ਧਰਮਿੰਦਰ ਸਿੰਘ ਦਿਓਲ, ਸੁਪਰ ਸਟਾਰ ਧਰਮਿੰਦਰ, ਹੀ-ਮੈਨ ਧਰਮਿੰਦਰ, ਪਦਮ ਭੂਸ਼ਣ ਧਰਮਿੰਦਰ, ਧਰਮ ਗਰਮ, ਪੰਜਾਬ ਦਾ ਸ਼ੇਰ ਪੁੱਤਰ ਦੁਨੀਆ ਦੇ ਸਭ ਤੋਂ ਵੱਧ ਦਸ ਖੂਬਸੂਰਤ ਵਿਅਕਤੀਆਂ ਵਿਚੋਂ ਇਕ ਧਰਮਿੰਦਰ... ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਲੋਕੀਂ ਉਨ੍ਹਾਂ ਨੂੰ ਬੁਲਾਉਂਦੇ ਹਨ ਪਰ ਸਭ ਤੋਂ ਵੱਧ ਉਹ 'ਧਰਮ ਭਾਅ' ਜੀ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਹਨ। ਅਸੀਂ ਸਕੂਲ/ਕਾਲਜ ਵਿਚ ਪੜ੍ਹਦਿਆਂ ਉਨ੍ਹਾਂ ਦੀਆਂ ਫ਼ਿਲਮਾਂ ਵੇਖਿਆ ਕਰਦੇ ਸਾਂ। ਫੇਰ ਸਾਡੇ ਬੱਚੇ ਤੇ ਉਸ ਮਗਰੋਂ ਉਨ੍ਹਾਂ ਦੇ ਬੱਚੇ ਧਰਮ ਜੀ ਦੇ ਫੈਨ ਹਨ। ਇਹ ਸਿਰਫ ਮੇਰੇ ਪਰਿਵਾਰ ਦੀ ਹੀ ਗੱਲ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਰਹਿਣ ਵਾਲੇ ਅਣਗਿਣਤ ਪਰਿਵਾਰਾਂ ਦੀ ਗੱਲ ਹੈ ਜਿਨ੍ਹਾਂ ਦੀਆਂ ਤਿੰਨ-ਤਿੰਨ, ਚਾਰ-ਚਾਰ ਪੀੜ੍ਹੀਆਂ ਧਰਮਿੰਦਰ ਦੀ ਖੂਬਸੂਰਤੀ ਅਤੇ ਮਿਲਣਸਾਰ ਸੁਭਾਅ ਦੀਆਂ ਦੀਵਾਨੀਆਂ ਹਨ। ਹਰ ਵਾਰ ਧਰਮ ਭਾਅ ਜੀ ਨੂੰ ਮਿਲਣਾ ਤੁਹਾਡੀ ਸੋਚ ਵਿਚ ਇਕ ਨਵਾਂ ਜੋਸ਼ ਭਰ ਦਿੰਦਾ ਸੀ। ਧਰਮ ਭਾਅ ਜੀ ਦੀ ਅੰਤਾਂ ਦੀ ਹਲੀਮੀ ਵੇਖ ਕੇ ਕਈ ਵਾਰੀ ਇਹ ਯਕੀਨ ਕਰਨਾ ਔਖਾ ਲਗਦਾ ਸੀ ਕਿ ਕੀ ਅਸੀਂ ਫ਼ਿਲਮੀ ਜਗਤ ਦੇ ਅਸਮਾਨ 'ਤੇ ਚਮਕ ਰਹੇ ਸੂਰਜ ਨਾਲ ਗੱਲ ਕਰ ਰਹੇ ਹਾਂ। ਇਕ ਦੋ ਵਾਰੀ ਤਾਂ ਬੰਦਾ ਜ਼ਰੂਰ ਆਪਣੇ ਚੂੰਢੀ ਵੱਢ ਕੇ ਵੇਖਦੇ ਕਿ ਕੀ ਸੱਚਮੁੱਚ ਹੀ ਧਰਮਿੰਦਰ ਨੂੰ ਲਾਗੇ ਬੈਠ ਕੇ ਵੇਖ ਰਿਹਾ ਹਾਂ।
ਘਰ ਆਏ ਬੰਦੇ ਨੂੰ ਉਹ ਲੋੜੋਂ ਵੱਧ ਪਿਆਰ ਅਤੇ ਸਤਿਕਾਰ ਦਿੰਦੇ ਹਨ। ਇਕ ਵਾਰੀ ਮੇਲ ਹੋਣ 'ਤੇ ਮੈਂ ਸਤਿਕਾਰ ਵਜੋਂ ਉਨ੍ਹਾਂ ਦੇ ਪੈਰ ਛੂਹਣ ਲੱਗਿਆ ਤਾਂ ਉਨ੍ਹਾਂ ਝੱਟ ਦੇ ਕੇ ਮੈਨੂੰ ਬਾਹਾਂ ਤੋਂ ਫੜ ਕੇ ਗਲੇ ਨਾਲ ਲਾ ਲਿਆ, 'ਇਹ ਕੀ ਕਰਦੇ ਓਂ, ਮੇਰੇ ਗਲੇ ਮਿਲੋ' ਤੇ ਕਹਿਣ ਲੱਗੇ, 'ਆਈ ਐਕਸਟਰੈਕਟ ਲਵ ਫਰੋਮ ਐਵਰੀ ਬਾਡੀ' (ਮੈਂ ਹਰ ਕਿਸੇ ਤੋਂ ਪਿਆਰ ਲੈਣ ਦੀ ਕੋਸ਼ਿਸ਼ ਕਰਦਾਂ) ਤੇ ਸ਼ਾਇਦ ਇਸੇ ਲਈ ਸਾਰੇ ਉਸ ਨੂੰ ਪਿਆਰ ਕਰਦੇ ਸਨ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲੇ ਧਰਮ ਭਾਅ ਜੀ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ ਪਰ ਕਿਸੇ ਵੀ ਪੰਜਾਬੀ ਫ਼ਿਲਮ ਵਿਚ ਕੰਮ ਕਰਨ ਦਾ ਕੋਈ ਪੈਸਾ ਨਹੀਂ ਲਿਆ। ਹਮੇਸ਼ਾ ਮੁਫ਼ਤ ਕੰਮ ਕੀਤਾ। ਘਰ ਵਿਚ ਵੀ ਸਾਰਾ ਪਰਿਵਾਰ ਅੱਜ ਵੀ ਠੇਠ ਪੰਜਾਬੀ ਵਿਚ ਗੱਲ ਕਰਦਾ ਹੈ। ਧਰਮ ਭਾਅ ਜੀ ਦੀ ਮਹਿਮਾਨ ਨਿਵਾਜ਼ੀ ਤਾਂ ਜਗਤ ਪ੍ਰਸਿੱਧ ਰਹੀ। ਉਨ੍ਹਾਂ ਦੇ ਘਰੋਂ ਕੋਈ ਕੁਝ ਖਾਧੇ ਪੀਤੇ ਬਿਨਾਂ ਨਹੀਂ ਜਾ ਸਕਦਾ। ਲੱਸੀ ਦੇ ਸ਼ੌਕੀਨ ਧਰਮ ਭਾਅ ਜੀ ਦੇ ਬੰਗਲੇ ਵਿਚ ਲੱਸੀ ਦੇ ਗਿਲਾਸ ਦਾ ਸਾਈਜ਼ ਵੀ ਉਨ੍ਹਾਂ ਦੀ ਮਹਾਨਤਾ ਵਰਗਾ ਵੱਡਾ ਹੁੰਦਾ। ਮੈਨੂੰ ਤਾਂ ਇਕ ਵਾਰੀ ਉਹ ਲੱਸੀ ਦਾ ਗਿਲਾਸ ਪੂਰਾ ਪੀਣਾ ਹੀ ਔਖਾ ਲੱਗਿਆ ਸੀ। ਸਿਹਤ ਪ੍ਰਤੀ ਧਰਮ ਭਾਅ ਜੀ ਬਹੁਤ ਸੁਚੇਤ ਸਨ। ਕਦੇ ਸਾਹਨੇਵਾਲ 'ਚ ਡੰਬਲ ਅਤੇ ਡੰਡ ਬੈਠਕਾਂ ਨਾਲ ਫੌਲਾਦੀ ਜਿਸਮ ਬਣਾਉਣ ਵਾਲੇ ਧਰਮ ਭਾਅ ਜੀ ਨਿਯਮਤ ਤੌਰ 'ਤੇ ਯੋਗ ਕਰਦੇ ਸਨ। ਉਨ੍ਹਾਂ ਦੇ ਚਿਹਰੇ ਦਾ ਨੂਰ ਅਤੇ ਗੁੰਦਵਾਂ ਸਰੀਰ ਵੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਉਮਰ ਦੇ ਅੱਠ ਦਹਾਕੇ ਕਦੋਂ ਦੇ ਪਿੱਛੇ ਛੱਡ ਆਏ। ਇਕ ਵਾਰੀ ਮੈਂ ਉਨ੍ਹਾਂ ਦੇ ਬੰਗਲੇ ਵਿਚ ਮਿਲਣ ਗਿਆ ਸੀ। ਉਦੋਂ ਮੈਂ ਥੋੜ੍ਹਾ ਮੋਟਾ ਹੁੰਦਾ ਸੀ। ਭਾਅ ਜੀ ਕਹਿਣ ਲੱਗੇ, 'ਸ਼ੁਕਲਾ ਸਾਹਬ ਸਿਹਤ ਦਾ ਧਿਆਨ ਰੱਖੋ, ਯੋਗ ਕਰਿਆ ਕਰੋ।'
'ਮੈਂ ਕਰਦਾਂ ਭਾਅ ਜੀ' ਮੇਰੇ ਇੰਜ ਕਹਿਣ 'ਤੇ ਉਨ੍ਹਾਂ ਹੱਸ ਕੇ ਆਖਿਆ, 'ਜੇ ਯੋਗ ਕਰਦਾ ਹੁੰਦਾ ਤਾਂ ਇਹ ਗੋਗੜ ਨਹੀਂ ਨਿਕਲਣੀ ਸੀ।'
ਫ਼ਿਲਮਾਂ ਵਿਚ ਆਪਣੀ ਦਹਾੜ ਨਾਲ ਗੁੰਡਿਆਂ ਦੇ ਛੱਕੇ ਛੁਡਾਉਣ ਵਾਲੇ ਧਰਮ ਭਾਅ ਜੀ ਅਸਲ ਜ਼ਿੰਦਗੀ ਵਿਚ ਬਹੁਤ ਹੀ ਨਰਮ ਦਿਲ ਅਤੇ ਭਾਵੁਕ ਸੁਭਾਅ ਦੇ ਸਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਮ ਭਾਅ ਜੀ ਉੱਚ ਕੋਟੀ ਦੇ ਸ਼ਾਇਰ ਵੀ ਹਨ। ਉਨ੍ਹਾਂ ਦਾ ਕਲਾਮ ਸੁਣ ਕੇ ਇਕ ਵਾਰੀ ਤਾਂ ਬੰਦਾ ਕੀਲਿਆ ਜਾਂਦਾ ਸੀ। ਮੇਰੀ ਖੁਸ਼ਕਿਸਮਤੀ ਰਹੀ ਕਿ ਮੈਨੂੰ ਉਨ੍ਹਾਂ ਕੋਲੋਂ ਉਨ੍ਹਾਂ ਦਾ ਕਲਾਮ ਸੁਣਨ ਦਾ ਸ਼ੁੱਭ ਮੌਕਾ ਵੀ ਮਿਲ ਮਿਲਿਆ।
ਭਾਅ ਜੀ ਬਹੁਤ ਹੀ ਡਾਊਨ ਟੂ ਅਰਥ ਸਨ। ਉਨ੍ਹਾਂ ਨੂੰ ਪਦਮ ਭੂਸ਼ਣ ਮਿਲਣ 'ਤੇ ਮੈਂ ਵਧਾਈ ਦਿੱਤੀ ਤਾਂ ਉਨ੍ਹਾਂ ਝੱਟ ਦੇ ਕੇ ਕਿਹਾ ਸੀ, 'ਇਹ ਸਿਰਫ਼ ਮੇਰੇ ਕੱਲੇ ਦਾ ਨਹੀਂ, ਤੁਹਾਡੇ ਸਾਰਿਆਂ ਦਾ ਸਨਮਾਨ ਏ।' ਰਿਟਾਇਰਮੈਂਟ ਤੋਂ ਬਾਅਦ ਧਰਮ ਭਾਅ ਜੀ ਆਪਣੇ ਫਾਰਮ 'ਤੇ ਖੇਤੀ ਕਰਨ ਵਿਚ ਵੀ ਰੁੱਝੇ ਰਹਿੰਦੇ ਸਨ। ਸਹੀ ਮਾਅਨਿਆਂ ਵਿਚ ਅਸਲੀ ਜੱਟ ਪੰਜਾਬੀ। ਜਦੋਂ ਧਰਮਿੰਦਰ ਜੀ ਦਾ 8 ਦਸੰਬਰ ਨੂੰ ਜਨਮ ਦਿਨ ਹੁੰਦਾ ਹੈ ਤਾਂ ਸਾਰੇ ਦਿਲੀ ਮੁਬਾਰਕਬਾਦ ਅਤੇ ਸ਼ੁੱਭ ਕਾਮਨਾਵਾਂ ਦਿੰਦੇ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਸੀ। *
ਇਕ ਯਾਦ ਧਰਮਿੰਦਰ ਨਹੀਂ ਕਿਸੇ ਬਣ ਜਾਣਾ
ਅਜੀਤ ਡੈਸਕ
26-11-2025