ਐਡੀਲੇਡ, 16 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ 'ਐਡੀਲੇਡ ਕਨਵੈਂਸ਼ਨ ਸੈਂਟਰ' 'ਚ ਦੀਵਾਲੀ ਦਾ ਤਿਉਹਾਰ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਮਾਣਯੋਗ ਪੀਟਰ ਮਲੀਨੌਸਕਸ ਜੋ ਭਾਰਤੀ ਪਹਿਰਾਵੇ ਨੂੰ ਦਰਸਾਉਂਦੇ ਹੋਏ ਜੈਕੇਟ ਪਹਿਨ ਕੇ ਦੀਵਾਲੀ ਮੇਲੇ 'ਚ ਪਹੁੰਚੇ | ਮਾਣਯੋਗ ਜ਼ੋਏ ਬੈਟੀਸਨ ਐਮ-ਪੀ ਮਨਿਸਟਰ ਫੋਰ ਮਲਟੀਕਲਚਰਲ ਅਫੇਅਰਜ਼ ਆਫ ਸਾਊਥ ਆਸਟ੍ਰੇਲੀਆ, ਕੌਂਸਲ ਜਨਰਲ ਆਫ਼ ਇੰਡੀਆ (ਸਿਡਨੀ) ਐੱਸ-ਜਾਨਕੀ ਰਮਣ, ਲੁਈਸਾ ਗ੍ਰੈਕੋ ਚੇਅਰ, ਅਮਰਜੀਤ ਸਿੰਘ ਗਰੇਵਾਲ ਡਿਪੁਟੀ ਚੇਅਰ ਸਾਊਥ ਆਸਟ੍ਰੇਲੀਆ ਮਲਟੀਕਲਚਰਲ ਕਮਿਸ਼ਨ ਤੇ ਆਈਸਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਸਮਾਗਮ 'ਚ ਸ਼ਿਰਕਤ ਕੀਤੀ ਤੇ ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਨੇ ਦੀਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਸਭਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ | ਜੋਈ ਬੈਟਿਸਨ ਨੇ ਬੱਚਿਆਂ ਨਾਲ ਗੱਲਬਾਤ ਦੌਰਾਨ ਦਿਵਾਲੀ ਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਨੇ ਪੁੱਛਿਆ ਕਿ ਦੀਵਾਲੀ ਦਾ ਤਿਉਹਾਰ ਵੱਖ-ਵੱਖ ਥਾਵਾਂ 'ਤੇ ਕਿਵੇਂ ਮਨਾਇਆ ਜਾਂਦਾ ਹੈ | ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ਾਂ ਤੇ ਪਰਿਵਾਰਾਂ 'ਚ ਦੀਵਾਲੀ ਰੋਸ਼ਨੀ, ਮਿਠਾਈਆਂ, ਪਟਾਖਿਆਂ ਅਤੇ ਸਾਂਝੀ ਖੁਸ਼ੀ ਨਾਲ ਮਨਾਈ ਜਾਂਦੀ ਹੈ | ਦੀਵਾਲੀ ਇਕ ਐਸਾ ਤਿਉਹਾਰ ਹੈ ਜੋ ਨਾ ਸਿਰਫ ਭਾਰਤ 'ਚ, ਸਗੋਂ ਵਿਸ਼ਵ ਭਰ 'ਚ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਹ ਤਿਉਹਾਰ ਪਰਿਵਾਰਕ ਮਿਲਣ, ਸਾਂਝੇ ਸਮਾਗਮਾਂ ਤੇ ਆਤਮਿਕ ਸ਼ੁੱਧਤਾ ਦਾ ਪ੍ਰਤੀਕ ਹੈ | ਇਸ ਸਮਾਗਮ ਰਾਹੀਂ ਆਸਟਰੇਲੀਆ ਦੀ ਸਰਕਾਰ ਨੇ ਆਪਣੀ ਬਹਿਰੁਪਤਾ ਅਤੇ ਸਭਿਆਚਾਰਕ ਸਮਰਥਨ ਨੀਤੀ ਨੂੰ ਇਕ ਵਾਰ ਫਿਰ ਦਰਸਾਇਆ | ਐਸੇ ਸਮਾਗਮ ਨਾ ਸਿਰਫ ਸਮਾਜ 'ਚ ਏਕਤਾ ਤੇ ਭਾਈਚਾਰੇ ਨੂੰ ਵਧਾਉਂਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਆਦਰਸ਼ਾਂ ਤੇ ਪਰੰਪਰਾਵਾਂ ਨਾਲ ਜੋੜਦੇ ਹਨ |