਰ ਇਕ ਮੁਸ਼ਕਿਲ ਰਸਤੇ 'ਤੇ ਚੱਲ ਰਿਹਾ ਹੈ। ਵਿਸ਼ਵਵਿਆਪੀ ਸੰਦਰਭ ਨੇ ਦਿੱਲੀ ਨੂੰ ਮਜਬੂਰ ਕੀਤਾ ਹੈ, ਪਰ ਅੱਗੇ ਦਾ ਰਸਤਾ ਜੋਖ਼ਮ ਭਰਿਆ ਹੈ। ਹਰ ਮੀਟਿੰਗ 'ਚ ਮਾਨਵਤਾਵਾਦੀ ਸਰੋਕਾਰਾਂ ਅਤੇ ਤਾਲਿਬਾਨ ਸ਼ਾਸਨ ਦੇ ਨਿਰੰਤਰ ਜ਼ੁਲਮ ਦੇ ਪਿਛੋਕੜ ਦੀ ਚਰਚਾ ਹੋਣੀ ਚਾਹੀਦੀ ਹੈ। ਕੀ ਭਾਰਤ ਆਪਣੇ ਨੈਤਿਕ ਮੁੱਲਾਂ ਨੂੰ ਕੁਰਬਾਨ ਕੀਤੇ ਬਗੈਰ ਆਪਣੇ ਰਣਨੀਤਕ ਹਿੱਤਾਂ ਨੂੰ ਅੱਗੇ ਵਧਾਉਂਦਿਆਂ ਇਸ ਨਾਜ਼ੁਕ ਸੰਤੁਲਨ ਨੂੰ ਕਿਸ ਹੱਦ ਤੱਕ ਬਣਾ ਕੇ ਰੱਖ ਸਕਦਾ ਹੈ, ਇਹ ਸਿਰਫ਼ ਅਫਗਾਨਿਸਤਾਨ ਨਾਲ ਉਸ ਦੇ ਸੰਬੰਧਾਂ ਨੂੰ ਹੀ ਨਹੀਂ, ਸਗੋਂ ਤੇਜ਼ੀ ਨਾਲ ਬਦਲ ਰਹੇ ਖੇਤਰ ਵਿਚ ਉਸ ਦੀ ਵਿਆਪਕ ਭੂਮਿਕਾ ਨੂੰ ਵੀ ਪਰਿਭਾਸ਼ਿਤ ਕਰੇਗਾ। ਭਾਰਤ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਨੂੰ, ਮਾਨਵਵਾਦੀ ਸਰੋਕਾਰਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। (ਸੰਵਾਦ)

ਪਿਛਲੀ ਖ਼ਬਰ 17-10-25 ਅਗਲੀ ਖ਼ਬਰ ਜੁਰਮਾਂ ਤੇ ਮਨੁੱਖੀ ਹੱਕਾਂ ਦੇ ਘਾਣ ਦੀ ਜੜ੍ਹ ਹੈ ਗ਼ਰੀਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।